ਆਉ ਮਾਨਸਿਕ ਬੋਝ ਰਹਿਤ ਜ਼ਿੰਦਗੀ ਜਿਉਣਾ ਸਿਖੀਏ

ਏਜੰਸੀ

ਜੀਵਨ ਜਾਚ, ਸਿਹਤ

ਅੱਜ ਦੇ ਨਿਰਦਈ ਸਮੇਂ ਵਿਚ ਜੇ ਕੋਈ ਵੀ ਅਪਣੇ ਅੰਦਰ ਝਾਤੀ ਮਾਰੇ ਤਾਂ ਭਾਰਾਪਨ ਹੀ ਮਿਲੇਗਾ

Mental Burden

ਅੱਜ ਦੇ ਨਿਰਦਈ ਸਮੇਂ ਵਿਚ ਜੇ ਕੋਈ ਵੀ ਅਪਣੇ ਅੰਦਰ ਝਾਤੀ ਮਾਰੇ ਤਾਂ ਭਾਰਾਪਨ ਹੀ ਮਿਲੇਗਾ। ਕਿਸੇ ਪਾਸੇ ਵੀ ਦੂਰ-ਦੂਰ ਤਾਈਂ ਕੋਈ ਚੰਗੀ ਖ਼ਬਰ ਜਾਂ ਸੂਹ ਨਹੀਂ ਮਿਲਦੀ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਜ਼ਿੰਦਗੀ ਜੀਣ ਦਾ ਚਾਅ ਹੀ ਲੱਥ ਗਿਆ ਹੋਵੇ। ਜ਼ਿਆਦਾਤਰ ਲੋਕਾਂ ਦੇ ਚਿਹਰੇ 'ਤੇ ਘਬਰਾਹਟ, ਨਮੋਸ਼ੀ, ਨਿਰਾਸ਼ਾ, ਚਿੰਤਾ ਅਤੇ ਫ਼ਿਕਰ ਹੀ ਵਿਖਾਈ ਦੇ ਰਹੇ ਹਨ। ਕਈਆਂ ਦੇ ਚਿਹਰੇ ਤਾਂ ਬਹੁਤ ਗਵਾਚੇ ਹੋਏ ਪ੍ਰਤੀਤ ਹੁੰਦੇ ਹਨ, ਜਿਵੇਂ ਉਨ੍ਹਾਂ ਵਿਚ ਜ਼ਿੰਦਗੀ ਨੂੰ ਲੱਭਣਾ ਪੈ ਰਿਹਾ ਹੋਵੇ।

ਕਈ ਮਨੁੱਖ ਤਾਂ ਇੱਕ ਸੜਕ ਦੇ ਰੋੜ੍ਹੇ ਵਾਂਗ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਸੇਧ ਹੀ ਨਹੀਂ ਰਹਿ ਗਈ ਕਿ ਉਨ੍ਹਾਂ ਨੇ ਕਿਸ ਰਾਹ 'ਤੇ ਚਲਣਾ ਹੈ? ਰੌਲਾ, ਹਫ਼ਰਾ-ਦਫ਼ੜੀ, ਉਲਝਣ, ਪ੍ਰੇਸ਼ਾਨੀ ਦੀਆਂ ਹੀ ਆਵਾਜ਼ਾਂ ਆ ਰਹੀਆਂ ਹਨ। ਜ਼ਿੰਦਗੀ ਵਿਚ ਐਨਾ ਭਾਰੀਪਨ ਹੈ ਕਿ ਕਈ ਲੋਕਾਂ ਨੇ ਇਸ ਅੱਗੇ ਹੱਥ ਖੜ੍ਹੇ ਕਰ ਦਿਤੇ ਹਨ।
ਪਿਛੇ ਜਿਹੇ ਤੁਸੀ ਸੁਣਿਆ ਹੀ ਹੋਣਾ ਹੈ ਕਿ ਇਕ ਨਾਮਵਾਰੀ ਫ਼ਿਲਮੀ ਹਸਤੀ ਨੇ ਖ਼ੁਦਕੁਸ਼ੀ ਕਰ ਲਈ। ਇਕ ਨਹੀਂ ਸਗੋਂ ਇਸ ਨਿਰਾਸ਼ਤਾ ਕਾਰਨ  ਕਈ ਜਾਨਾਂ ਗਈਆਂ ਪਰ ਜ਼ਿਆਦਾ ਹਾਹਾਕਾਰ ਇਸ ਖ਼ਾਸ ਸ਼ਖ਼ਸੀਅਤ ਦੇ ਜਾਣ ਕਰ ਕੇ ਹੋਈ ਮਚੀ ਹੈ।

