ਗਰਮੀਆਂ ਵਿਚ ਘੱਟ ਪਾਣੀ ਪੀਣ ਨਾਲ ਆਉਂਦੇ ਹਨ ‘ਚੱਕਰ’, ਇਸ ਤੋਂ ਬਚਾਅ ਦੇ ਤਰੀਕੇ
ਸਰੀਰਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ।
ਮੁਹਾਲੀ : ਕਈ ਵਾਰ ਲਗਾਤਾਰ ਬੈਠੇ ਰਹਿਣ ਤੋਂ ਬਾਅਦ ਇਕਦਮ ਖੜੇ ਹੋਣ ’ਤੇ ਅੱਖਾਂ ਸਾਹਮਣੇ ਹਨੇਰਾ ਆ ਜਾਂਦਾ ਹੈ ਅਤੇ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਣ ਲਗਦੀਆਂ ਹਨ। ਇਸ ਸਮੱਸਿਆ ਨੂੰ ਚੱਕਰ ਆਉਣਾ ਕਹਿੰਦੇ ਹਨ। ਇਸ ਦੇ ਹੋਣ ਦਾ ਕਾਰਨ ਸਰੀਰਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ। ਗਰਮੀਆਂ ਵਿਚ ਘੱਟ ਪਾਣੀ ਪੀਣ ਨਾਲ ਵੀ ਚੱਕਰ ਆਉਣ ਲਗਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ।
ਘੱਟ ਸ਼ੂਗਰ ਵਾਂਗ, ਅਚਾਨਕ ਘੱਟ ਬਲੱਡ ਪ੍ਰੈਸ਼ਰ ਦੀ ਸ਼ੁਰੂਆਤ ਵੀ ਚੱਕਰ ਆਉਣ ਦਾ ਕਾਰਨ ਬਣਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਘੱਟ ਬਲੱਡ ਪ੍ਰੈਸ਼ਰ ਵਿਚ ਸਰੀਰ ਦਾ ਖ਼ੂਨ ਸੰਚਾਰ ਵੀ ਬੇਕਾਬੂ ਹੁੰਦਾ ਹੈ ਜਿਸ ਕਾਰਨ ਲੋਕ ਅਚਾਨਕ ਚੱਕਰ ਆਉਣੇ ਮਹਿਸੂਸ ਕਰਦੇ ਹਨ। ਜੇ ਤੁਹਾਨੂੰ ਵੀ ਇਸੇ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤਾਂ ਤੁਰਤ ਅਪਣੇ ਡਾਕਟਰ ਨਾਲ ਸੰਪਰਕ ਕਰੋ।
ਮਾਈਗ੍ਰੇਨ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਦਾ ਸੱਭ ਤੋਂ ਵੱਡਾ ਕਾਰਨ ਭੱਜ ਦੌੜ ਵਾਲਾ ਜੀਵਨ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ’ਤੇ ਵੱਡੀ ਮਾਤਰਾ ਵਿਚ ਸਿਰਦਰਦ ਹੁੰਦਾ ਹੈ, ਜੋ 2 ਤੋਂ 3 ਦਿਨਾਂ ਤਕ ਲਗਾਤਾਰ ਰਹਿੰਦਾ ਹੈ। ਇਹ ਮਾਈਗ੍ਰੇਨ ਸਿਰਦਰਦ ਤੋਂ ਪਹਿਲਾਂ ਜਾਂ ਬਾਅਦ ਚੱਕਰ ਆਉਣ ਦਾ ਕਾਰਨ ਬਣਦਾ ਹੈ।
ਇਸ ਤਰ੍ਹਾਂ ਹੋ ਸਕਦਾ ਹੈ ਤੁਹਾਨੂੰ ਫ਼ਾਇਦਾ:
ਆਮਲੇ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ ਜਿਸ ਨਾਲ ਸਰੀਰ ਵਿਚ ਰੋਗ ਰੋਕਣ ਦੀ ਸਮਰੱਥਾ ਵਧਦੀ ਹੈ ਅਤੇ ਚੱਕਰ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ ਦੋ ਆਮਲਿਆਂ ਨੂੰ ਪੀਸ ਕੇ ਪੇਸਟ ਬਣਾ ਲਉ, ਫਿਰ ਇਸ ਵਿਚ 2 ਚਮਚ ਧਨੀਏ ਦੇ ਬੀਜ ਅਤੇ 1 ਕੱਪ ਪਾਣੀ ਮਿਲਾ ਕੇ ਪੂਰੀ ਰਾਤ ਭਿਉਂ ਕੇ ਰੱਖ ਦਿਉ। ਫਿਰ ਅਗਲੀ ਸਵੇਰੇ ਉਠ ਕੇ ਛਾਣ ਕੇ ਇਸ ਦਾ ਪਾਣੀ ਪੀ ਲਉ। ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਕਾਫ਼ੀ ਵਧੀਆ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ 2 ਚਮਚ ਸ਼ਹਿਦ ਵਿਚ 2 ਚਮਚ ਸੇਬ ਦਾ ਸਿਰਕਾ ਮਿਲਾਉ ਅਤੇ ਫਿਰ ਇਸ ਮਿਸ਼ਰਣ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਉ। ਇਸ ਤਰੀਕੇ ਨੂੰ ਦਿਨ ਵਿਚ ਦੋ ਵਾਰ ਕਰੋ।
ਨਿੰਬੂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਅ ਕੇ ਰਖਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਕਰਦਾ ਹੈ। ਚੱਕਰ ਆਉਣ ਦੀ ਸਮੱਸਿਆ ਹੋਣ ’ਤੇ ਅੱਧੇ ਨਿੰਬੂ ਨੂੰ 1 ਗਲਾਸ ਪਾਣੀ ਵਿਚ ਨਿਚੋੜ ਕੇ ਇਸ ਵਿਚ 2 ਚਮਚ ਚੀਨੀ ਮਿਲਾ ਕੇ ਪੀਉ। ਇਸ ਤੋਂ ਇਲਾਵਾ 1 ਚਮਚ ਨਿੰਬੂ ਦੇ ਰਸ ਵਿਚ ਕਾਲੀ ਮਿਰਚ ਅਤੇ ਨਮਕ ਮਿਲਾਉ ਅਤੇ ਫਿਰ ਇਸ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਉ। ਚੱਕਰ ਆਉਣ ਦਾ ਆਮ ਕਾਰਨ ਡੀਹਾਈਡ੍ਰੇਸ਼ਨ ਵੀ ਹੈ। ਕਈ ਵਾਰ ਕਸਰਤ ਦੌਰਾਨ ਪਾਣੀ ਨਾ ਪੀਣ ਕਾਰਨ ਵੀ ਚੱਕਰ ਆਉਣ ਲਗਦੇ ਹਨ। ਇਸ ਲਈ ਦਿਨ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਇਸ ਤੋਂ ਇਲਾਵਾ ਫਲਾਂ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।