ਬਦਲਦੇ ਮੌਸਮ 'ਚ ਜੇਕਰ ਤੁਹਾਨੂੰ ਹੁੰਦੈ ਬੁਖ਼ਾਰ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਾਇਰਲ ਬੁਖ਼ਾਰ ਵਿਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

photo

 

ਮੁਹਾਲੀ: ਵਾਇਰਲ ਬੁਖ਼ਾਰ ਵਿਚ ਗਲਾ ਦਰਦ, ਖੰਘ, ਜ਼ੁਕਾਮ ਅਤੇ ਸਰੀਰ ਵਿਚ ਦਰਦ ਰਹਿੰਦਾ ਹੈ। ਵਾਇਰਲ ਬੁਖ਼ਾਰ ਹੋਣ ’ਤੇ ਨਾ ਕੁੱਝ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਕੁੱਝ ਪੀਣ ਨੂੰ। ਜੇਕਰ ਅਸੀਂ ਕੁੱਝ ਖਾਵਾਂ ਪੀਵਾਂਗੇ ਨਹੀਂ ਤਾਂ ਜਲਦੀ ਠੀਕ ਕਿਸ ਤਰ੍ਹਾਂ ਹੋਵਾਂਗੇ? ਇਸ ਲਈ ਕੁੱਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਵਰਤੋਂ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ।

ਵਾਇਰਲ ਬੁਖ਼ਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ਼ ਬੁਖ਼ਾਰ ਹੁੰਦਾ ਹੈ ਅਤੇ ਕਦੇ ਸਰੀਰ ਠੰਢਾ ਪੈ ਜਾਂਦਾ ਹੈ। ਅੱਖਾਂ ਵਿਚ ਜਲਨ, ਸਿਰਦਰਦ, ਸਰੀਰ ਵਿਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ ਵਿਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਕੁੱਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ, ਜੋ ਗ਼ਲਤ ਹੈ। ਵਾਇਰਲ ਬੁਖ਼ਾਰ ਵਿਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ ਨਾਲ ਤੁਸੀਂ ਟਮਾਟਰ, ਆਲੂ, ਗਾਜਰ ਜਿਹੀਆਂ ਚੀਜ਼ਾਂ ਵੀ ਖਾ ਸਕਦੇ ਹੋ। ਜੇ ਤੁਹਾਡਾ ਕੁੱਝ ਖਾਣ ਦਾ ਮਨ ਨਹੀਂ, ਤਾਂ ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਉ। ਇਹ ਤੁਹਾਨੂੰ ਤੰਦਰੁਸਤ ਰੱਖਣ ਵਿਚ ਮਦਦ ਕਰੇਗਾ।

ਸੰਤਰੇ ਦਾ ਜੂਸ ਬੁਖ਼ਾਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਸੰਤਰੇ ਦਾ ਜੂਸ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਜਿਸ ਨਾਲ ਬਹੁਤ ਜਲਦ ਵਾਇਰਲ ਬੁਖ਼ਾਰ ਠੀਕ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ, ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀਉ । ਬੁਖ਼ਾਰ ਵਿਚ ਅਦਰਕ ਦੀ ਚਾਹ ਸਰੀਰ ਨੂੰ ਕਾਫ਼ੀ ਰਾਹਤ ਦੇਣ ਦਾ ਕੰਮ ਕਰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਜਲਦੀ ਵਾਇਰਲ ਬੁਖ਼ਾਰ ਠੀਕ ਹੁੰਦਾ ਹੈ ਕਿਉਂਕਿ ਚਾਹ ਵਿਚ ਮਿਲਣ ਵਾਲੇ ਕੋਲ ਸਰੀਰ ਦੇ ਤਾਪਮਾਨ ਨੂੰ ਕਾਬੂ ’ਚ ਰਖਦੇ ਹਨ।