ਜਾਨ ਤਾਂ ਹਰ ਕਿਸੇ ਦੀ ਕੀਮਤੀ ਹੈ, ਹਰ ਕੋਈ ਅਪਣੇ ਯਾਰਾਂ-ਦੋਸਤਾਂ ਜਾਂ ਪਰਵਾਰਕ ਮੈਂਬਰਾਂ ਲਈ ਹੀਰੋ ਹੁੰਦਾ ਹੈ। ਮੈਂ ਕਿਸੇ ਮਨੋਵਿਗਿਆਨਿਕ ਦੀ ਵੀਡੀਉ ਸੁਣ ਰਹੀ ਸੀ ਤਾਂ ਪਤਾ ਚਲਿਆ ਕਿ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਅਤੇ ਵਿਦਿਆਰਥੀ ਵਰਗ ਦੇ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਉਹ ਜ਼ਿੰਦਗੀ ਦੇ ਅਣਸੁਲਝੇ ਸਵਾਲਾਂ ਅਤੇ ਮੁਸ਼ਕਲਾਂ ਤੋਂ ਅੱਕ ਕੇ ਇਹ ਕਦਮ ਉਠਾ ਲੈਂਦੇ ਹਨ।

ਵੇਖਿਆ ਜਾਵੇ ਤਾਂ ਜ਼ਿੰਦਗੀ ਦਾ ਇਹ ਸਫ਼ਰ ਕਿਸੇ ਲਈ ਵੀ ਸੌਖਾ ਨਹੀਂ ਹੈ। ਅਪਣੇ ਅੰਦਰ ਹਰ ਕੋਈ ਇਕ ਭੁਚਾਲਮਈ ਬੋਝ ਲੁਕਾਈ ਬੈਠਾ ਹੈ। ਅਸੀ ਹਰ ਸਮੇਂ ਕੋਈ ਨਾ ਕੋਈ ਜੰਗ ਲੜ ਰਹੇ ਹੁੰਦੇ ਹਾਂ। ਕਦੀ ਅਪਣੇ ਆਪ ਨਾਲ ਅਤੇ ਕਦੀ ਆਲੇ ਦੁਆਲੇ ਨਾਲ। ਹਰ ਕਿਸੇ ਦੀ ਜ਼ੁਬਾਨ 'ਤੇ ਇਹ ਸ਼ਬਦ ਕਿ (ਸਟਰੈਸ) 'ਤਣਾਉ ਬਹੁਤ ਹੈ', ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਬਜੁਰਗਾਂ ਤਕ ਹਰ ਕੋਈ ਇਸ ਦੇ ਚਕਰਵਿਊ ਵਿਚ ਫਸਿਆ ਹੋਇਆ ਹੈ। ਅੱਜ ਹਰ ਕੋਈ ਅਪਣੇ ਬਣਾਏ ਹੋਏ ਦਾਇਰੇ ਦੇ ਵਿਚ ਫਸ ਕੇ ਰਹਿ ਗਿਆ ਹੈ।

