36% ਕਿਸਾਨਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਹਾਈ ਬਲੱਡ ਪ੍ਰੈੱਸ਼ਰ ਤੋਂ ਪੀੜਤ ਹਨ
ਕਿਸਾਨ ਮੇਲੇ ਵਿਚ 1500 ਕਿਸਾਨਾਂ ਦੀ ਜਾਂਚ ’ਚ 539 ਨੂੰ ਹਾਈ ਬਲੱਡ ਪ੍ਰੈੱਸ਼ਰ ਤੇ 73 ਨੂੰ ਸ਼ੂਗਰ
36% of farmers discovered for the first time that they were suffering from high blood pressure News in Punjabi : ਲੁਧਿਆਣਾ: ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਕਿਸਾਨ ਮੇਲੇ ਵਿਚ ਲਗਾਏ ਗਏ ਮੈਡੀਕਲ ਕੈਂਪ ਵਿਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸੂਬੇ ਦੇ ਮਿਹਨਤੀ ਕਿਸਾਨ ਵੀ ਹਾਈ ਬਲੱਡ ਪ੍ਰੈੱਸ਼ਰ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਈ ਬੀਪੀ ਦੀ ਸਮੱਸਿਆ ਹੋਣ ਦੇ ਬਾਵਜੂਦ, ਕਿਸਾਨ ਇਸ ਤੋਂ ਅਣਜਾਣ ਹਨ।
ਪੀਏਯੂ ਦੇ ਸਹਿਯੋਗ ਨਾਲ ਕਰਵਾਏ ਗਏ ਕਿਸਾਨ ਮੇਲੇ ਵਿਚ 'ਮਿਸ਼ਨ ਸਵੱਸਥ ਕਵਚ' ਤਹਿਤ ਲਗਾਏ ਗਏ ਦੋ ਰੋਜ਼ਾ ਸਿਹਤ ਜਾਂਚ ਕੈਂਪ ਵਿਚ, ਡੀਐਮਸੀਐਚ ਟੀਮ ਨੇ 1,500 ਕਿਸਾਨਾਂ ਦੀ ਹਾਈ ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦੀ ਜਾਂਚ ਕੀਤੀ। ਜਾਂਚ ਵਿਚ, 36 ਪ੍ਰਤੀਸ਼ਤ ਯਾਨੀ 539 ਕਿਸਾਨਾਂ ਵਿਚ ਹਾਈ ਬਲੱਡ ਪ੍ਰੈੱਸ਼ਰ ਪਾਇਆ ਗਿਆ। ਇਨ੍ਹਾਂ ਸਾਰੇ ਕਿਸਾਨਾਂ ਨੂੰ ਜਾਂਚ ਦੌਰਾਨ ਪਹਿਲੀ ਵਾਰ ਪਤਾ ਲੱਗਾ ਕਿ ਉਹ ਹਾਈ ਬਲੱਡ ਪ੍ਰੈੱਸ਼ਰ ਤੋਂ ਪੀੜਤ ਸਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਪਣਾ ਬਲੱਡ ਪ੍ਰੈੱਸ਼ਰ ਨਹੀਂ ਚੈੱਕ ਕਰਵਾਇਆ ਸੀ। 1500 ਕਿਸਾਨਾਂ ਵਿਚੋਂ 73 ਕਿਸਾਨ ਯਾਨੀ ਲਗਭਗ 5 ਪ੍ਰਤੀਸ਼ਤ ਸ਼ੂਗਰ ਤੋਂ ਪੀੜਤ ਪਾਏ ਗਏ। ਇਨ੍ਹਾਂ ਵਿਚੋਂ 21 ਨੂੰ ਸ਼ੂਗਰ ਨੂੰ ਕੰਟਰੋਲ ਕਰਨ ਲਈ ਦਵਾਈ ਦਿਤੀ ਗਈ। ਮਿਸ਼ਨ ਸਵੱਸਥ ਕਵਚ ਪ੍ਰਾਜੈਕਟ ਡਾਇਰੈਕਟਰ ਡਾ. ਬਿਸ਼ਨ ਮੋਹਨ ਨੇ ਕਿਹਾ ਕਿ ਚੈੱਕਅਪ ਕੈਂਪ ਦਾ ਉਦੇਸ਼ ਪੇਂਡੂ ਆਬਾਦੀ ਨੂੰ ਸਿਹਤ ਜਾਂਚ, ਸਲਾਹ ਅਤੇ ਇਲਾਜ ਸੇਵਾਵਾਂ ਪ੍ਰਦਾਨ ਕਰ ਕੇ ਹਾਈਪਰਟੈਨਸ਼ਨ, ਸ਼ੂਗਰ ਅਤੇ ਕਾਰਡੀਓਪਲਮੋਨਰੀ ਰੀਸਸੀਟੇਸ਼ਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।