Health News: ਚੰਗੀ ਸਿਹਤ ਦਾ ਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੈਦਾ ਅਤੇ ਮੈਦੇ ਤੋਂ ਤਿਆਰ ਵਸਤਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

File Photo

ਅੱਜ ਦੇ ਦੌਰ ਵਿਚ ਹਰ ਕੋਈ ਭੱਜ ਦੌੜ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਧਨ ਕਮਾਉਣ ਲਈ ਮਨੁੱਖ ਅਪਣੀ ਸਿਹਤ ਨੂੰ ਵੀ ਦਾਅ ’ਤੇ ਲਗਾਉਣ ਲਈ ਤਿਆਰ ਰਹਿੰਦਾ ਹੈ। ਸਾਰਾ ਦਿਨ ਸੁੱਖ ਸਹੂਲਤਾਂ ਖ਼ਾਤਰ ਇਨਸਾਨ ਸਾਰਾ ਦਿਨ ਕੋਹਲੂ ਦੇ ਬਲਦ ਵਾਂਗ ਪਿਸਦੇ ਰਹਿਣ ਨੂੰ ਹੀ ਅਪਣੀ ਕਿਸਮਤ ਸਮਝਦਾ ਹੈ। ਸਮੇਂ ਸਿਰ ਭੋਜਨ ਨਾ ਕਰਨਾ, ਬਿਨਾ ਵਜ੍ਹਾ ਚਿੰਤਾ ਕਰਨੀ ਅਤੇ ਸੰਤੁਲਨ ਦੀ ਪਰਵਾਹ ਕੀਤੇ ਬਗ਼ੈਰ ਕੰਮ ਕਰੀ ਜਾਣਾ ਸ੍ਰੀਰਕ ਤੇ ਮਾਨਸਕ ਸਿਹਤ ਲਈ ਬਹੁਤ ਹਾਨੀਕਾਰਕ ਹੈ। ਭਾਵੇਂ ਮਨੁੱਖ ਅੱਜ ਬਹੁਤ ਸਾਰੀਆਂ ਪਦਾਰਥਕ ਸਹੂਲਤਾਂ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਹੈ। ਫਿਰ ਵੀ ਲੋਕ ਬਿਮਾਰ ਰਹਿੰਦੇ ਹਨ। ਇਹ ਬਿਮਾਰੀਆਂ ਪ੍ਰਮਾਤਮਾ ਨੇ ਨਹੀਂ ਸਗੋਂ ਅਸੀਂ ਆਪ ਸਹੇੜੀਆਂ ਹਨ।

ਪੀਜ਼ੇ, ਬਰਗਰ, ਨੂਡਲ ਤੇ ਹੋਰ ਤਲੀਆਂ ਚੀਜ਼ਾਂ ਖਾ-ਖਾ ਕੇ ਅਸੀ ਅਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ। ਕੋਲਡ ਡਰਿੰਕਸ ਦੀ ਵਰਤੋਂ ਨੇ ਵੀ ਮਨੁੱਖੀ ਸਿਹਤ ਦਾ ਬਹੁਤ ਨੁਕਸਾਨ ਕੀਤਾ ਹੈ। ਸ੍ਰੀਰ ਚਰਬੀ ਨਾਲ ਭਰ ਗਿਆ ਹੈ। ਦਿਲ ਦੀਆਂ ਨਾੜਾਂ ਬੰਦ ਕਰ ਲਈਆਂ ਹਨ। ਖੰਡ ਦੀ ਜ਼ਿਆਦਾ ਵਰਤੋਂ ਨਾਲ ਸ਼ੂਗਰ ਦੀ ਬੀਮਾਰੀ ਲੱਗ ਗਈ ਹੈ। ਲੋਕ ਤਣਾਅ ਵਿਚ ਰਹਿੰਦੇ ਹਨ। ਦੋ ਸੌ ਦੇ ਕਰੀਬ ਬੱਚੇ ਹਰ ਰੋਜ਼ ਸ਼ੁਗਰ ਤੋਂ ਪੀੜਤ ਹੋ ਰਹੇ ਹਨ।