ਅੱਜ ਦੇ ਮਨੁੱਖ ਨੇ ਅਪਣੇ 'ਤੇ ਬੋਝ ਐਨਾ ਪਾ ਲਿਆ ਕਿ ਹੁਣ ਉਸ ਨੂੰ ਬੋਝ ਥੱਲੇ ਜੀਣਾ ਹੀ ਠੀਕ ਲਗਦਾ ਹੈ। ਕਈਆਂ ਨੂੰ ਤਾਂ ਇਹ ਯਾਦ ਹੀ ਨਹੀਂ ਕਿ ਉਹ ਆਖਰੀ ਵੇਲੇ ਕਦੋਂ ਹੱਸੇ ਤੇ ਕਦੋਂ ਰੋਏ? ਜੇ ਅੱਜ ਕਿਸੇ ਕੋਲ ਸਾਡੇ ਤੋਂ ਵੱਡੀ ਕਾਰ ਹੈ ਜਾਂ ਫਿਰ ਕੋਈ ਅਜਿਹੀ ਚੀਜ਼ ਜਿਹੜੀ ਸਾਡੇ ਕੋਲ ਨਹੀਂ ਹੈ ਤਾਂ ਅਸੀ ਉਸ ਦੀ ਰੀਸ ਕਰ ਕੇ ਉਹ ਵਸਤੂ ਲੈ ਖ਼ਰੀਦ ਲੈਂਦੇ ਹਾਂ ਪਰ ਇਸ ਦੇ ਉਲਟ ਜੇ ਕੋਈ ਸਾਡੇ ਤੋਂ ਜ਼ਿਆਦਾ ਖੁੱਲ੍ਹ ਕੇ ਹੱਸੇਗਾ ਤਾਂ ਅਸੀ ਉਸ ਦੀ ਰੀਸ ਕਰਨ ਵਿਚ ਵਿਸ਼ਵਾਸ ਨਹੀਂ ਰਖਦੇ ਕਿਉਂਕਿ ਅਸੀ ਉਸ ਖੁਲ੍ਹ ਕੇ ਹੱਸਣ ਵਾਲੇ ਨੂੰ ਪਾਗ਼ਲ ਕਰਾਰ ਕਰ ਦਿੰਦੇ ਹਾਂ।

ਜੇ ਟੈਕਨਾਲੋਜੀ ਆਈ ਹੈ ਤਾਂ ਉਸ ਨੇ ਸਾਡੇ ਜੀਵਨ ਨੂੰ ਕਿਤੇ ਨਾ ਕਿਤੇ ਸੌਖਾ ਕੀਤਾ ਹੈ ਤਾਂ ਫਿਰ ਇਸ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਇਸ ਨੇ ਜ਼ਿੰਦਗੀ ਨੂੰ ਇਕੱਲਿਆਂ ਵੀ ਕਰ ਦਿਤਾ ਹੈ। ਅੱਜ ਦੇ ਯੁੱਗ ਵਿਚ ਆਪਸੀ ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਹਰ ਚੀਜ਼ ਜ਼ਿੰਦਗੀ ਦੀ ਵਰਚੁਅਲ ਦੁਨੀਆਂ 'ਤੇ ਨਹੀਂ ਹੋ ਸਕਦੀ। ਆਪਸੀ ਪਿਆਰ ਅਤੇ ਪਰਵਾਰ ਹਰ ਇਨਸਾਨ ਨੂੰ ਚਾਹੀਦੇ ਹਨ।

