ਭੋਜਨ ਰਾਹੀਂ ਸਿਹਤ

ਜੀਵਨ ਜਾਚ, ਸਿਹਤ

ਕਿਸੇ ਵਿਅਕਤੀ ਦੀ ਸਿਹਤ ਭਾਵ ਉਸ ਦਾ ਮੋਟਾ, ਪਤਲਾ, ਰੋਗੀ ਜਾਂ ਨਿਰੋਗੀ ਹੋਣਾ, ਉਸ ਵਲੋਂ ਖਾਧੇ ਗਏ ਭੋਜਨ ਨਾਲ ਸਬੰਧ ਰਖਦਾ ਹੈ। ਨਿਊਯਾਰਕ ਦੇ ਇਕ ਡਾਕਟਰ ਦਾ ਕਹਿਣਾ ਹੈ, ''ਜਦੋਂ ਕੋਈ ਮਨੁੱਖ ਬਿਮਾਰ ਹੋਇਆ, ਜਦੋਂ ਕਿਸੇ ਰੋਗ ਵਿਚ ਫਸਿਆ ਤਾਂ ਮਨੁੱਖ ਦੇ ਅਪਣੇ ਚਸਕੇ, ਉਸ ਦਾ ਕਾਰਨ ਬਣੇ। ਸੰਸਾਰ ਭਰ ਦੀਆਂ ਸਾਰੀਆਂ ਬੀਮਾਰੀਆਂ ਨੂੰ ਧਿਆਨ ਵਿਚ ਲਿਆਉ, ਇਕ ਵੀ ਅਜਿਹੀ ਨਹੀਂ, ਜਿਸ ਦਾ ਖਾਣ-ਪੀਣ (ਭੋਜਨ) ਨਾਲ ਸਬੰਧ ਨਾ ਹੋਵੇ।''
ਬਹੁਤ ਸਾਰੀਆਂ ਬਿਮਾਰੀਆਂ ਤਾਂ ਅਜਿਹੀਆਂ ਹਨ ਜੋ ਭੋਜਨ ਦੇ ਸਬੰਧ ਵਿਚ ਕਿਸੇ ਪ੍ਰਕਾਰ ਦੀ ਭੁੱਲ ਕਰਨ ਤੇ ਹੀ ਪੈਦਾ ਹੁੰਦੀਆਂ ਹਨ। ਪਰ ਨਾਲ ਹੀ, ਸੱਭ ਦੇ ਸੱਭ ਰੋਗ ਅਜਿਹੇ ਹਨ, ਜਿਨ੍ਹਾਂ ਨੂੰ ਨਿਵਾਰਨ 'ਚ ਖਾਣ-ਪੀਣ ਦਾ ਸੱਭ ਤੋਂ ਵੱਡਾ ਹੱਥ ਹੁੰਦਾ ਹੈ। ਜਦੋਂ ਕੋਈ ਵਿਅਕਤੀ ਕਿਸੇ ਰੋਗ ਦੀ ਦਵਾਈ ਲੈਂਦਾ ਹੈ ਤਾਂ ਡਾਕਟਰ ਤੋਂ ਹਮੇਸ਼ਾ ਇਹੀ ਸਵਾਲ ਪੁਛਦਾ ਹੈ ਕਿ ਖਾਣ-ਪੀਣ ਬਾਰੇ ਕੀ ਹਦਾਇਤ ਹੈ?ਸਾਡੇ ਵਲੋਂ ਖਾਧੇ ਭੋਜਨ ਦੇ ਰਸ ਤੋਂ ਖ਼ੂਨ ਬਣਦਾ ਹੈ। ਖ਼ੂਨ ਸਾਡੇ ਜੀਵਨ ਦੀ ਨਦੀ ਹੈ। ਸਾਡੀ ਸਿਹਤ ਦੀ ਬੇੜੀ, ਇਸੇ ਹੀ ਨਦੀ ਵਿਚ ਤਰਦੀ ਹੈ। ਚੰਗੇ ਭੋਜਨ ਤੋਂ ਚੰਗਾ ਖ਼ੂਨ ਬਣੇਗਾ। ਜਦਕਿ ਘਟੀਆ ਕਿਸਮ ਦੇ ਖਾਣੇ ਤੋਂ ਸਾਡਾ ਖ਼ੂਨ ਵਧੀਆ ਨਹੀਂ ਬਣੇਗਾ। ਖ਼ਰਾਬ ਖ਼ੂਨ ਵਿਚ ਟੋਕਸਿਨਸ ਨਾਂ ਦੀ ਜ਼ਹਿਰ ਪੈਦਾ ਹੋ ਜਾਂਦੀ ਹੈ ਜੋ ਖ਼ੂਨ ਵਿਚ ਰੋਗ ਨਾਸ਼ਕ ਸ਼ਕਤੀ ਖੋਹ ਲੈਂਦੀ ਹੈ ਅਤੇ ਮਨੁੱਖ ਕਈ ਤਰ੍ਹਾਂ ਦੇ ਰੋਗਾਂ, ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਲਕਵਾ, ਦਿਲ ਦੇ ਰੋਗ, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਆਦਿ ਵਿਚ ਫੱਸ ਜਾਂਦਾ ਹੈ। ਇਥੋਂ ਤਕ ਕਿ ਏਡਜ਼ ਵੀ ਹੋ ਸਕਦੀ ਹੈ।ਖ਼ੂਨ ਖਾਰਾ ਹੁੰਦਾ ਹੈ ਅਤੇ ਇਸ ਨੂੰ ਖਾਰਿਆਂ ਹੀ ਰਹਿਣ ਦੇਣਾ ਚਾਹੀਦਾ ਹੈ। ਖ਼ੂਨ ਵਿਚ ਤੇਜ਼ਾਬੀ ਅੰਸ਼ ਦੀ ਜ਼ਿਆਦਤੀ ਕਰ ਕੇ ਐਡੀਡੇਸਿਸ ਨਾਂ ਦਾ ਮਾਰੂ ਰੋਗ ਪੈਦਾ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਅਲਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਖ਼ੂਨ ਦਾ ਖਾਰਾਪਣ ਅਤੇ ਤੇਜ਼ਾਬੀਪਣ ਸਾਡੇ ਵਲੋਂ ਖਾਧੇ ਗਏ ਭੋਜਨ ਉਤੇ ਹੀ ਨਿਰਭਰ ਕਰਦਾ ਹੈ। ਭੋਜਨ ਖਾਰਾ ਅਤੇ ਤੇਜ਼ਾਬੀ ਦੋ ਕਿਸਮ ਦੇ ਪ੍ਰਭਾਵ ਵਾਲਾ ਹੁੰਦਾ ਹੈ। ਖਾਰੇ ਪ੍ਰਭਾਵ ਵਾਲੇ ਭੋਜਨ ਤੋਂ ਖਾਰਾ ਅਤੇ ਤੇਜ਼ਾਬੀ ਪ੍ਰਭਾਵ ਵਾਲੇ ਭੋਜਨ ਤੋਂ ਤੇਜ਼ਾਬੀ ਖ਼ੂਨ ਬਣਦਾ ਹੈ।ਆਮ ਤੌਰ ਤੇ ਲੋਕ 70-80 ਫ਼ੀ ਸਦੀ ਤੇਜ਼ਾਬੀ ਪ੍ਰਭਾਵ ਵਾਲਾ ਅਤੇ 20-30 ਫ਼ੀ ਸਦੀ ਖਾਰੀ ਪ੍ਰਭਾਵ ਵਾਲੇ ਭੋਜਨ ਪਦਾਰਥ ਖਾਂਦੇ ਹਨ, ਜਦਕਿ ਸਾਡੇ ਭੋਜਨ ਵਿਚ ਦੋਹਾਂ ਤਰ੍ਹਾਂ ਦੇ ਅਸਰ ਵਾਲਾ ਭੋਜਨ ਬਰਾਬਰ ਮਾਤਰਾ 'ਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜੋ ਸਹੀ ਤਰੀਕੇ ਨਾਲ ਖਾਣਾ ਹਜ਼ਮ ਹੋ ਜਾਵੇ। ਜਿਸ ਤਰ੍ਹਾਂ ਹੇਠਾਂ ਵਿਗਿਆਨਕ ਸਮੀਕਰਨ ਵਿਚ ਬਰਾਬਰ ਮਾਤਰਾ 'ਚ ਖਾਰ ਅਤੇ ਤੇਜ਼ਾਬ ਮਿਲ ਕੇ ਲੂਣ ਅਤੇ ਪਾਣੀ ਬਣਾਉਂਦੇ ਹਨ। ਹੇਠਾਂ ਖਾਰੀ ਅਸਰ ਅਤੇ ਤੇਜ਼ਾਬੀ ਅਸਰ ਰੱਖਣ ਵਾਲੇ ਪਦਾਰਥਾਂ ਦੀ ਸੂਚੀ ਦਿਤੀ ਜਾਂਦੀ ਹੈ:-ਖਾਰੇ ਅਸਰ ਵਾਲੇ ਪਦਾਰਥ (ਜਿਨ੍ਹਾਂ ਦਾ ਸੇਵਨ ਉਚਿਤ ਮਾਤਰਾ 'ਚ ਕਰਨਾ ਚਾਹੀਦਾ ਹੈ):- ਦੁੱਧ, ਦਹੀਂ, ਕੱਚਾ ਭੋਜਨ (ਸਬਜ਼ੀਆਂ, ਸਾਰੇ ਫੱਲ ਖ਼ਾਸ ਕਰ ਕੇ ਪਪੀਤਾ, ਖਰਬੂਜ਼ਾ, ਪੁੰਗਰੀਆਂ ਦਾਲਾਂ, ਖਜੂਰ, ਕਿਸ਼ਮਿਸ਼), ਕਣਕ ਦਾ ਮੋਟਾ ਆਟਾ ਸਮੇਤ (ਜੌਂ, ਮੱਕੀ, ਬਾਜਰਾ, ਸੋਇਆਬੀਨ, ਛੋਲੇ, ਜੁਆਰ) ਮਿਲਾ ਸਕਦੇ ਹੋ। ਦਲੀਆਂ, ਛਿੱਲੜਾਂ ਸਮੇਤ ਦਾਲਾਂ, ਮੱਖਣ, ਗੁੜ/ਸ਼ੱਕਰ, ਲੱਸੀ ਦਾ ਪਨੀਰ, ਕੇਲੇ ਦਾ ਡੰਡਾ (ਸਲਾਦ 'ਚ), ਕੱਚੇ ਨਾਰੀਅਲ ਦਾ ਪਾਣੀ, ਤੁਲਸੀ, ਸੌਂਫ਼, ਸੂਪ, ਤਾਂਬੇ ਦੇ ਬਰਤਨ ਵਾਲਾ ਪਾਣੀ, ਪੁਦੀਨੇ ਜਾਂ ਧਨੀਏ ਦੀ ਚਟਣੀ, ਕਾਲੀ-ਹਰੀ ਮਿਰਚ, ਨਿੰਮ ਦੀ ਦਾਤਣ, ਨਿੰਬੂ ਦਾ ਪ੍ਰਯੋਗ ਖਾਣ ਤੋਂ 2 ਘੰਟੇ ਪਹਿਲਾਂ ਜਾਂ ਮਗਰੋਂ ਪਾਣੀ 'ਚ ਮਿਲਾ ਕੇ ਖਾਰਾ ਪ੍ਰਭਾਵ ਪੈਦਾ ਕਰਦਾ ਹੈ।