ਪੰਜ ਸਾਲ ਤੋਂ ਘੱਟ ਉਮਰ ਦੇ 38.4 ਫ਼ੀਸਦੀ ਬੱਚੇ ਲੰਬਾਈ ਵਿਚ ਘੱਟ ਅਤੇ 21 ਫ਼ੀ ਸਦੀ ਬੱਚਿਆਂ ਦਾ ਭਾਰ ਔਸਤ ਭਾਰ ਤੋਂ ਘੱਟ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਅੱਜ ਜੋ ਬੱਚੇ ਜੰਮਦੇ ਹਨ, ਉਨ੍ਹਾਂ ਵਿਚ ਵੀ ਕਈ ਬੱਚੇ ਤਣਾਅ ਗ੍ਰਸਤ ਮਿਲਦੇ ਹਨ। ਤੰਦਰੁਸਤੀ ਲਈ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣਾ, ਬੇਹੱਦ ਜ਼ਰੂਰੀ ਹੈ। ਖਾਣਾ ਪੀਣਾ ਅਜਿਹਾ ਸ਼ੁਧ ਹੋਣਾ ਚਾਹੀਦਾ ਹੈ, ਜਿਸ ਨਾਲ ਤਨ ਤੇ ਮਨ ਵਿਚ ਵਿਕਾਰ ਪੈਦਾ ਨਾ ਹੋਣ।

ਚੰਗੀ ਸਿਹਤ ਵਾਸਤੇ ਸ੍ਰੀਰ ਵਿਚਲੀ ਵਾਧੂ ਚਰਬੀ ਦਾ ਖ਼ਾਤਮਾ ਕਰਨਾ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੀ ਲੋੜ ਪੈਂਦੀ ਹੈ। ਸਾਨੂੰ ਜੀਵਨ ਸ਼ੈਲੀ ਤੇ ਖਾਣ ਪੀਣ ਵਿਚ ਕੁੱਝ ਬਦਲਾਅ ਲਿਆਉਣਾ ਚਾਹੀਦਾ ਹੈ। ਟਮਾਟਰ, ਪਾਲਕ, ਪਪੀਤਾ, ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਖੁਰਾਕ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਫਲਾਂ ਅਤੇ ਸਬਜ਼ੀਆਂ ਦੇ ਐਂਟੀ ਆਕਸੀਡੈਂਟ ਗੁਣਾਂ ਕਰ ਕੇ ਉਨ੍ਹਾਂ ਦੀ ਵਰਤੋਂ ਸਿਹਤ ਲਈ ਸਭ ਤੋਂ ਚੰਗੀ ਮੰਨੀ ਗਈ ਹੈ।

ਹਾਲ ਹੀ ਵਿਚ ਬਰਤਾਨੀਆਂ ਦੀ ਇਕ ਯੂਨੀਵਰਸਟੀ ਦੇ ਮਾਹਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਸੇਬ ਤੇ ਟਮਾਟਰ ਦੀ ਵਰਤੋਂ ਫੇਫੜਿਆਂ ਅਤੇ ਸਾਹ ਦੇ ਰੋਗਾਂ ਵਿਚ ਸੁਰੱਖਿਆ ਪ੍ਰਦਾਨ ਕਰਦੀ ਹੈ। ਬਰਤਾਨੀਆਂ ਵਿਚ ਕੀਤੀ ਗਈ ਇਕ ਖੋਜ ਵਿਚ 2633 ਲੋਕਾਂ ਦੀਆਂ ਭੋਜਨ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ ਅਤੇ ਮਾਹਰ ਇਸ ਨਤੀਜੇ ’ਤੇ ਪਹੁੰਚੇ ਕਿ ਜੋ ਵਿਅਕਤੀ ਸੇਬਾਂ ਤੇ ਟਮਾਟਰਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਦੇ ਫੇਫੜੇ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਹਨ ਅਤੇ ਉਹ ਸਾਹ ਰੋਗਾਂ ਤੋਂ ਵੀ ਮੁਕਤ ਰਹਿੰਦੇ ਹਨ। 

