ਆਸਟਰੇਲੀਆ ’ਚ ਔਰਤ ਦੇ ਦਿਮਾਗ਼ ’ਚੋਂ ਕਢਿਆ ਗਿਆ ਜ਼ਿੰਦਾ ਕੀੜਾ
ਇਹ ਕੀੜਾ ਆਮ ਤੌਰ ’ਤੇ ਸੱਪ ਦੀ ਪ੍ਰਜਾਤੀ ਦੇ ਕਾਰਪੇਟ ਪਾਇਥਨ ’ਚ ਪਾਇਆ ਜਾਂਦਾ ਹੈ
ਕੈਨਬਰਾ: ਆਸਟਰੇਲੀਆ ਦੇ ਇਕ ਹਸਪਤਾਲ ’ਚ ਇਕ ਔਰਤ ਦੇ ਅਜੀਬੋ-ਗ਼ਰੀਬ ਲੱਛਣਾਂ ਦੀ ਜਾਂਚ ਕਰ ਰਹੀ ਨਿਊਰੋਸਰਜਨ ਉਸ ਦੇ ਦਿਮਾਗ਼ ’ਚ ਚਲ ਰਹੇ ਕੀੜੇ ਨੂੰ ਵੇਖ ਕੇ ਹੈਰਾਨ ਰਹਿ ਗਈ।
ਸਰਜਨ ਹਰੀ ਪ੍ਰਿਆ ਬੰਦੀ ਕੈਨਬਰਾ ਦੇ ਹਸਪਤਾਲ ’ਚ ਪਿਛਲੇ ਸਾਲ 64 ਸਾਲਾਂ ਦੀ ਔਰਤ ਰੋਗੀ ਦੇ ਦਿਮਾਗ਼ ਦੀ ਬਾਇਉਪਸੀ ਕਰ ਰਹੀ ਸੀ, ਤਾਂ ਉਨ੍ਹਾਂ ਨੇ ਚਿਮਟੀ ਦੀ ਮਦਦ ਨਾਲ ਅੱਠ ਸੈਂਟੀਮੀਟਰ ਜਾਂ ਲਗਭਗ ਤਿੰਨ ਇੰਚ ਲੰਮਾ ਕੀੜਾ ਕਢਿਆ।
ਕੈਨਬਰਾ ਟਾਈਮਜ਼ ਅਖ਼ਬਾਰ ਨੇ ਮੰਗਲਵਾਰ ਨੂੰ ਬੰਦੀ ਦੇ ਹਵਾਲੇ ਨਾਲ ਕਿਹਾ, ‘‘ਮੈਂ ਸੋਚਿਆ ਕਿ ਇਹ ਕੀ ਚੀਜ਼ ਹੈ? ਇਹ ਕੋਈ ਜਿਊਂਦਾ ਅਤੇ ਚਲਦੀ ਹੋਈ ਚੀਜ਼ ਹੈ।’’
ਇਹ ਕੀੜਾ ਇਕ ਆਸਟਰੇਲੀਆਈ ਗੋਲ ਕੀੜਾ (ਰਾਊਂਡਵਰਮ) ਓਫ਼ੇਡੈਸਕੇਰਿਸ ਰੋਬਰਟਸੀ ਦਾ ਲਾਰਵਾ ਸੀ ਜੋ ਪਹਿਲਾਂ ਮਨੁੱਖੀ ਪਰਜੀਵੀ ਦੇ ਤੌਰ ’ਤੇ ਨਹੀਂ ਜਾਣਿਆ ਜਾਂਦਾ ਸੀ। ਇਹ ਕੀੜਾ ਆਮ ਤੌਰ ’ਤੇ ਸੱਪ ਦੀ ਪ੍ਰਜਾਤੀ ਦੇ ਕਾਰਪੇਟ ਪਾਇਥਨ ’ਚ ਪਾਇਆ ਜਾਂਦਾ ਹੈ।
ਬੰਦੀ ਅਤੇ ਕੈਨਬਰਾ ਦੇ ਲਾਗ ਰੋਗ ਮਾਹਰ ਸੰਜੇ ਸੇਨਾਨਾਇਕੇ ਨੇ ਰਸਾਲੇ ‘ਇਮਰਜਿੰਗ ਇਨਫ਼ੈਕਸ਼ਨ ਡਿਸੀਜੇਸ’ ਦੇ ਤਾਜ਼ਾ ਅੰਕ ’ਚ ਪ੍ਰਕਾਸ਼ਤ ਇਕ ਲੇਖ ’ਚ ਇਸ ਅਸਾਧਾਰਨ ਮਾਮਲੇ ਬਾਰੇ ਲਿਖਿਆ ਹੈ।
ਸੇਨਾਨਾਇਕੇ ਨੇ ਕਿਹਾ ਕਿ ਪਿਛਲੇ ਸਾਲ ਜੂਨ ’ਚ ਜਦੋਂ ਔਰਤ ਰੋਗੀ ਦੇ ਦਿਮਾਗ਼ ’ਚ ਇਹ ਕੀੜਾ ਪਾਇਆ ਗਿਆ ਤਾਂ ਉਹ ਵੀ ਹਸਪਤਾਲ ’ਚ ਡਿਊਟੀ ’ਤੇ ਸਨ।
ਉਨ੍ਹਾਂ ਆਸਟਰੇਲੀਅਨ ਬਰਾਡਕਾਸਟਿੰਗ ਕੋਰਪ ਨੂੰ ਦਸਿਆ, ‘‘ਮੈਨੂੰ ਫ਼ੋਨ ਆਇਆ ਕਿ ਇਨਫ਼ੈਕਸ਼ਨ ਵਾਲੀ ਇਕ ਰੋਗੀ ਹਸਪਤਾਲ ’ਚ ਭਰਤੀ ਹੈ। ਉਸ ਦੇ ਦਿਮਾਗ਼ ’ਚੋਂ ਇਕ ਜਿਊਂਦਾ ਕੀੜਾ ਕਢਿਆ ਗਿਆ ਹੈ।’’
ਔਰਤ ਨੂੰ ਤਿੰਨ ਮਹੀਨਿਆਂ ਤਕ ਯਾਦਦਾਸ਼ਤ ਘੱਟ ਹੋਣ ਅਤੇ ਤਣਾਅ ਵਰਤੇ ਲੱਛਣਾਂ ਤੋਂ ਬਾਅਦ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਸੈਨਾਨਾਇਕੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਔਰਤ ਨੂੰ ਇਕ ਸਥਾਨਕ ਹਸਪਤਾਲ ’ਚ ਪੇਟ ’ਚ ਦਰਦ, ਦਸਤ, ਸੁੱਕੀ ਖੰਘ ਅਤੇ ਰਾਤ ‘ਚ ਪਸੀਨਾ ਆਉਣ ਵਰਗੇ ਲੱਛਣਾਂ ਤੋਂ ਬਾਅਦ ਭਰਤੀ ਕਰਵਾਇਆ ਗਿਆ ਸੀ।