ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਕਈ ਬੀਮਾਰੀਆਂ ਤੋਂ ਦਿਵਾਏਗੀ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਛਾਈਆਂ ਦੀ ਸਮੱਸਿਆ ਵੀ ਹੋਵੇਗੀ ਘੱਟ

Guava leaves

ਮੁਹਾਲੀ: ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਅਮਰੂਦ ਦੀ ਵਰਤੋਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ-ਨਾਲ ਇਸ ਦੇ ਪੱਤੇ ਵੀ ਕਿਸੇ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹਨ? ਸ਼ੂਗਰ ਅਤੇ ਮੋਟਾਪੇ ਨਾਲ ਜੂਝ ਰਹੇ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਅਮਰੂਦ ਦੇ ਪੱਤੇ। ਅਮਰੂਦ ਦੇ ਪੱਤਿਆਂ ਨੂੰ ਤੁਸੀਂ ਚਾਹ ਦੇ ਤੌਰ ’ਤੇ ਵੀ ਵਰਤ ਸਕਦੇ ਹੋ। ਇਸ ਤਰ੍ਹਾਂ ਬਣਾਉ ਅਮਰੂਦ ਦੇ ਪੱਤਿਆਂ ਦੀ ਚਾਹ:

ਅਮਰੂਦ ਦੀ ਚਾਹ ਬਣਾਉਣ ਲਈ ਸੱਭ ਤੋਂ ਪਹਿਲਾਂ ਅਮਰੂਦ ਦੇ ਪੱਤੇ ਲਉ ਅਤੇ ਚੰਗੀ ਤਰ੍ਹਾਂ ਧੋ ਲਉ। ਹੁਣ ਡੇਢ ਕੱਪ ਪਾਣੀ ਨੂੰ 2 ਮਿੰਟ ਤਕ ਉਬਾਲੋ ਅਤੇ ਫਿਰ ਅਮਰੂਦ ਦੇ ਪੱਤਿਆਂ ਦੇ ਨਾਲ ਨਾਰਮਲ ਚਾਹ ਪੱਤੀ ਪਾਉ। ਹੁਣ ਇਨ੍ਹਾਂ ਸਾਰਿਆਂ ਨੂੰ 10 ਮਿੰਟ ਲਈ ਪਕਾਉ। ਫਿਰ ਪਾਣੀ ਨੂੰ ਛਾਣ ਕੇ ਇਕ ਗਲਾਸ ਵਿਚ ਪਾਉ। ਤੁਸੀਂ ਇਸ ’ਚ ਥੋੜ੍ਹਾ ਜਿਹਾ ਸ਼ਹਿਦ ਮਿਠਾਸ ਲਈ ਪਾ ਸਕਦੇ ਹੋ। 

ਅਮਰੂਦ ਦੇ ਪੱਤਿਆਂ ਦੇ ਫ਼ਾਇਦੇ: ਗ਼ਲਤ ਖਾਣ-ਪੀਣ ਕਾਰਨ ਅੱਜਕਲ ਲੋਕਾਂ ਵਿਚ ਹਾਈ ਕੈਲੇਸਟਰੋਲ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਪਰ ਇਸ ਦੇ ਪੱਤੇ ਰੋਜ਼ ਖਾਣ ਨਾਲ ਇਸ ਦੀ ਮਾਤਰਾ ਕੰਟਰੋਲ ਵਿਚ ਰਹਿੰਦੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਦਿਨ ਭਰ 1-2 ਕੱਪ ਚਾਹ ਦੀ ਵਰਤੋਂ ਕਰੋ। ਸਵੇਰੇ ਖ਼ਾਲੀ ਪੇਟ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਦੀ ਵਰਤੋਂ ਕਰਨ ਨਾਲ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ਵੀ ਤੰਦਰੁਸਤ ਰਹਿੰਦੀ ਹੈ।

ਐਂਟੀ-ਸੈਪਟਿਕ ਹੋਣ ਕਾਰਨ ਅਮਰੂਦ ਦੇ ਪੱਤੇ ਬੈਕਟੀਰੀਆ ਇੰਫ਼ੈਕਸ਼ਨ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਇਸ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਛਾਈਆਂ ’ਤੇ ਲਗਾਉ ਅਤੇ 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਉ। ਹਫ਼ਤੇ ’ਚ 2-3 ਵਾਰ ਇਸ ਦੀ ਵਰਤੋਂ ਕਰਨ ਨਾਲ ਛਾਈਆਂ ਦੂਰ ਹੋ ਜਾਣਗੀਆਂ। ਜੇ ਤੁਸੀਂ ਚਾਹੋ ਤਾਂ ਦਿਨ ’ਚ ਇਕ ਵਾਰ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਜ਼ਰੂਰ ਪੀਉ। ਇਸ ਨਾਲ ਛਾਈਆਂ ਦੀ ਸਮੱਸਿਆ ਵੀ ਘੱਟ ਹੋਵੇਗੀ।