ਸਵੇਰ ਸਵੱਖਤੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਉਠਣ ਸਾਰ ਸਰਦੀਆਂ ਵਿਚ ਇਕ ਲੀਟਰ ਕੋਸਾ ਪਾਣੀ ਤੇ ਗਰਮੀਆਂ ਵਿਚ ਸਾਧਾਰਣ ਪਾਣੀ ਬਿਨਾਂ ਕੁਰਲੀ ਕੀਤੇ ਘੁੱਟ ਘੁੱਟ ਕਰ ਕੇ ਪੀਣਾ ਚਾਹੀਦਾ ਹੈ। ਸਾਰੇ ਦਿਨ ਵਿਚ ਪਾਣੀ ਰੋਟੀ ਖਾਣ ਤੋਂ 45 ਮਿੰਟ ਪਹਿਲਾਂ ਜਾਂ ਰੋਟੀ ਖਾਣ ਤੋਂ 1-2 ਘੰਟਾ ਬਾਅਦ ਪੀਣਾ ਚਾਹੀਦਾ ਹੈ। ਇਸ ਨਾਲ ਖਾਣਾ ਹਜ਼ਮ ਹੋ ਜਾਵੇਗਾ ਤੇ ਮੋਟਾਪਾ ਵੀ ਘਟੇਗਾ। ਵਾਧੂ ਭਾਰ ਘੱਟ ਜਾਵੇਗਾ ਤੇ ਪੇਟ ਦੀਆਂ 85 ਫ਼ੀ ਸਦੀ ਬਿਮਾਰੀਆਂ ਠੀਕ ਹੋ ਜਾਣਗੀਆਂ। ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਨਾਲ ਦੰਦ ਜ਼ਰੂਰ ਸਾਫ਼ ਕਰਨੇ ਚਾਹੀਦੇ ਹਨ।

ਕੋਲਡ ਡਰਿੰਕਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੀ ਥਾਂ ਸਰਦੀਆਂ ਵਿਚ ਸ਼ਹਿਦ ਕੋਸੇ ਪਾਣੀ ਵਿਚ ਮਿਲਾ ਕੇ ਪੀਣਾ ਚਾਹੀਦਾ ਹੈ ਤੇ ਗਰਮੀਆਂ ਵਿਚ ਸ਼ਕਰ ਵਾਲੀ ਸ਼ਕੰਜਵੀ ਜ਼ਰੂਰ ਪੀਣੀ ਚਾਹੀਦੀ ਹੈ। ਦਹੀਂ ਹਮੇਸ਼ਾ ਸ਼ਕਰ ਪਾ ਕੇ ਦੁਪਹਿਰ ਤੋਂ ਪਹਿਲਾਂ ਖਾਣਾ ਚਾਹੀਦਾ ਹੈ। ਦੁੱਧ ਕੇਵਲ ਸ਼ਾਮ ਨੂੰ ਹੀ ਸ਼ਕਰ ਪਾ ਕੇ ਪੀਣਾ ਚਾਹੀਦਾ ਹੈ।

ਖੰਡ ਦੀ ਦੁੱਧ, ਦਹੀ, ਚਾਹ ਤੇ ਸ਼ਕੰਜਵੀ ਆਦਿ ਵਿਚ ਵਰਤੋਂ ਨਹੀਂ ਕਰਨੀ ਚਾਹੀਦੀ। ਖੰਡ ਦੀ ਵਰਤੋਂ ਕਰਨ ਨਾਲ ਯੂਰਿਕ ਏਸਿਡ, ਟਰਾਈ ਗਲਾਈਸਰਾਈਡ ਅਤੇ ਮਾੜੇ ਕ’ਲੈਸਟਰਲ ਵਧਦੇ ਹਨ, ਯਾਦ ਸ਼ਕਤੀ ਘਟਦੀ ਹੈ। ਕੈਂਸਰ, ਡਿਪਰੈਸ਼ਨ, ਚਿੰਤਾ ਰੋਗ, ਦਿਲ ਦੀਆਂ ਬਿਮਾਰੀਆਂ, ਬਰਨ-ਆਊਟ ਦੀ ਬਿਮਾਰੀ, ਅੰਦਰੋਂ ਅੰਦਰੀ ਕਲਪਦੇ ਰਹਿਣਾ ਆਦਿ ਦਾ ਖ਼ਤਰਾ ਵਧਦਾ ਹੈ।