ਜ਼ਿੰਦਗੀ ਨੂੰ ਇਕ ਸਫਰ ਕਿਹਾ ਗਿਆ ਹੈ ਜਿਸ ਦੀ ਸ਼ੁਰੂਆਤ ਜੰਮਣ 'ਤੇ ਹੁੰਦੀ ਹੈ ਅਤੇ ਮੌਤ ਨਾਲ ਖ਼ਤਮ ਹੋ ਜਾਂਦੀ ਹੈ। ਸਿਆਣੇ ਕਹਿੰਦੇ ਹਨ ਕਿ ਜਦੋਂ ਵੀ ਕਿਸੇ ਸਫ਼ਰ 'ਤੇ ਜਾਣਾ ਹੋਵੇ ਤਾਂ ਅਪਣੇ ਨਾਲ ਸਮਾਨ ਦਾ ਵਜ਼ਨ ਘੱਟ ਰੱਖੋ ਕਿਉਂਕਿ ਫਿਰ ਸਫ਼ਰ ਕਰਨ ਵਿਚ ਆਸਾਨੀ ਹੁੰਦੀ ਹੈ ਪਰ ਇਹ ਸਿਖਿਆ ਅਸੀ ਅਪਣੇ ਜੀਵਨ ਵਿਚ ਕਿਉਂ ਨਹੀਂ ਲਾਗੂ ਕਰਦੇ। ਹਰ ਕੋਈ ਜਦੋਂ ਹਵਾਈ ਜ਼ਹਾਜ 'ਤੇ ਸਫ਼ਰ ਕਰਦਾ ਹੈ ਤਾਂ ਵਾਰ-ਵਾਰ ਅਪਣੇ ਸੂਟਕੇਸਾਂ ਦੇ ਭਾਰ ਨੂੰ ਤੋਲਦਾ ਹੈ ਕਿ ਦਿਤੀ ਹੋਈ ਮੱਦ ਤੋਂ ਜ਼ਿਆਦਾ ਨਾ ਹੋਵੇ ਪਰ ਜ਼ਿੰਦਗੀ ਵਿਚ ਅਸੀ ਕਿੰਨਾ ਬੋਝ ਲੈ ਕੇ ਚੱਲ ਰਹੇ ਹਾਂ, ਕੋਈ ਇਸ ਬਾਰੇ ਨਹੀਂ ਸੋਚਦਾ।

ਕਦੇ ਵੀ ਅਸੀ ਰੁਕ ਕੇ ਨਜ਼ਰ ਨਹੀਂ ਮਾਰਦੇ ਕਿ ਪਿਛੇ ਕਿੰਨਾ ਕੁੱਝ ਅਪਣੇ ਨਾਲ ਘਸੀਟੀ ਲਿਆ ਰਹੇ ਹਾਂ ਕਿਉਂਕਿ ਅਸੀ ਅਪਣੇ ਅੰਦਰ ਝਾਤੀ ਮਾਰਨਾ ਪਸੰਦ ਨਹੀਂ ਕਰਦੇ। ਮਨ ਨੂੰ ਵਾਚਣ 'ਤੇ ਹੀ ਪਤਾ ਚਲੇਗਾ ਕਿ ਕਿਹੜਾ ਭਾਰ ਖ਼ਤਮ ਕਰਨ ਵਿਚ ਸਾਡੀ ਅੰਕਲਮੰਦੀ ਹੈ। ਸਾਡੇ ਮਨਾਂ ਵਿਚ ਐਨਾ ਹਨ੍ਹੇਰ ਹੈ ਕਿ ਅਸੀ ਉਸ ਨੂੰ ਖੋਲ੍ਹਣ ਵਾਲੇ ਦਰਵਾਜ਼ੇ ਖਿੜਕੀਆਂ ਬੰਦ ਕੀਤੇ ਹੋਏ ਹਨ। ਮਨ ਦੇ ਚਾਨਣ ਬਾਰੇ ਜਾਂ ਫਿਰ ਉਸ ਦੀ ਸੰਭਾਲ ਬਾਰੇ ਕੋਈ ਵੀ ਗੱਲ ਨਹੀਂ ਕਰਦਾ। ਮਨ ਬੁੱਧ, ਸੁੱਧ ਕੁੱਝ ਵੀ ਕਹਿ ਲਉ ਇਸ ਨੂੰ ਅਸੀ ਮਨ ਦੇ ਪਿੱਛੇ ਹੀ ਭੱਜੇ ਰਹਿੰਦੇ ਹਾਂ।

