ਰਾਗੀ ਖਾਉ, ਸਿਹਤਮੰਦ ਹੋ ਜਾਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫ਼ੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ।

Rongi

ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫ਼ੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਸਹਿ ਜਾਂਦੀ ਹੈ। ਕਰਨਾਟਕ ਵਿਚੋਂ ਪੂਰੇ ਭਾਰਤ ਵਾਸਤੇ 58 ਫ਼ੀ ਸਦੀ ਰਾਗੀ ਪਹੁੰਚਦੀ ਹੈ। ਇਸ ਤੋਂ ਵਧੀਆ ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹਕਣ ਤੇ ਹੋਰ ਕਈ ਲੋੜੀਂਦੇ ਤੱਤ ਹਨ। ਇਸ ਵਿਚ ਥਿੰਦਾ ਕਾਫ਼ੀ ਘੱਟ ਹੈ, ਖ਼ਾਸ ਕਰ ਸੈਚੂਰੇਟਿਡ।

ਭਾਰ ਘਟਾਉਣ ਲਈ ਇਸ ਤੋਂ ਵਧੀਆ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ ਵਿਚ ਵੀ ਇਸ ਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਚਾਹੀਦੀ ਹੈ। ਕਮਾਲ ਤਾਂ ਇਹ ਵੇਖੋ ਕਿ ਤਣਾਉ ਘਟਾਉਣ ਲਈ ਵੀ ਇਹ ਅੰਨ ਲਾਹੇਵੰਦ ਸਾਬਤ ਹੋ ਚੁਕਿਆ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪੀਹ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੋਸ਼ਟਿਕਤਾ ਬਰਕਰਾਰ ਰਹਿੰਦੀ ਹੈ।

ਫ਼ਾਇਦੇ : ਭਾਰ ਘਟਾਉਣ ਲਈ : ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੂ ਕੀਤੇ ਜਾਣ, ਹਰ ਕਿਸੇ ਵਿਚ ਖ਼ੁਰਾਕ ਵਿਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਇਸ ਵਿਚਲਾ ਅਮਾਈਨੋ ਏਸਿਡ 'ਟਰਿਪਟੋਫੈਨ' ਭੁੱਖ ਮਾਰਦਾ ਹੈ। ਸੱਭ ਤੋਂ ਵੱਧ ਫਾਈਬਰ ਭਰਪੂਰ ਹੋਣ ਸਦਕਾ ਇਹ ਢਿੱਡ ਵਿਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਢਿੱਡ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਢਿੱਡ ਛੇਤੀ ਖ਼ਾਲੀ ਵੀ ਨਹੀਂ ਹੁੰਦਾ।

ਹੱਡੀਆਂ ਮਜ਼ਬੂਤ ਕਰਨ ਲਈ : ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਉਨਾ ਕਿਸੇ ਹੋਰ ਸਬਜ਼ੀ ਜਾਂ ਅੰਨ ਵਿਚ ਨਹੀਂ। ਇਸੇ ਲਈ ਰਾਗੀ ਖਾਣ ਨਾਲ ਸ੍ਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ-ਡੀ ਦਾ ਭੰਡਾਰ ਜਮ੍ਹਾਂ ਹੋ ਜਾਂਦਾ ਹੈ, ਜੋ ਹੱਡੀਆਂ ਮਜ਼ਬੂਤ ਕਰਨ ਵਿਚ ਸਹਾਈ ਹੁੰਦਾ ਹੈ। ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਇਕ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜੀ ਮਾਤਰਾ ਵਿਚ ਪੂਰੀ ਤਾਕਤ ਦਿੰਦਾ ਹੈ।

ਸ਼ੱਕਰ ਰੋਗੀਆਂ ਲਈ : ਜਿਨ੍ਹਾਂ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਹੈ, ਉਨ੍ਹਾਂ ਵਾਸਤੇ ਰਾਗੀ ਕੁਦਰਤੀ ਨਿਆਮਤ ਤੋਂ ਘੱਟ ਨਹੀਂ ਕਿਉਂਕਿ ਇਸ ਵਿਚਲਾ ਫ਼ਾਈਬਰ ਤੇ 'ਪੌਲੀਫੀਨੋਲ', ਕਣਕ, ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸ ਨੂੰ ਖਾਣ ਨਾਲ ਰੋਟੀ ਛੇਤੀ ਹਜ਼ਮ ਨਹੀਂ ਹੁੰਦੀ ਤੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ। ਰਾਗੀ ਦਾ ਗਲਾਈਸੀਮਿਕ ਇੰਡੈਕਸ ਕਾਫ਼ੀ ਘੱਟ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਅੱਧ ਰਾਤ ਨੂੰ ਸ਼ੱਕਰ ਦੀ ਮਾਤਰਾ ਘੱਟਣ ਦਾ ਖ਼ਤਰਾ ਟਲ ਜਾਂਦਾ ਹੈ ਤੇ ਉਨ੍ਹਾਂ ਦੀ ਸ਼ੱਕਰ ਦੀ ਮਾਤਰਾ ਸਹੀ ਰਹਿੰਦੀ ਹੈ।