ਮੈਦਾ ਅਤੇ ਮੈਦੇ ਤੋਂ ਤਿਆਰ ਵਸਤਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਸ ਨਾਲ ਵੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਜੇ ਕਿਤੇ ਬੇਚੈਨੀ, ਨਿਰਾਸ਼ਾ, ਬਹੁਤ ਜ਼ਿਆਦਾ ਸੋਚ ਵਿਚਾਰ ਆਉਣ ਲੱਗੇ ਤਾਂ ਚੰਗੇ ਦੋਸਤਾਂ ਮਿੱਤਰਾਂ ਨਾਲ ਜੋ ਤੁਹਾਨੂੰ ਪਸੰਦ ਹੋਣ, ਉਨ੍ਹਾਂ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੋ। ਜ਼ੋਰ ਜ਼ੋਰ ਨਾਲ ਹੱਸੋ। ਅਪਣੇ ਆਪ ਨਾਲ ਗੱਲਾਂ ਕਰੋ। ਅਪਣੇ ਕੋਲ ਜੋ ਹੈ ਉਸ ’ਚ ਖ਼ੁਸ਼ ਰਹੋ, ਜੋ ਨਹੀਂ ਹੈ ਉਸ ਨੂੰ ਪਾਉਣ ਲਈ ਪ੍ਰੇਸ਼ਾਨ ਨਾ ਹੋਵੋ। 

ਗੁੱਸਾ ਵੀ ਇਨਸਾਨ ਦੀ ਸਿਹਤ ਦਾ ਵੱਡਾ ਦੁਸ਼ਮਣ ਹੈ। ਲਗਾਤਾਰ 15 ਮਿੰਟ ਗੁੱਸਾ ਕਰਨ ਨਾਲ ਵਿਅਕਤੀ ਦੀ ਊਰਜਾ ਨੂੰ ਨੁਕਸਾਨ ਪਹੁੰਚਦਾ ਹੈ ਉਸ ਊਰਜਾ ਨਾਲ ਉਹ ਸਾਢੇ ਨੌਂ ਘੰਟੇ ਤਕ ਸਖ਼ਤ ਮਿਹਨਤ ਨਾਲ ਕੰਮ ਕਰ ਸਕਦਾ ਹੈ। ਗੁੱਸੇ ਨਾਲ ਹੀ ਚਿੰਤਾ, ਸਿਰ ਦਰਦ, ਪੇਟ ਦੀਆਂ ਬਿਮਾਰੀਆਂ ਤੇ ਹਾਈ ਬੱਲਡ ਪ੍ਰੈਸ਼ਰ ਹੋ ਜਾਂਦਾ ਹੈ। ਗੁੱਸੇ ਕਾਰਨ ਦਿਲ ਦੇ ਦੌਰੇ ਦੀ ਸੰਭਾਵਨਾ ਆਮ ਵਿਅਕਤੀ ਨਾਲੋਂ ਤਿੰਨ ਗੁਣਾ ਵਧ ਜਾਂਦੀ ਹੈ। ਗੁੱਸਾ ਆਉਣਾ ਆਮ ਗੱਲ ਹੈ ਪਰ ਇਸ ’ਤੇ ਕਾਬੂ ਪਾਉਣਾ ਕਲਾ ਹੈ। ਗੁੱਸਾ ਆਉਣ ’ਤੇ ਠੰਡਾ ਪਾਣੀ ਪਿਉ। ਡੂੰਘੇ ਸਾਹ ਲਵੋ।

