ਹੈੱਡਫ਼ੋਨ ਦਾ ਲੰਮੇ ਸਮੇਂ ਤੱਕ ਇਸਤੇਮਾਲ ਕਰਨਾ ਕੰਨਾਂ ਲਈ ਹੈ ਨੁਕਸਾਨਦਾਇਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਲਗਾਤਾਰ ਕਈ-ਕਈ ਘੰਟਿਆਂ ਤਕ ਇਸਤੇਮਾਲ ਕਰਨ ਨਾਲ ਸੁਣਨ ਦੀ ਸਮਰੱਥਾ ਵੀ ਕਮਜ਼ੋਰ ਪੈ ਰਹੀ ਹੈ।

headphones

ਹੈੱਡਫ਼ੋਨ ਦਾ ਇਸਤੇਮਾਲ ਅੱਜ ਪਹਿਲੀ ਵਾਰ ਨਹੀਂ ਹੋ ਰਿਹਾ। ਵਾਕਮੈਨ ਦੇ ਜ਼ਮਾਨੇ ਤੋਂ ਹੈੱਡਫ਼ੋਨ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਹਾਲਾਂਕਿ ਹਮੇਸ਼ਾ ਹਦਾਇਤ ਦਿਤੀ ਗਈ ਹੈ ਕਿ ਹੈੱਡਫ਼ੋਨ ਦਾ ਲੰਮੇ ਸਮੇਂ ਤਕ ਇਸਤੇਮਾਲ ਕੰਨਾਂ ਲਈ ਠੀਕ ਨਹੀਂ ਹੁੰਦਾ। ਕਈ ਵਾਰ ਫ਼ੌਜ ਵਿਚ ਵੀ ਹੈੱਡਫ਼ੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਕਈ ਲੋਕਾਂ ਦੀ ਭਰਤੀ ਨਹੀਂ ਹੋਈ। ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਹੈੱਡਫ਼ੋਨ ਦਾ ਇਸਤੇਮਾਲ ਬਹੁਤ ਜ਼ਿਆਦਾ ਵਧ ਗਿਆ ਹੈ। ਜ਼ਿਆਦਾਤਰ ਲੋਕਾਂ ਨੂੰ ਜਿਥੇ ਘਰੋਂ ਕੰਮ ਕਰਨਾ ਪੈ ਰਿਹਾ ਹੈ, ਉਥੇ ਹੀ ਵਿਦਿਆਰਥੀਆਂ ਦਾ ਵੀ ਸਹਾਰਾ ਆਨਲਾਈਨ ਕਲਾਸ ਹੀ ਹੈ ਪਰ ਅਜਿਹੇ ਵਿਚ ਈਅਰਫ਼ੋਨ ਦਾ ਇਸਤੇਮਾਲ ਵੱਧ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਨਾਂ ਵਿਚ ਦਰਦ ਦੀਆਂ ਸ਼ਿਕਾਇਤਾਂ ਲੈ ਕੇ ਜ਼ਿਆਦਾ ਲੋਕ ਆ ਰਹੇ ਹਨ।

ਮੈਡੀਕਲ ਮਾਹਰਾਂ ਅਨੁਸਾਰ ਪਿਛਲੇ 8 ਮਹੀਨਿਆਂ ਤੋਂ ਹੈੱਡਫ਼ੋਨ ਅਤੇ ਈਅਰਪੌਡ ਦਾ ਇਸਤੇਮਾਲ ਲੋਕ ਕਈ-ਕਈ ਘੰਟਿਆਂ ਤਕ ਕਰਨ ਲੱਗੇ ਹਨ ਜਿਸ ਕਾਰਨ ਇਹ ਸ਼ਿਕਾਇਤਾਂ ਵਧੀਆਂ ਹਨ। ਮੁੰਬਈ ਦੇ ਜੇ.ਜੇ. ਹਸਪਤਾਲ ਦੇ ਈ.ਐਨ.ਟੀ. ਵਿਭਾਗ ਦੇ ਪ੍ਰਮੁੱਖ ਡਾਕਟਰ ਸ੍ਰੀਨਿਵਾਸ ਚੌਹਾਨ ਨੇ ਦਸਿਆ ਕਿ ਇਹ ਸਾਰੀਆਂ ਸ਼ਿਕਾਇਤਾਂ ਸਿੱਧੇ ਤੌਰ 'ਤੇ ਲੰਮੇ ਸਮੇਂ ਤਕ ਹੈੱਡਫ਼ੋਨ ਦੇ ਇਸਤੇਮਾਲ ਨਾਲ ਜੁੜੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਾਲ ਹਸਪਤਾਲ ਦੇ ਕੰਨ, ਨੱਕ ਅਤੇ ਗਲਾ ਵਿਭਾਗ (ਈ.ਐਨ.ਟੀ.) ਵਿਚ ਰੋਜ਼ਾਨਾ 5 ਤੋਂ 10 ਲੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਕੰਮ ਕਰਨ ਲਈ 8 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਹੈੱਡਫ਼ੋਨ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਕੰਨਾਂ 'ਤੇ ਕਾਫ਼ੀ ਜ਼ੋਰ ਪੈਂਦਾ ਹੈ। ਉਥੇ ਹੀ ਇਸ ਨੂੰ ਲਗਾਤਾਰ ਕਈ-ਕਈ ਘੰਟਿਆਂ ਤਕ ਇਸਤੇਮਾਲ ਕਰਨ ਨਾਲ ਸੁਣਨ ਦੀ ਸਮਰੱਥਾ ਵੀ ਕਮਜ਼ੋਰ ਪੈ ਰਹੀ ਹੈ। ਜੇਕਰ ਲੋਕ ਅਪਣੀਆਂ ਆਦਤਾਂ ਨਹੀਂ ਬਦਲਦੇ ਤਾਂ ਉਨ੍ਹਾਂ ਦੇ ਕੰਨਾਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਂਜ ਤਾਂ ਸਕੂਲੀ ਬੱਚਿਆਂ ਨੂੰ ਹੈੱਡਫ਼ੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਜੇਕਰ ਉਹ ਲੈਪਟਾਪ ਜਾਂ ਕੰਪਿਊਟਰ ਰਾਹੀਂ ਆਨਲਾਈਨ ਕਲਾਸ ਨਾਲ ਜੁੜ ਰਹੇ ਹਨ ਤਾਂ ਇਨ੍ਹਾਂ ਦੀ ਆਵਾਜ਼ ਹੀ ਸਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਕੂਲ ਦੇ ਅੰਦਰ ਕਲਾਸਾਂ ਬਹਾਲ ਹੋਣਗੀਆਂ, ਮੈਨੂੰ ਡਰ ਹੈ ਕਿ ਵੱਡੀ ਗਿਣਤੀ ਵਿਚ ਬੱਚੇ ਕੰਨ 'ਚ ਖ਼ਰਾਬੀ ਦੀਆਂ ਸ਼ਿਕਾਇਤਾਂ ਕਰਨਗੇ।