ਕੋਲੈਸਟਰੋਲ ਨੂੰ ਘਟਾਉਣ ਲਈ : ਕੋਲੈਸਟਰੋਲ ਨੂੰ ਘਟਾਉਣ ਵਿਚ ਵੀ ਰਾਗੀ ਦਾ ਕੋਈ ਸਾਨੀ ਨਹੀਂ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਰਾਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ। ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ ਹੈ।

ਅਮਾਈਨੋ ਏਸਿਡ 'ਲੈਸੀਥਿਨ' ਤੇ 'ਮੀਥਾਈਓਨੀਨ' ਕੋਲੈਸਟਰੋਲ ਨੂੰ ਛੇਤੀ ਘਟਾਉਣ ਦੇ ਨਾਲ-ਨਾਲ ਜਿਗਰ ਵਿਚੋਂ ਜੰਮੇ ਥਿੰਦੇ ਨੂੰ ਵੀ ਖੋਰ ਦਿੰਦੇ ਹਨ। 'ਥਰੀਉਨੀਨ' ਅਮਾਈਨੋ ਏਸਿਡ ਜੋ ਰਾਗੀ ਵਿਚ ਬੇਅੰਤ ਹੈ, ਉਹ ਜਿਗਰ ਵਿਚ ਥਿੰਦਾ ਇਕੱਠਾ ਹੋਣ ਹੀ ਨਹੀਂ ਦਿੰਦਾ। ਜੇਕਰ ਰਾਗੀ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਵਰਤ ਲਿਆ ਜਾਵੇ, ਯਾਨੀ ਜਦੋਂ ਅਜੇ ਹਰੀ ਹੀ ਹੋਵੇ, ਤਾਂ ਇਹ ਬਲੱਡ ਪ੍ਰੈੱਸ਼ਰ ਘਟਾਉਣ ਵਿਚ ਵੀ ਸਹਾਈ ਹੋ ਜਾਂਦੀ ਹੈ।

ਤਣਾਉ ਘਟਾਉਣ ਲਈ : ਐਂਟੀ ਆਕਸੀਡੈਂਟ ਭਰਪੂਰ ਹੋਣ ਕਾਰਨ, ਖ਼ਾਸ ਕਰ ਟਰਿਪਟੋਫ਼ੈਨ ਤੇ ਹੋਰ ਅਮਾਈਨੋ ਏਸਿਡ, ਰਾਗੀ ਖਾਣ ਨਾਲ ਸ੍ਰੀਰ ਅੰਦਰ ਫ਼ਰੀ ਰੈਡੀਕਲ ਅਪਣੇ ਮਾੜੇ ਅਸਰ ਛੱਡ ਨਹੀਂ ਸਕਦੇ ਤੇ ਨਤੀਜਾ-ਤਣਾਉ ਦਾ ਘਟਣਾ। ਇੰਜ ਹੁੰਦੇ ਸਾਰ ਬਲੱਡ ਪ੍ਰੈੱਸ਼ਰ ਨਾਰਮਲ ਹੋ ਜਾਂਦਾ ਹੈ, ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ, ਸਿਰ ਪੀੜ ਠੀਕ ਹੋ ਜਾਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ। ਸਿਰ ਪੀੜ ਤੇ ਮਾਈਗਰੇਨ ਵਾਲੇ ਮਰੀਜ਼ਾਂ ਲਈ ਰਾਗੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

ਪੱਠਿਆਂ ਦਾ ਕੰਮਕਾਰ : ਕੁਦਰਤੀ ਪ੍ਰੋਟੀਨ ਦਾ ਸੱਭ ਤੋਂ ਵਧੀਆ ਸੋਮਾ ਰਾਗੀ ਹੀ ਮੰਨਿਆ ਗਿਆ ਹੈ। ਨਾ ਸਿਰਫ਼ ਅਮਾਈਨੋ ਏਸਿਡ, ਬਲਕਿ ਕੈਲਸ਼ੀਅਮ, ਲੋਹ-ਕਣ, ਨਾਇਆਸਿਨ, ਥਾਇਆਮੀਨ, ਰਾਈਬੋਫ਼ਲੇਵਿਨ, ਵੇਲੀਨ, ਥਰੀਉਨੀਨ, ਆਈਸੁਲੋਸੀਨ, ਮਿਥਾਇਉਨੀਨ ਤੇ ਟਰਿਪਟੋਫ਼ੈਨ ਪੱਠਿਆਂ ਦੇ ਕੰਮਕਾਰ, ਸ੍ਰੀਰ ਲਈ ਖ਼ੂਨ ਬਣਾਉਣਾ ਤੇ ਪੱਠਿਆਂ ਵਲ ਘੱਲਣਾ, ਤਣਾਉ ਘਟਾ ਕੇ ਗ੍ਰੋਥ ਹਾਰਮੋਨ ਵਧਾਉਣਾ ਆਦਿ ਵਿਚ ਮਦਦ ਕਰਦੇ ਹਨ। ਇਸੇ ਲਈ ਲੰਬਾਈ ਵਧਾਉਣ ਲਈ ਰਾਗੀ ਜ਼ਰੂਰ ਖਾਣੀ ਚਾਹੀਦੀ ਹੈ।

