Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

Health News: ਗਰਮੀਆਂ ਵਿਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ :

Try these recipes to get rid of bile problem in summer

 

Health News: ਪਿੱਤ ਹੋਣਾ ਗਰਮੀਆਂ ਦੇ ਮੌਸਮ ਵਿਚ ਆਮ ਗੱਲ ਹੈ ਤੇ ਇਸ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਪਾਊਡਰ ਮਾਰਕੀਟ ਵਿਚ ਮੌਜੂਦ ਹਨ। ਹਾਲਾਂਕਿ ਇਸ ਦਾ ਘਰੇਲੂ ਨੁਸਖ਼ਿਆਂ ਨਾਲ ਇਲਾਜ ਵੀ ਸੰਭਵ ਹੈ। ਪਿੱਤ ਚਮੜੀ ਦੇ ਧੱਫੜ ਦੀ ਇਕ ਕਿਸਮ ਹੈ ਜੋ ਚਮੜੀ ਅੰਦਰ ਪਸੀਨੇ ਦੇ ਠਹਿਰਨ ਕਾਰਨ ਹੁੰਦੀ ਹੈ। ਆਮ ਤੌਰ ’ਤੇ, ਇਹ ਗਰਮੀਆਂ ਵਿਚ ਤੇ ਖ਼ਾਸ ਤੌਰ ’ਤੇ ਨਮੀ ਵਾਲੇ ਮੌਸਮ ਵਾਲੀਆਂ ਥਾਵਾਂ ’ਤੇ ਪ੍ਰੇਸ਼ਾਨ ਕਰਦੀ ਹੈ।

ਭਾਵੇਂ ਇਸ ਦੀ ਜਲਣ ਹੌਲੀ-ਹੌਲੀ ਅਪਣੇ ਆਪ ਖ਼ਤਮ ਹੋ ਜਾਂਦੀ ਹੈ ਪਰ ਕਈ ਵਾਰ ਇਹ ਚਮੜੀ ’ਤੇ ਇੰਨਾ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਕਿ ਇਸ ਕਾਰਨ ਹੋਣ ਵਾਲੀ ਖੁਜਲੀ ਅਤੇ ਜਲਣ ਹੱਦ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਲਗਦੀ ਹੈ।

ਗਰਮੀਆਂ ਵਿਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ :

ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਲਈ ਸੱਭ ਤੋਂ ਪਹਿਲਾਂ ਕੱਚੇ ਅੰਬ ਨੂੰ ਗੈਸ ’ਤੇ ਭੁੰਨ ਲਉ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਦਾ ਗੁੱਦਾ ਕੱਢ ਕੇ ਫ਼ਰਿਜ ਵਿਚ ਰੱਖ ਦਿਉ। ਹੁਣ ਠੰਢਾ ਹੋਣ ਤੋਂ ਬਾਅਦ ਇਸ ਦਾ ਗੁੱਦਾ ਸਰੀਰ ’ਤੇ ਲਗਾਉ।

ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਪਾਉ ਅਤੇ ਇਸ ਪਾਣੀ ਵਿਚ ਖੀਰੇ ਦੇ ਪਤਲੇ ਟੁਕੜੇ ਪਾਉ। ਹੁਣ ਇਨ੍ਹਾਂ ਟੁਕੜਿਆਂ ਨੂੰ ਜਲਣ ਵਾਲੀ ਥਾਂ ’ਤੇ ਹੌਲੀ-ਹੌਲੀ ਰਗੜੋ ਅਤੇ ਥੋੜ੍ਹੀ ਦੇਰ ਇਸ ’ਤੇ ਪਿਆ ਰਹਿਣ ਦਿਉ। ਇਸ ਤੋਂ ਇਲਾਵਾ ਨਾਰੀਅਲ ਦੇ ਤੇਲ ਵਿਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਇਸ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ। ਇਸ ਦੀ ਵਰਤੋਂ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।

ਜੇ ਤੁਸੀਂ ਇਕ ਲਿਟਰ ਪਾਣੀ ਵਿਚ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਰੋਜ਼ਾਨਾ ਇਸ ਪਾਣੀ ਨਾਲ ਇਸ਼ਨਾਨ ਕਰੋ ਤਾਂ ਇਸ ਨਾਲ ਖ਼ੁਜਲੀ ਵਾਲੀ ਗਰਮੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਤੁਲਸੀ ਦੀ ਥੋੜ੍ਹੀ ਜਿਹੀ ਲੱਕੜ ਨੂੰ ਪੀਸ ਕੇ ਪਾਊਡਰ ਬਣਾ ਲਉ ਅਤੇ ਇਸ ਪੇਸਟ ਨੂੰ ਜਲਣ ਵਾਲੀ ਥਾਂ ’ਤੇ ਲਗਾਉ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
ਦੋ ਚਮਚ ਮੁਲਤਾਨੀ ਮਿੱਟੀ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਪ੍ਰਭਾਵਤ ਥਾਂ ’ਤੇ ਲਗਾਉ। ਸੁਕ ਜਾਣ ’ਤੇ ਇਸ ਨੂੰ ਧੋ ਲਉ। ਤੁਸੀਂ ਇਸ ਨੂੰ ਲਗਾਤਾਰ ਲਾਉਂਦੇ ਰਹੋ।

ਦੋ ਚਮਚ ਬੇਕਿੰਗ ਸੋਡਾ ਲੈ ਕੇ ਇਕ ਕਟੋਰੀ ਪਾਣੀ ਵਿਚ ਮਿਲਾ ਕੇ ਸਰੀਰ ਦੇ ਪ੍ਰਭਾਵਤ ਹਿੱਸੇ ’ਤੇ ਲਗਾਉ। ਕੁੱਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਉ।
ਇਕ ਸੂਤੀ ਕਪੜੇ ਵਿਚ ਬਰਫ਼ ਦੇ ਕੁੱਝ ਟੁਕੜੇ ਲਉ ਅਤੇ ਇਸ ਨੂੰ ਲਪੇਟ ਕੇ ਪਿੱਤ ਵਾਲੇ ਹਿੱਸੇ ’ਤੇ ਲਗਾਉ। ਇਸ ਨਾਲ ਜਲਣ ਤੋਂ ਰਾਹਤ ਮਿਲੇਗੀ।