ਇਸ ਨਾਲ ਵਿਅਕਤੀ ਠੰਢਕ ਮਹਿਸੂਸ ਕਰੇਗਾ ਤੇ ਦਿਮਾਗ ਵੀ ਤਾਜ਼ਾ ਹੋ ਜਾਵੇਗਾ। ਗੁੱਸਾ ਆਉਣ ’ਤੇ ਉੱਚੀ ਉੱਚੀ ਹੱਸੋ। ਕਿਸੇ ਵੀ ਮੰਤਰ ਨੂੰ ਵਾਰ ਵਾਰ ਦੁਹਰਾਉ। ਇਸ ਨਾਲ ਇਨਸਾਨ ਚੰਗਾ ਮਹਿਸੂਸ ਕਰੇਗਾ ਤੇ ਮਨ ਵੀ ਜਲਦੀ ਸ਼ਾਂਤ ਹੋ ਜਾਵੇਗਾ। ਆਪਸੀ ਸਹਿਯੋਗ ਦੀ ਕੜੀ ਨੂੰ ਮਜ਼ਬੂਤ ਕਰੋ। ਸਹਿਯੋਗ ਦੋ ਸ਼ਬਦਾਂ ਦੇ ਜੋੜ ਸਹਿ ਅਤੇ ਯੋਗ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕਿ ਇਕ ਦੂਜੇ ਦਾ ਸਾਥ ਦੇਣਾ। ਸਹਿਯੋਗ ਦੀ ਭਾਵਨਾ ਇਕ ਅਜਿਹੇ ਪਾਰਸ ਦੀ ਵੱਟੀ ਹੈ ਜਿਸ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ। ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਵੀ ਸਹਿਯੋਗ ਨਾਲ ਸੰਭਵ ਹੋ ਸਕਦਾ ਹੈ।

ਸਾਡੇ ਸ੍ਰੀਰ ਦੇ ਅੰਗ ਵੀ ਆਪਸੀ ਸਹਿਯੋਗ ਨਾਲ ਹੀ ਇਕ ਦੂਜੇ ਨੂੰ ਚਲਾਉਂਦੇ ਹਨ। ਹਰ ਪ੍ਰਵਾਰ ਆਂਢ ਗੁਆਂਢ, ਸੰਸਥਾ ਸਕੂਲ ਅਤੇ ਪਿੰਡ ਤੋਂ ਲੈ ਕੇ ਦੇਸ਼ ਦੀ ਤਰੱਕੀ ਤਕ ਸਹਿਯੋਗ ਦੀ ਲੋੜ ਪੈਂਦੀ ਹੈ। ਚੰਗੇ ਸਾਹਿਤ ਨਾਲ ਨਿਰੰਤਰ ਜੁੜੋ। ਚੰਗਾ ਸਾਹਿਤ ਗਿਆਨ ਦਾ ਖ਼ਜ਼ਾਨਾ ਹੁੰਦਾ ਹੈ। ਤੰਦਰੁਸਤੀ ਲਈ ਸਾਹਿਤ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਜੋ ਮਨੁੱਖ ਚੰਗੇ ਸਾਹਿਤ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਦੇ ਚਿਹਰਿਆਂ ਦੀ ਆਭਾ ਹਮੇਸ਼ਾ ਜਗਮਗ ਰਹਿੰਦੀ ਹੈ।

