ਗਰਭਵਤੀ ਔਰਤਾਂ ਗ਼ਲਤੀ ਨਾਲ ਵੀ ਨਾ ਖਾਣ ਗੁੜ, ਹੋ ਸਕਦੇ ਹਨ ਇਹ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗੁੜ ਵਿਚ ਫ਼ਰੂਟੋਜ਼ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਕੇ ਗਰਭਕਾਲੀ ਸ਼ੂਗਰ ਦੇ ਜੋਖਮ ਨੂੰ ਵਧਾਉਂਦੀ ਹੈ

Jaggery

 

ਮੁਹਾਲੀ: ਗੁੜ ਬੇਸ਼ੱਕ ਸਿਹਤਮੰਦ ਹੈ ਪਰ ਜੇਕਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਲਿਆ ਜਾਵੇ ਤਾਂ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਖ਼ਾਸ ਤੌਰ ਗਰਭਵਤੀ ਅਵਸਥਾ ਦੌਰਾਨ ਜ਼ਿਆਦਾ ਗੁੜ ਖਾਂਦੇ ਹੋ ਤਾਂ ਇਸ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਗੁੜ ਵਿਚ ਫ਼ਰੂਟੋਜ਼ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਕੇ ਗਰਭਕਾਲੀ ਸ਼ੂਗਰ ਦੇ ਜੋਖਮ ਨੂੰ ਵਧਾਉਂਦੀ ਹੈ। ਆਉ ਜਾਣਦੇ ਹਾਂ, ਗਰਭ ਅਵਸਥਾ ਦੌਰਾਨ ਗੁੜ ਕਿਵੇਂ ਨੁਕਸਾਨ ਕਰ ਸਕਦਾ ਹੈ:

 

ਬਹੁਤ ਸਾਰੇ ਲੋਕ ਗੁੜ ਨੂੰ ਸਿਹਤਮੰਦ ਮੰਨਦੇ ਹਨ ਅਤੇ ਇਸ ਨੂੰ ਮਿੱਠੇ ਦੀ ਬਜਾਏ ਜ਼ਿਆਦਾ ਖਾਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 100 ਗ੍ਰਾਮ ਗੁੜ ਵਿਚ 10-15 ਗ੍ਰਾਮ ਫ਼ਰਕਟੋਜ਼ ਹੁੰਦਾ ਹੈ। ਜੇਕਰ ਇਸ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਜੇਕਰ ਤੁਸੀਂ ਗੁੜ ਜ਼ਿਆਦਾ ਖਾਉਗੇ ਤਾਂ ਇਹ ਚੀਨੀ ਵਾਂਗ ਕੰਮ ਕਰੇਗਾ।

 ਗੁੜ ਗੰਨੇ ਦੇ ਰਸ ਤੋਂ ਬਣਾਇਆ ਜਾਂਦਾ ਹੈ, ਜੋ ਸ਼ੁਧ ਹੋਣ ਤੋਂ ਬਾਅਦ ਹੀ ਗੁੜ ਦੇ ਰੂਪ ਵਿਚ ਆਉਂਦਾ ਹੈ। ਆਮ ਤੌਰ ’ਤੇ ਜਿਥੇ ਗੁੜ ਬਣਾਇਆ ਜਾਂਦਾ ਹੈ, ਉਥੇ ਸਫ਼ਾਈ ਦਾ ਜ਼ਿਆਦਾ ਧਿਆਨ ਨਹੀਂ ਰਖਿਆ ਜਾਂਦਾ। ਜੇਕਰ ਗੰਨੇ ਦਾ ਰਸ ਸਾਫ਼-ਸੁਥਰਾ ਨਾ ਕਢਿਆ ਜਾਵੇ ਤਾਂ ਇਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਪੈਦਾ ਹੋ ਸਕਦੇ ਹਨ। ਇਸ ਲਈ ਗੁੜ ਖ਼ਰੀਦਦੇ ਸਮੇਂ ਸਾਵਧਾਨ ਰਹੋ ਅਤੇ ਜ਼ਿਆਦਾ ਨਾ ਖਾਉ।

ਕਈ ਲੋਕ ਸੋਚਦੇ ਹਨ ਕਿ ਗੁੜ ਖਾਣ ਨਾਲ ਉਨ੍ਹਾਂ ਦਾ ਭਾਰ ਨਹੀਂ ਵਧੇਗਾ ਪਰ ਅਜਿਹਾ ਨਹੀਂ ਹੈ। ਬਹੁਤ ਜ਼ਿਆਦਾ ਗੁੜ ਖਾਣ ਨਾਲ ਭਾਰ ਵਧਦਾ ਹੈ। ਗੁੜ ਪ੍ਰੋਟੀਨ ਅਤੇ ਚਰਬੀ ਦੇ ਨਾਲ-ਨਾਲ ਫ਼ਰਕਟੋਜ਼ ਅਤੇ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ। 100 ਗ੍ਰਾਮ ਗੁੜ ਵਿਚ 383 ਕੈਲੋਰੀ ਹੁੰਦੀ ਹੈ। ਇਸ ਲਈ ਖਾਣ ਤੋਂ ਪਹਿਲਾਂ ਸੋਚੋ।