ਭਾਰਤੀ ਔਰਤਾਂ ਵਿਚ ਵਿਸ਼ੇਸ਼ ਤੌਰ ’ਤੇ ਹੁੰਦੀ ਹੈ ਕੈਲਸ਼ੀਅਮ ਦੀ ਕਮੀ
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ।
ਮੁਹਾਲੀ: ਖਾਣ ਪੀਣ ਦੀਆਂ ਆਦਤਾਂ ਬਦਲਣ ਕਾਰਨ ਅਕਸਰ ਔਰਤਾਂ ਨੂੰ ਕਈ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਜਿਨ੍ਹਾਂ ਵਿਚੋਂ ਕੈਲਸ਼ੀਅਮ ਦੀ ਕਮੀ ਵੀ ਇਕ ਹੈ। ਭਾਰਤੀ ਔਰਤਾਂ ਵਿਚ ਵਿਸ਼ੇਸ਼ ਤੌਰ ’ਤੇ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਹੱਡੀਆਂ, ਕਮਜ਼ੋਰ ਦੰਦ, ਜੋੜਾਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਨਾਲ ਹੀ ਪੀਰੀਅਡਜ਼, ਗਰਭ ਅਵਸਥਾ ਦੌਰਾਨ ਸਰੀਰ ਵਿਚ ਕੈਲਸ਼ੀਅਮ ਦੀ ਖਪਤ ਵੱਧ ਜਾਂਦੀ ਹੈ, ਇਸ ਲਈ ਔਰਤਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਜ਼ਿਆਦਾਤਰ ਭਾਰਤੀ ਔਰਤਾਂ ਇਸ ਨੂੰ ਲੈ ਕੇ ਲਾਪ੍ਰਵਾਹ ਰਹਿੰਦੀਆਂ ਹਨ ਜੋ ਬਹੁਤ ਸਾਰੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਨੂੰ ਸੱਦਾ ਦਿੰਦੀਆਂ ਹਨ।
ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਜ਼ਿਆਦਾ ਕੈਲਸ਼ੀਅਮ ਲੈਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਭਾਰਤੀ ਲੋਕ ਹਰ ਰੋਜ਼ 400 ਗ੍ਰਾਮ ਤੋਂ ਵੀ ਘੱਟ ਕੈਲਸ਼ੀਅਮ ਲੈਂਦੇ ਹਨ ਜਦੋਂ ਕਿ ਸਰੀਰ ਨੂੰ 1200-1500 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪਰ ਅੱਜਕਲ 14 ਤੋਂ 17 ਸਾਲ ਦੀ ਉਮਰ ਵਿਚ ਹੀ 20 ਫ਼ੀ ਸਦੀ ਕੁੜੀਆਂ ਕੈਲਸ਼ੀਅਮ ਦੀ ਕਮੀ ਨਾਲ ਜੂਝ ਰਹੀਆਂ ਹਨ। ਜਦੋਂ ਕਿ ਉਸ ਤੋਂ ਜ਼ਿਆਦਾ ਉਮਰ ਵਾਲੀਆਂ ਔਰਤਾਂ ਵਿਚ 40-60 ਫ਼ੀ ਸਦੀ ਕੈਲਸ਼ੀਅਮ ਦੀ ਕਮੀ ਦੇਖਣ ਨੂੰ ਮਿਲਦੀ ਹੈ।
ਕਿਹੜੀਆਂ ਔਰਤਾਂ ਨੂੰ ਹੁੰਦੀ ਹੈ ਜ਼ਿਆਦਾ ਸਮੱਸਿਆ
ਪੀਰੀਅਡਜ਼, ਗਰਭ ਅਵਸਥਾ ਦੌਰਾਨ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ।
ਕੈਲਸ਼ੀਅਮ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾਵੇ
ਕੈਲਸ਼ੀਅਮ ਲਈ ਮਾਰਕੀਟ ਵਿਚ ਬਹੁਤ ਸਾਰੇ ਸਪਲੀਮੈਂਟਸ ਮਿਲ ਜਾਂਦੇ ਹਨ ਪਰ ਹੈਲਥੀ ਡਾਈਟ ਸੱਭ ਤੋਂ ਵਧੀਆ ਆਪਸ਼ਨ ਹੈ। ਇਸ ਲਈ ਤੁਸੀਂ ਦੁੱਧ, ਦਹੀਂ, ਹਰੀਆਂ ਸਬਜੀਆਂ ਜਿਵੇਂ ਪਾਲਕ, ਬੀਨਜ, ਪੁਦੀਨਾ ਅਤੇ ਬ੍ਰੋਕਲੀ, ਦਾਲਾਂ, ਸੁੱਕੇ ਮੇਵੇ, ਬਦਾਮ, ਸੌਗੀ, ਸੁੱਕੀ ਖੁਰਮਾਨੀ, ਖਜੂਰ ਆਦਿ ਖਾਉ।
ਇਸ ਤੋਂ ਇਲਾਵਾ ਫਲਾਂ ਵਿਚ ਸੰਤਰੇ, ਕਿਨੂੰ, ਬੇਰੀਜ਼, ਬਲੈਕਬੇਰੀ, ਸਟ੍ਰਾਬੇਰੀ, ਬੀਜ, ਫ਼ਲੈਕਸਸੀਡ, ਤਿਲ, ਕੋਨੋਆ ਖਾ ਸਕਦੇ ਹਨ। ਜੇ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਆਂਡਾ, ਮੀਟ ਖਾ ਕੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਧੂਪ ਲੈਣਾ ਵੀ ਨਾ ਭੁੱਲੋ ਕਿਉਂਕਿ ਵਿਟਾਮਿਨ ਡੀ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਦਾ ਹੈ। ਇਸ ਲਈ ਸਵੇਰ ਦੀ ਹਲਕੀ ਧੁੱਪ 5 ਤੋਂ 20 ਮਿੰਟ ਲਈ ਸੇਕੋ।