ਉਹ ਲੰਮਾ ਸਮਾਂ ਜਿਊਂਦੇ ਹਨ। ਮਨ ਦੀ ਤੰਦਰੁਸਤੀ ਵਾਸਤੇ ਸੋਸ਼ਲ ਮੀਡੀਆ ਦੀ ਸੀਮਤ ਵਰਤੋ ਕਰੋ ਕਿਉਂਕਿ ਕਈਆਂ ਨੂੰ ਮੀਡੀਆ ਮਾਨਸਕ ਬਿਮਾਰੀ ਬਣ ਕੇ ਚਿੰਬੜ ਗਿਆ ਹੈ। ਉਹ ਲੋਕ ਸ੍ਰੀਰਕ ਤੇ ਮਾਨਸਕ ਬਿਮਾਰੀਆਂ ਪ੍ਰਤੀ ਅਵੇਸਲੇ ਹੋ ਚੁੱਕੇ ਹਨ। ਖ਼ੁਦ ’ਤੇ ਵਿਸ਼ਵਾਸ ਰਖਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਚਿੰਤਾ ਮੁਕਤ ਜ਼ਿੰਦਗੀ ਜਿਊਣ ਦੀ ਕੋਸ਼ਿਸ ਕਰੋ। ਚਿੰਤਾ ਚਿਖਾ ਸਮਾਨ ਹੈ।

ਇਸ ਨਾਲ ਕਈ ਤਰ੍ਹਾਂ ਦੀਆਂ ਸ੍ਰੀਰਕ ਤੇ ਮਾਨਸਕ ਬਿਮਾਰੀਆਂ ਲੱਗ ਸਕਦੀਆਂ ਹਨ। ਵਰਤਮਾਨ ਵਿਚ ਰਹਿਣਾ ਸਿਖੋ। ਜੋ ਬੀਤ ਗਿਆ ਉਸ ਨੂੰ ਛੱਡੋ ਤੇ ਜੋ ਕੱਲ ਆਉਣ ਵਾਲਾ ਹੈ ਉਸ ਦੀ ਵੀ ਚਿੰਤਾ ਛੱਡੋ। ਅਸੀ ਭੂਤਕਾਲ ਤੇ ਭਵਿੱਖ ਦੀ ਚਿੰਤਾ ਵਿਚ ਹੀ ਅਪਣਾ ਵਰਤਮਾਨ ਗੁਆ ਲੈਂਦੇ ਹਾਂ। ਜ਼ਿੰਦਗੀ ਮਿਹਨਤ ਇਮਾਨਦਾਰੀ ਤੇ ਸਬਰ ਸੰਤੋਖ ਨਾਲ ਵਧੀਆ ਚਲਦੀ ਹੈ। ਜਿਊਣ ਲਈ ਤੰਦਰੁਸਤੀ ਅਤਿ ਜ਼ਰੂਰੀ ਹੈ। 

ਆਸ਼ਾਵਾਦੀ ਸੋਚ ਅਪਣਾਉ। ਮਾਹਰਾਂ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਦੀ ਸਿਹਤ ਨਿਰਾਸ਼ਾਵਾਦੀ ਦੇ ਮੁਕਾਬਲੇ ਚੰਗੀ ਹੁੰਦੀ ਹੈ। ਜੇਕਰ ਆਸ਼ਾਵਾਦੀ ਵਿਅਕਤੀ ਬਿਮਾਰ ਵੀ ਹੋਵੇ ਤਾਂ ਨਿਰਾਸ਼ਾਵਾਦੀ ਵਿਅਕਤੀ ਦੇ ਮੁਕਾਬਲੇ ਉਹ ਜਲਦੀ ਠੀਕ ਹੋ ਜਾਂਦਾ ਹੈ। ਸਕਾਰਾਤਮਕ ਭਾਵਨਾਵਾਂ ਜਿਵੇਂ ਖ਼ੁਸ਼ੀ ਉਤਸ਼ਾਹ ਆਦਿ ਵਿਅਕਤੀ ਦੇ ਮਨ ਵਿਚ ਚੰਗਾ ਪ੍ਰਭਾਵ ਪਾਉਂਦੇ ਹਨ।