ਹਰ ਕਿਸੇ ਨੇ ਸਕੂਲੀ ਦੌਰਾਨ ਇਹ ਲੇਖ ਤਾਂ ਜ਼ਰੂਰ ਪੜ੍ਹਿਆ ਹੋਵੇਗਾ 'ਮਨ ਜੀਤੈ ਜਗੁ ਜੀਤ' ਪਰ  ਕੋਈ ਇਸ ਨੂੰ ਅਪਣੇ ਜੀਵਨ ਵਿਚ ਲਾਗੂ ਨਹੀਂ ਕਰਦਾ? ਮਨ ਦੀਆਂ ਲਾਲਸਾਵਾਂ ਦੇ ਬੋਝ ਥੱਲੇ ਦਬ ਗਏ ਮਨ ਨੂੰ ਕਾਬੂ ਕਰਨਾ ਇਕ ਪਹਾੜ ਵਾਂਗ ਹੋ ਗਿਆ ਹੈ। ਸਾਨੂੰ ਜੀਵਨ ਦੇ ਸਫ਼ਰ ਨੂੰ ਸਹੀ ਤਰੀਕੇ ਨਾਲ ਜੀਉਣ ਲਈ ਸਰੀਰਕ ਪੱਖ ਅਤੇ ਮਾਨਸਕ ਪੱਖ ਦੋਹਾਂ 'ਤੇ ਹੀ ਧਿਆਨ ਦੇਣਾ ਪਵੇਗਾ। ਸਰੀਰ ਨੂੰ ਠੀਕ ਰੱਖਣ ਲਈ ਤਾਂ ਅਸੀ ਜਿਮ ਖੋਲ੍ਹ ਦਿਤੇ ਹਨ, ਵਖਰੀਆਂ ਵਖਰੀਆਂ ਕਸਰਤਾਂ ਦੇ ਵੀਡੀਉ ਬਣਾ ਦਿਤੇ ਹਨ ਪਰ ਮਾਨਸਿਕ ਤਣਾਉ ਬਾਰੇ ਕੁਝ ਨਹੀਂ ਸੋਚਿਆ।

ਸਿਹਤ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾਂਦੀ। ਜੇ ਕੋਈ ਇਸ ਬਾਰੇ ਗੱਲ ਕਰਦਾ ਵੀ ਹੈ ਤਾਂ ਉਸ ਨੂੰ ਅਜੀਬ ਤਰੀਕੇ ਨਾਲ ਵੇਖਿਆ ਜਾਂਦਾ ਹੈ। ਅਸਲ ਵਿਚ ਸਰੀਰਕ ਸਿਹਤ ਦੇ ਵੀ ਕਈ ਪੱਖ ਹਨ ਅਤੇ ਮਾਨਸਿਕ ਸਿਹਤ ਵੀ ਬਹੁ ਭਾਂਤੀ ਹੈ। ਮੇਰੇ ਅਨੁਸਾਰ ਇਸ ਸਫ਼ਰ ਲਈ ਮਾਨਸਿਕ ਤਾਕਤ ਹੋਣਾ ਜ਼ਿਆਦਾ ਜ਼ਰੂਰੀ ਹੈ।
ਜਦੋਂ ਤੋਂ ਇਕ ਬੱਚਾ ਅਪਣੀ ਸੁਰਤ ਸੰਭਾਲਦਾ ਹੈ ਤਾਂ ਅਸੀ ਉਸ ਉਤੇ ਕਈ ਤਰ੍ਹਾਂ ਦਾ ਦਾ ਬੋਝ ਪਾ ਦਿੰਦੇ ਹਾਂ। ਕੋਈ ਸਮਾਜਿਕ ਹੈਸੀਅਤ ਦਾ ਬੋਝ, ਕੋਈ ਸਾਡੀਆਂ ਖ਼ੁਆਇਸ਼ਾਂ ਦਾ ਬੋਝ, ਕੋਈ ਜ਼ਿੰਦਗੀ ਵਿਚ ਦੂਜੇ ਤੋਂ ਅੱਗੇ ਵਧਣ ਦਾ ਬੋਝ, ਪਰ ਇਸ ਬੋਝ ਨੂੰ ਖ਼ਤਮ ਕਰਨ ਬਾਰੇ ਕੋਈ ਗੱਲ ਨਹੀਂ ਕਰਦਾ।

ਸਕੂਲਾਂ ਤੇ ਕਾਲਜਾਂ ਵਿਚ ਮਾਨਸਿਕ ਸਿਹਤ ਬਾਰੇ ਕੋਈ ਪੜ੍ਹਾਈ ਨਹੀਂ ਕਰਾਉਂਦਾ ਜਿਸ ਨਾਲ ਬੱਚੇ ਨੇ ਅਪਣੇ ਜੀਵਨ ਦੀ ਗਤੀ ਚਲਾਉਣੀ ਹੈ। ਹਰ ਕਿਸੇ ਕੋਲ ਅਪਣੇ ਮਾਨਸਿਕ ਬੋਝ ਨੂੰ ਹਲਕਾ ਕਰਨ ਦੇ ਤਰੀਕੇ ਨਹੀਂ ਹਨ। ਅਸੀ ਜ਼ਿੰਦਗੀ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਸਗੋਂ ਅਪਣੀਆਂ ਖ਼ਵਾਹਿਸ਼ਾਂ ਨੂੰ ਅੱਗੇ ਲੈ ਰਖਿਆ ਹੋਇਆ ਹੈ। ਹੁਣ ਜਦੋਂ ਕੋਰੋਨਾ ਮਹਾਂਮਾਰੀ ਦੀ ਕੁਦਰਤੀ ਮਾਰ ਸਾਡੇ ਉਤੇ ਅਚਾਨਕ  ਪਈ ਤਾਂ ਸਾਨੂੰ ਸਮਝ ਹੀ ਨਹੀਂ ਆ ਰਿਹਾ ਕਿ ਜ਼ਿੰਦਗੀ ਨੂੰ ਜੀਣ ਲਈ ਸਾਡੀ ਅੰਦਰਲੀ ਖ਼ੁਰਾਕ ਕੀ ਹੈ? ਬੋਝ ਕੋਈ ਵੀ ਹੋਵੇ, ਚਾਹੇ ਸਰੀਰਕ  ਜਾਂ ਮਾਨਸਿਕ ਤਣਾਉ ਦਾ, ਕਰਦਾ ਖ਼ਰਾਬੀ ਹੀ ਹੈ।