ਲਹੂ ਦੀ ਕਮੀ ਠੀਕ ਕਰਨੀ : ਪੁੰਗਰੀ ਹੋਈ ਰਾਗੀ ਰੈਗੂਲਰ ਤੌਰ ਉੱਤੇ ਵਰਤਣ ਵਾਲਿਆਂ ਨੂੰ ਖ਼ੂਨ ਦੀ ਕਮੀ ਹੋ ਹੀ ਨਹੀਂ ਸਕਦੀ। ਇਸ ਵਿਚਲਾ ਵਿਟਾਮਿਨ-ਸੀ ਖ਼ੁਰਾਕ ਵਿਚੋਂ ਲੋਹ ਕਣ ਹਜ਼ਮ ਕਰਨ ਵਿਚ ਮਦਦ ਕਰਦਾ ਹੈ। ਖੋਜਾਂ ਸਾਬਤ ਕਰ ਚੁਕੀਆਂ ਹਨ ਕਿ ਰੋਜ਼ ਰਾਗੀ ਖਾਣ ਵਾਲਿਆਂ ਨੂੰ ਆਇਰਨ ਦੀਆਂ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਰਹਿੰਦੀ।

ਹਾਜ਼ਮਾ ਠੀਕ ਕਰਨਾ : ਫ਼ਾਈਬਰ ਭਰਪੂਰ ਹੋਣ ਕਾਰਨ ਅੰਤੜੀਆਂ ਠੀਕ ਠਾਕ ਚਲਦੀਆਂ ਰਹਿੰਦੀਆਂ ਹਨ ਤੇ ਕਬਜ਼ ਨਹੀਂ ਹੁੰਦੀ। ਰਾਗੀ ਵਿਚਲਾ ਫਾਈਬਰ ਹਜ਼ਮ ਨਹੀਂ ਹੁੰਦਾ ਤੇ ਪਾਣੀ ਨੂੰ ਵਿਚ ਮਿਲਾ ਕੇ ਅੰਤੜੀਆਂ ਤੰਦਰੁਸਤ ਰਖਦਾ ਹੈ ਜਿਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ।

ਜ਼ਚਾ ਦਾ ਦੁਧ ਵੱਧ ਬਣਨਾ : ਦੁਧ ਪਿਆਉਣ ਵਾਲੀਆਂ ਮਾਵਾਂ ਵਾਸਤੇ ਰਾਗੀ ਬਹੁਤ ਲਾਹੇਵੰਦ ਹੈ। ਜਿੱਥੇ ਇਹ ਸੰਪੂਰਨ ਖ਼ੁਰਾਕ ਵਾਂਗ ਹੈ, ਉਥੇ ਹੀਮੋਗਲੋਬਿਨ ਠੀਕ ਰਖਦੀ ਹੈ ਤੇ ਹੱਡੀਆਂ ਵੀ ਮਜ਼ਬੂਤ ਕਰਦੀ ਹੈ। ਹਰੀ ਰਾਗੀ ਜ਼ਚਾ ਦਾ ਦੁਧ ਵਧਾ ਦਿੰਦੀ ਹੈ ਤੇ ਮਾਂ ਦੇ ਦੁਧ ਵਿਚ ਸਾਰੇ ਜ਼ਰੂਰੀ ਤੱਤ ਵੀ ਭਰ ਦਿੰਦੀ ਹੈ ਜਿਵੇਂ, ਲੋਹ ਕਣ, ਕੈਲਸ਼ੀਅਮ, ਤੇ ਦਿਮਾਗ਼ ਵਧਾਉਣ ਵਾਲੇ ਅਮਾਈਨੋ ਏਸਿਡ ਵੀ।

(ਰਾਗੀ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ, ਜੋ ਇਕ ਲੇਖ ਵਿਚ ਪੂਰੇ ਨਹੀਂ ਲਿਖੇ ਜਾ ਸਕਦੇ। ਇਸ ਲਈ ਅਗਲੇ ਲੇਖ ਵਿਚ ਰਾਗੀ ਸਬੰਧੀ ਹੋਰ ਵੀ ਜਾਣਕਾਰੀ ਪਾਠਕਾਂ ਤਕ ਪਹੁੰਚਾਵਾਂਗੇ।)
ਸੰਪਰਕ : 0175-2216783