ਆਧੁਨਿਕ ਯੁੱਗ ਵਿਚ ਕਈ ਰੋਗਾਂ ਦੀ ਜੜ੍ਹ ਤਣਾਅ ਹੀ ਹੈ। ਆਸ਼ਾਵਾਦੀ ਵਿਅਕਤੀ ਤਣਾਅ ਦਾ ਅਨੁਭਵ ਘੱਟ ਕਰਦੇ ਹਨ ਅਤੇ ਉਨ੍ਹਾਂ ਨੂੰ ਤਣਾਅ ਨਾਲ ਸਬੰਧਤ ਪੇ੍ਰਸ਼ਾਨੀਆਂ ਦਾ ਘਟ ਹੀ ਸਾਹਮਣਾ ਕਰਨਾ ਪੈਂਦਾ ਹੈ। ਆਸ਼ਾਵਾਦੀ ਵਿਅਕਤੀ ਦੀ ਰੋਗ ਪ੍ਰਤੀਰੋਧਕ ਤਾਕਤ ਜ਼ਿਆਦਾ ਹੁੰਦੀ ਹੈ ਜਦਕਿ ਨਿਰਾਸ਼ਾਵਾਦੀ ਵਿਅਕਤੀ ਮੁਸ਼ਕਲ ਹਾਲਾਤ ਵਿਚ ਘਬਰਾ ਜਾਂਦਾ ਹੈ ਤੇ ਉਹ ਸਮੇਂ ਤੇ ਹਾਲਾਤ ਦਾ ਸਾਹਮਣਾ ਨਹੀਂ ਕਰ ਸਕਦਾ। ਆਸ਼ਾਵਾਦੀ ਵਿਅਕਤੀ ਗੰਭੀਰ ਤੋਂ ਗੰਭੀਰ ਹਾਲਾਤ ਵਿਚ ਵੀ ਅਪਣੀ ਲਗਨ ਤੇ ਹਿੰਮਤ ਰਖਦਾ ਹੈ ਅਤੇ ਹਰ ਬਿਮਾਰੀ ਦਾ ਸਾਹਮਣਾ ਹਿੰੰਮਤ ਨਾਲ ਕਰਦਾ ਹੈ।

ਵਧਦੀ ਉਮਰ ਵਿਚ ਜਿਊਂਦੇ ਰਹਿਣ ਦਾ ਅਹਿਸਾਸ ਅਤੇ ਵਧਦੀ ਉਮਰ ਵਿਚ ਜਿਊਣ ਦੀ ਇੱਛਾ ਹੋਣਾ ਬਹੁਤ ਜ਼ਰੂਰੀ ਹੈ। ਚਿੰਤਨਸ਼ੀਲ ਬਣੋ। ਤਣਾਅ ਨਾ ਪੈਦਾ ਹੋਣ ਦਿਉ। ਸਹਿਜ ਭਾਵ ਰਖਣਾ ਹੀ ਸਭ ਤੋਂ ਉਤਮ ਹੈ। ਬਹੁਤੀਆਂ ਤਨ ਦੀਆਂ ਬਿਮਾਰੀਆਂ ਦਾ ਕਾਰਨ ਮਨ ਦੀਆਂ ਬਿਮਾਰੀਆਂ ਦਾ ਹੋਣਾ ਹੁੰਦਾ ਹੈ। ਗੁਰਬਾਣੀ ਵਿਚ ਵੀ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਬਰਾਬਰ ਦਸਿਆ ਗਿਆ ਹੈ।

ਜੇਕਰ ਤੰਦਰੁਸਤ ਜੀਵਨ ਤੇ ਲੰਮੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਭੋਜਨ ਨੂੰ ਅੱਧਾ ਕਰ ਦਿਉ। ਪਾਣੀ ਨੂੰ ਦੁਗਣਾ ਕਰ ਦਿਉ। ਮਿਹਨਤ ਨੂੰ ਤਿੰਨ ਗੁਣਾਂ ਕਰ ਦਿਉ। ਹੱਸਣ ਨੂੰ ਚਾਰ ਗੁਣਾਂ ਕਰ ਦਿਉ। ਰੋਜ਼ਾਨਾ ਪੌਣਾ ਘੰਟਾ ਕਸਰਤ ਕਰੋ। ਅਮਰੀਕਾ ਦੀ ਸਿਹਤ ਰਿਪੋਰਟ ਅਨੁਸਾਰ ਮਨੁੱਖ ਨੂੰ ਹਰ ਰੋਜ਼ ਦਸ ਹਜ਼ਾਰ ਕਦਮ ਸੈਰ ਜ਼ਰੂਰ ਕਰਨੀ ਚਾਹੀਦੀ ਹੈ।