ਸਾਡੇ ਅੰਦਰ ਐਨੀ ਕੁ ਮਾਨਸਿਕ ਸ਼ਕਤੀ ਹੋਣੀ ਚਾਹੀਦੀ ਹੈ ਕਿ ਅਸੀ ਸੋਚ-ਵਿਚਾਰ ਕੇ ਅਪਣੇ ਮਨ ਦੇ ਬੋਝ ਨੂੰ ਹਲਕਾ ਕਰ ਸਕੀਏ। ਇਸ ਲਈ ਅਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਪਣੇ ਅੰਦਰ ਦ੍ਰਿੜਤਾ ਅਤੇ ਸ਼ਕਤੀ ਦਾ ਵਾਸ ਹੋਣਾ ਬਹੁਤ ਜ਼ਰੂਰੀ ਹੈ। ਅਪਣੇ ਅੰਦਰ ਦੀਆਂ ਉਲਝਣਾਂ ਨੂੰ ਪਹਿਚਾਨਣਾ ਅਤੇ ਉਨ੍ਹਾਂ ਦਾ ਖ਼ਾਤਮਾ ਕਰਨਾ ਵੀ ਆਉਣਾ ਚਾਹੀਦਾ ਹੈ। ਇਹ ਸਮਝ ਅਤੇ ਸਕਤੀ ਇਕ ਦਿਨ ਵਿਚ ਨਹੀਂ ਆਉਂਦੀ, ਇਸ ਲਈ ਵੀ ਅਭਿਆਸ ਅਤੇ ਤਰੀਕੇ ਅਪਣਾਉਣੇ ਪੈਂਦੇ ਹਨ। ਅੱਜ ਦੇ ਜੀਵਨ ਵਿਚ ਕਈ ਵੇਖੇ ਜਾਂ ਅਣਵੇਖੇ ਦੁਸ਼ਮਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੋ ਪਾਰ ਜਾਣ ਲਈ ਸਾਨੂੰ ਅਪਣੀ ਮਾਨਸਿਕ ਸਥਿਤੀ ਨੂੰ ਸਮਝ ਕੇ ਅਪਣੇ ਜੀਵਨ ਦੇ ਫ਼ਲਸਫ਼ੇ ਬਦਲ ਕੇ ਅਪਣੇ ਆਪ ਦੀ ਸੰਭਾਲ ਕਰਨੀ ਹੀ ਪਵੇਗੀ ਅਤੇ ਅਪਣੀ ਮਾਨਸਿਕ ਸਥਿਤੀ 'ਤੇ ਝਾਤੀ ਮਾਰਦੇ ਹੀ ਰਹਿਣਾ ਪਵੇਗਾ। ਸੋ ਹੁਣ ਇਹ ਸਮਾਂ ਆ ਗਿਆ ਹੈ ਕਿ ਜੇ ਅਸੀ ਜੀਵਨ ਨੂੰ ਪੂਰੀ ਸ਼ਿੱਦਤ ਨਾਲ ਜੀਉਣਾ ਹੈ ਤਾਂ ਫਿਰ ਸਾਨੂੰ ਜ਼ਰੂਰਤਾਂ ਅਤੇ ਇਛਾਵਾਂ ਵਿਚ ਫ਼ਰਕ ਸਮਝਣਾ ਪਵੇਗਾ ਤਾਂ ਹੀ ਅਸੀ ਸਹਿਜ ਅਵਸਥਾ ਅਪਣੇ ਜੀਵਨ ਵਿਚ ਲਿਆ ਸਕਦੇ ਹਾਂ। ਜੇ ਜੀਵਨ ਵਿਚ ਸਹਿਜ ਅਵਸਥਾ ਦੀ ਸਮਝ ਹੋਵੇਗੀ ਤਾਂ ਹੀ ਇਸ ਸਫ਼ਰ ਦਾ ਮਜ਼ਾ ਆਵੇਗਾ। ਫਿਰ ਹੀ ਅਸੀ ਉਸ ਮੰਜ਼ਿਲ ਵਲ ਵਧ ਸਕਾਂਗੇ। ਬਾਬਾ ਬੁੱਲ੍ਹੇਸ਼ਾਹ ਦੇ ਇਹ ਅਨਮੋਲ ਬੋਲ ਸਮਝਣੇ ਬਹੁਤ ਜਰੂਰੀ ਹਨ:

“ਜਿਸ ਭੇਦ ਪਾਇਆ ਕਲੰਧਰ ਦਾ
ਰਾਜ ਖੋਜਿਆ ਆਪਣੇ ਅੰਦਰ ਦਾ!
ਉਹ ਵਾਸੀ ਹੈ ਉਸ ਮੰਦਰ ਦਾ
ਜਿਥੇ ਚੜ੍ਹਦੀ ਏ ਨਾ ਲਹਿੰਦੀ ਏ!”

-ਆਦੇਸ਼ ਮੈਡੀਕਲ ਕਾਲਜ, ਬਠਿੰਡਾ
ਮੋਬਾਈਲ : 8968000009 ,  ਡਾ. ਮਨਰਾਜ ਕੌਰ