ਗੰਦਗੀ ਤੇ ਬਦਬੂ ਵਾਲੀਆਂ ਬੋਤਲਾਂ ਸਾਫ਼ ਕਰਨ ਲਈ ਵਰਤੋ ਇਹ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

ਆਉ ਤੁਹਾਨੂੰ ਅਜਿਹੇ ਢੰਗ ਦਸੀਏ ਜਿਸ ਨਾਲ ਤੁਸੀਂ ਅਪਣੀ ਪਾਣੀ ਦੀ ਬੋਤਲ ਨੂੰ ਨਵੀਂ ਵਾਂਗ ਚਮਕਾ ਸਕਦੇ ਹੋ:

PHOTO

 

ਜੇਕਰ ਅਸੀਂ ਰੋਜ਼ਾਨਾ ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਾਡਾ ਪਾਚਣ ਤੰਤਰ ਸਹੀ ਰਹਿੰਦਾ ਹੈ ਤੇ ਹੋਰ ਵੀ ਅਨੇਕਾਂ ਲਾਭ ਮਿਲਦੇ ਹਨ। ਇਸ ਲਈ ਅਪਣੇ ਕੋਲ ਪਾਣੀ ਦੀ ਬੋਤਲ ਰਖਣਾ ਇਕ ਬੇਹੱਦ ਚੰਗੀ ਆਦਤ ਹੈ। ਸਾਡੀ ਬੋਤਲ ਸਾਡੇ ਨਾਲ ਜਿੰਮ, ਲਾਇਬ੍ਰੇਰੀ, ਸਕੂਲ-ਕਾਲਜ ਦੀ ਕਲਾਸ, ਬੱਸ, ਰੇਲਗੱਡੀ ਆਦਿ ਹਰ ਥਾਂ ਜਾਂਦੀ ਹੈ। ਇਸ ਨਾਲ ਬੋਤਲ ਨੂੰ ਕਈ ਤਰ੍ਹਾਂ ਦੇ ਕੀਟਾਣੂ ਚਿੰਬੜਦੇ ਹਨ। ਇਸੇ ਤਰ੍ਹਾਂ ਬੋਤਲ ਵਿਚ ਪਾਣੀ ਰਹਿਣ ਕਾਰਨ ਇਹ ਅੰਦਰੋਂ ਵੀ ਗੰਦੀ ਹੁੰਦੀ ਹੈ, ਕਈ ਵਾਰ ਤਾਂ ਬੋਤਲ ਵਿਚੋਂ ਬਦਬੂ ਵੀ ਆਉਣ ਲਗਦੀ ਹੈ। ਆਉ ਤੁਹਾਨੂੰ ਅਜਿਹੇ ਢੰਗ ਦਸੀਏ ਜਿਸ ਨਾਲ ਤੁਸੀਂ ਅਪਣੀ ਪਾਣੀ ਦੀ ਬੋਤਲ ਨੂੰ ਨਵੀਂ ਵਾਂਗ ਚਮਕਾ ਸਕਦੇ ਹੋ:

ਬੋਤਲ ਨੂੰ ਧੋਣ ਲਈ ਹਮੇਸ਼ਾ ਭਾਂਡੇ ਮਾਂਜਣ ਵਾਲੇ ਸਰਫ਼ ਜਾਂ ਸਾਬਣ ਦੀ ਵਰਤੋਂ ਕਰੋ। ਇਸ ਲਈ ਪਹਿਲਾਂ ਬੋਤਲ ਨੂੰ ਸਾਦੇ ਪਾਣੀ ਨਾਲ ਅੰਦਰੋਂ ਬਾਹਰੋਂ ਧੋ ਲਵੋ। ਫੇਰ ਸਕਰੱਬ ਨਾਲ ਸਾਬਣ ਲਗਾ ਕੇ ਬੋਤਲ ਦੇ ਢੱਕਣ ਕਸਣ ਵਾਲੀ ਥਾਂ ਤੇ ਸਾਰੀ ਬੋਤਲ ਨੂੰ ਸਾਫ਼ ਕਰੋ। ਬੋਤਲ ਦੇ ਢੱਕਣ ਨੂੰ ਵੀ ਅੰਦਰੋਂ ਬਾਹਰੋਂ ਸਾਫ਼ ਕਰੋ। ਸਿਰਫ਼ ਏਨਾ ਹੀ ਨਹੀਂ ਬੋਤਲ ਦੇ ਅੰਦਰ ਸਕਰੱਬ ਪਾਉ ਜਾਂ ਬੋਤਲ ਦੇ ਅੰਦਰ ਤਕ ਜਾਣ ਵਾਲੇ ਬੋਤਲ ਕਲੀਨਰਾਂ ਦੀ ਵਰਤੋਂ ਕਰੋ ਤੇ ਅੰਦਰੋਂ ਵੀ ਬੋਤਲ ਦੇ ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਨਾਲ ਬੋਤਲ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ। ਇਸ ਵਿਚ ਮੌਜੂਦ ਚਿਕਨਾਈ ਖ਼ਤਮ ਹੋਵੇਗੀ। ਅਖ਼ੀਰ ਵਿਚ ਬੋਤਲ ਨੂੰ ਸਾਦੇ ਪਾਣੀ ਨਾਲ ਉਦੋਂ ਤਕ ਧੋਵੋ, ਜਦ ਤਕ ਸਾਬਣ ਦੀ ਚਿਕਨਾਈ ਜਾਂ ਝੱਗ ਖ਼ਤਮ ਨਾ ਹੋ ਜਾਵੇ। ਫਿਰ ਬੋਤਲ ਨੂੰ ਖੁਲ੍ਹੀ ਰੱਖ ਕੇ ਧੁੱਪ ਵਿਚ ਸੁਕਾ ਲਵੋ।

ਸਫ਼ਾਈ ਦੇ ਮਾਮਲੇ ਵਿਚ ਸਿਰਕਾ ਕਮਾਲ ਦੀ ਚੀਜ਼ ਹੈ। ਜੇਕਰ ਤੁਹਾਡੀ ਬੋਤਲ ਵਿਚੋਂ ਬਦਬੂ ਆਉਂਦੀ ਹੈ ਤਾਂ ਸਿਰਕਾ ਇਸ ਨੂੰ ਖ਼ਤਮ ਕਰਨ ਲਈ ਚੰਗਾ ਵਿਕਲਪ ਹੈ। ਇਸ ਲਈ ਬੋਤਲ ਵਿਚ ਸਿਰਕਾ ਤੇ ਪਾਣੀ ਪਾਉ ਤੇ ਅੱਧੇ ਘੰਟੇ ਲਈ ਛੱਡ ਦੇਵੋ। ਅੱਧੇ ਘੰਟੇ ਬਾਅਦ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਕੇ ਅੰਦਰੋਂ ਬਾਹਰੋਂ ਧੋ ਲਵੋ। ਜੇਕਰ ਬਦਬੂ ਬਹੁਤ ਜ਼ਿਆਦਾ ਹੋਵੇ ਤਾਂ ਗਰਮ ਪਾਣੀ ਵਿਚ ਸਿਰਕਾ ਮਿਲਾ ਕੇ ਬੋਤਲ ਵਿਚ ਪਾਉ ਤੇ ਇਸ ਨੂੰ ਰਾਤ ਭਰ ਲਈ ਪਈ ਰਹਿਣ ਦਿਉ। ਅਗਲੇ ਦਿਨ ਕੋਸੇ ਪਾਣੀ ਨਾਲ ਬੋਤਲ ਧੋ ਲਵੋ।