ਸਵੇਰ ਦੀ ਸੈਰ ਲਈ ਸਵੇਰੇ ਜਲਦੀ ਉੱਠਣਾ ਬਹੁਤ ਜਰੂਰੀ ਹੈ ਕਿਉਂਕਿ ਉਸ ਸਮੇਂ ਨਾ ਤਾਂ ਕੋਈ ਪ੍ਰਦੂਸ਼ਣ ਹੁੰਦਾ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਆਵਾਜਾਈ ਹੁੰਦੀ ਹੈ। ਵਾਤਾਵਰਣ ਸਾਫ਼ ਸੁਥਰਾ ਹੁੰਦਾ ਹੈ। ਸਰੀਰ ਵੀ ਤਰੋ-ਤਾਜ਼ਾ ਹੁੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਸ੍ਰੀਰ ਵਿਚ ਨਵੀਂ ਊਰਜਾ ਤੇ ਤਾਜ਼ਗੀ ਭਰ ਜਾਂਦੀ ਹੈ ਤੇ ਪੂਰਾ ਦਿਨ ਹੀ ਵਧੀਆ ਲੰਘਦਾ ਹੈ। ਨਸ਼ੇ ਤੋਂ ਪ੍ਰਹੇਜ਼ ਕਰੋ। ਨਸ਼ਾ ਸਿਹਤ ਦਾ ਬਹੁਤ ਵੱਡਾ ਦੁਸ਼ਮਣ ਹੈ। ਸ਼ਾਂਤ ਰਹੋ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ। ਅਪਣੇ ਅੰਦਰ ਨਕਾਰਾਤਮਕ ਵਿਚਾਰ ਨਾ ਉਤਪੰਨ ਹੋਣ ਦਿਉ।

ਸਿਹਤਮੰਦ ਵਿਅਕਤੀ ਊਰਜਾ ਨਾਲ ਭਰਿਆ ਹੁੰਦਾ ਹੈ। ਦੁਨੀਆ ਦੀਆਂ ਸਾਰੀਆਂ ਨਿਆਮਤਾ ਨਾਲੋਂ ਸਿਹਤ ਪਹਿਲੀ ਨਿਆਮਤ ਹੈ। ਜਾਨ ਨਾਲ ਹੀ ਜਹਾਨ ਸੋਹਣਾ ਲਗਦਾ ਹੈ। ਅਜੋਕੇ ਸਮੇਂ ਸਿਹਤ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸਾਨੂੰ ਅਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰ ਕੇ ਸਿਹਤ ਲਈ ਲੋੜੀਂਦੀਆਂ ਕਸਰਤਾਂ ਕਰਨਾ, ਅਪਣਾ ਸ਼ੌਕ ਬਣਾਉਣਾ ਚਾਹੀਦਾ ਹੈ। ਇਹ ਹੀ ਤੰਦਰੁਸਤ ਤੇ ਲੰਮੀ ਉਮਰ ਦਾ ਰਾਜ਼ ਹੈ। ਜ਼ਿੰਦਗੀ ਕੁਦਰਤ ਦੀ ਬਖ਼ਸ਼ੀ ਅਨਮੋਲ ਦਾਤ ਹੈ। ਜ਼ਿੰਦਗੀ ਦੇ ਸਾਰੇ ਰੰਗਾਂ ਦਾ ਲੁਤਫ ਲੈਣ ਲਈ ਇਨਸਾਨ ਨੂੰ ਵਸੋਂ ਬਾਹਰਲੀਆਂ ਗੱਲਾਂ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ।