ਮੋਤੀਏ ਦੇ ਆਪ੍ਰੇਸ਼ਨ ਦੌਰਾਨ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ,

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤਕਰੀਬਨ 40 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਕੰਢੇ ਪਹੁੰਚ ਗਈ ਹੈ

Negligence of government hospital during cataract operation,

ਭਿਵਾਨੀ: ਹਰਿਆਣਾ ਦੇ ਸ਼ਹਿਰ ਭਿਵਾਨੀ ਦੇ ਸਰਕਾਰੀ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਮੋਤੀਆ ਦੇ ਇਲਾਜ ਲਈ ਆਪ੍ਰੇਸ਼ਨ ਦੌਰਾਨ ਖ਼ਰਾਬ ਦਵਾਈ ਪਾਉਣ ਕਾਰਨ ਤਕਰੀਬਨ 40 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਕੰਢੇ ਪਹੁੰਚ ਗਈ ਹੈ। ਡਾਕਟਰਾਂ ਨੂੰ ਡਰ ਹੈ ਕਿ ਜ਼ਿਆਦਾਤਰ ਮਰੀਜ਼ਾਂ ਦੀ ਨਜ਼ਰ ਪੱਕੇ ਤੌਰ 'ਤੇ ਜਾ ਸਕਦੀ ਹੈ। ਸ਼ਹਿਰ ਦੇ ਕਿਸ਼ਨ ਲਾਲ ਜਾਲਾਨ ਸਰਕਾਰੀ ਹਸਪਤਾਲ ਵਿਚ ਬੀਤੀ 11, 13 ਤੇ 18 ਮਾਰਚ ਨੂੰ ਮੋਤੀਆ ਦੇ ਇਲਾਜ ਲਈ ਅੱਖਾਂ ਦੇ ਆਪ੍ਰੇਸ਼ਨ ਹੋਏ ਸਨ। ਤਕਰੀਬਨ 400 ਮਰੀਜ਼ਾਂ ਦੇ ਆਪ੍ਰੇਸ਼ਨ ਹੋਏ, ਪਰ 37 ਜਣਿਆਂ ਨੂੰ ਸਰਜਰੀ ਮਗਰੋਂ ਅੱਖਾਂ ਵਿਚ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਗਈ।

ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਦਿੱਕਤ ਹੋਣ ਕਾਰਨ ਪੀਜੀਆਈ ਰੋਹਤਕ ਚੌਕਸ ਹੋ ਗਿਆ। ਹਸਪਤਾਲ ਦੇ ਰੈਟੀਨਾ ਵਿਭਾਗ ਨੂੰ ਮਰੀਜ਼ਾਂ ਦੀਆਂ ਅੱਖਾਂ ਬਚਾਉਣ ਵਿਚ ਲਾ ਦਿੱਤਾ ਗਿਆ ਹੈ। ਅਲਵਰ ਦੇ ਰਹਿਣ ਵਾਲੇ ਮੁਨਸ਼ੀ, ਭਿਵਾਨੀ ਦੇ ਰਹਿਣ ਵਾਲੇ ਭੀਮ ਸਿੰਘ, ਸਰਦਾਰਪੁਰਾ ਦੇ ਕਰਨ ਸਿੰਘ, ਮਹਿੰਦਰਗੜ੍ਹ ਦੀ ਬਸੰਤੀ, ਜੀਂਦ ਡੋਇਲਾ ਦੀ ਕਮਲਾ ਆਦਿ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਭਿਵਾਨੀ ਦੇ ਕ੍ਰਿਸ਼ਨ ਲਾਲ ਜਲਾਨਾ ਸਰਕਾਰੀ ਅੱਖਾਂ ਦੇ ਹਸਪਤਾਲ ਤੋਂ ਆਪ੍ਰੇਸ਼ਨ ਕਰਵਾਇਆ ਸੀ। ਆਪ੍ਰੇਸ਼ਨ ਮਗਰੋਂ ਉਹ ਘਰ ਚਲੇ ਗਏ। ਘਰ ਪਹੁੰਚ ਕੇ ਉਨ੍ਹਾਂ ਨੂੰ ਤੇਜ਼ ਦਰਦ ਮਹਿਸੂਸ ਹੋਇਆ ਜੋ ਹੌਲੀ-ਹੌਲੀ ਅਸਿਹਣਯੋਗ ਹੁੰਦਾ ਜਾ ਰਿਹਾ ਸੀ।

ਡਾਕਟਰਾਂ ਨੂੰ ਦਿਖਾਉਣ 'ਤੇ ਮਰੀਜ਼ਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਪੀਕ ਭਰ ਗਈ ਹੈ। ਮਰੀਜ਼ ਤੁਰੰਤ ਪੀਜੀਆਈ ਰੋਹਤ ਪਹੁੰਚੇ ਤਾਂ ਉੱਥੇ ਕਰਨਾਲ ਤੇ ਝੱਜਰ ਜ਼ਿਲ੍ਹਿਆਂ ਦੇ ਮਰੀਜ਼ ਵੀ ਆ ਗਏ। ਪੀਜੀਆਈ ਦੇ ਡਾਕਟਰਾਂ ਮੁਤਾਬਕ ਮਰੀਜ਼ਾਂ ਦੀਆਂ ਅੱਖਾਂ ਵਿਚ ਖਰਾਬ ਦਵਾਈ ਪਾਈ ਗਈ, ਜਿਸ ਕਾਰਨ ਇਨਫੈਕਸ਼ਨ ਹੋ ਗਈ ਤੇ ਪੀਕ ਬਣ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਪੀਕ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਦੀ ਨਜ਼ਰ ਬਚਾਉਣੀ ਮੁਸ਼ਕਿਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀਕ ਅੱਗੇ ਸ਼ਰੀਰ ਵਿਚ ਨਾ ਫੈਲੇ, ਇਸ ਲਈ ਮਰੀਜ਼ਾਂ ਦੀਆਂ ਅੱਖਾਂ ਵੀ ਕੱਢਣੀਆਂ ਪੈ ਸਕਦੀਆਂ ਹਨ। ਭਿਵਾਨੀ ਦੀ ਮੁੱਖ ਮੈਡੀਕਲ ਅਫ਼ਸਰ ਆਦਿਤਿਆ ਸਵਰੂਪ ਗੁਪਤਾ ਨੇ ਕਿਹਾ ਕਿ ਉਨ੍ਹਾਂ ਜਾਂਚ ਦੇ ਹੁਕਮ ਦੇ ਦਿੱਤੇ ਹਨ, ਪਰ ਪਹਿਲਾਂ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਬਚਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।.