ਇਸ ਤੋਂ ਇਲਾਵਾ ਹੱਸਣਾ, ਖ਼ੁਸ਼ ਰਹਿਣਾ, ਖ਼ੁਸ਼ ਰਖਣਾ, ਪਿਆਰ ਲੈਣਾ ਅਤੇ ਦੇਣਾ, 3-4 ਕਿਲੋਮੀਟਰ ਰੋਜ਼ਾਨਾ ਸੈਰ ਕਰਨਾ, ਸਾਕਾਰਾਤਮਕ ਨਜ਼ਰੀਆ ਅਤੇ ਸ਼ੁੱਧ ਵਿਚਾਰ ਰਖਣੇ, ਧਿਆਨ ਲਾਉਣਾ, ਦਾਨ ਕਰਨਾ, ਸ਼ਾਕਾਹਾਰੀ ਭੋਜਨ ਸੌਣ ਤੋਂ ਤਿੰਨ ਘੰਟੇ ਪਹਿਲਾਂ ਕਰਨਾ, ਸੂਤੀ-ਖਾਦੀ ਸਾਧਾਰਨ ਕਪੜੇ ਪਹਿਨਣਾ ਆਦਿ ਖਾਰੀ ਪ੍ਰਭਾਵ ਪੈਦਾ ਕਰਦੇ ਹਨ।ਤੇਜ਼ਾਬੀ ਪ੍ਰਭਾਵ ਵਾਲੇ ਪਦਾਰਥ (ਜਿਨ੍ਹਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ):- ਬਹੁਤ ਜ਼ਿਆਦਾ ਉਬਲਿਆ ਦੁੱਧ, ਰੀਫ਼ਾਇੰਡ ਘੀ, ਮਸ਼ੀਨੀ ਚਿੱਟਾ ਬਰੀਕ ਆਟਾ, ਮੈਦਾ, ਸਫ਼ੇਦ ਚੀਨੀ, ਟੇਬਲ ਸਾਲਟ, ਚੌਲ, ਮੁੰਗਫ਼ਲੀ, ਅਖਰੋਟ, ਪੂੜੀਆਂ, ਤਲੀਆਂ ਚੀਜ਼ਾਂ, ਧੋਤੀਆਂ ਦਾਲਾਂ, ਆਂਡੇ ਦੀ ਸਫ਼ੇਦੀ, ਅਰਬੀ, ਲੋਬੀਆ, ਇਮਲੀ, ਆਚਾਰ, ਮੁਰੱਬਾ, ਪਾਪੜ, ਖੱਟੇ ਅੰਬਾਂ ਦੀ ਚਟਣੀ, ਮਠਿਆਈ, ਲਾਲ ਮਿਰਚਾਂ, ਜ਼ਿਆਦਾ ਗਰਮ ਮਸਾਲੇ, ਨਸ਼ੀਲੇ ਪਦਾਰਥ, ਸ਼ਰਾਬ, ਚਾਹ, ਕਾਫ਼ੀ, ਕਾਹਵਾ, ਸਾਰੇ ਕੋਲਡ ਡਰਿੰਕਸ, ਨਲਕੇ ਦਾ ਜ਼ਮੀਨ ਹੇਠਲਾ ਪਾਣੀ, ਮੱਛੀ, ਪਾਨ, ਗੁਟਕਾ, ਫ਼ਾਸਟ ਫ਼ੂਡ, ਡੋਸਾ, ਪੀਜ਼ਾ, ਨੂਡਲਜ਼, ਮੈਗੀ, ਟਾਫ਼ੀਆਂ, ਚਾਕਲੇਟ ਆਦਿ ਜ਼ਿਆਦਾ ਮਾਤਰਾ 'ਚ ਵਰਤਣ ਨਾਲ ਤੇਜ਼ਾਬ ਪੈਦਾ ਕਰਦੇ ਹਨ।ਇਸ ਤੋਂ ਇਲਾਵਾ ਨਫ਼ਰਤ, ਗੁੱਸਾ, ਘਿਰਣਾ, ਈਰਖਾ, ਝਿੜਕਣਾ, ਚਿੜਚੜਾਪਣ, ਨਾਕਾਰਾਤਮਕ ਨਜ਼ਰੀਆ, ਅਸ਼ੁੱਧ ਵਿਚਾਰ, ਘਟੀਆ ਸੋਚ, ਜ਼ੁਲਮ ਕਰਨਾ, ਮਾਸਾਹਾਰੀ ਭੋਜਨ ਅਤੇ ਏਅਰ ਟਾਈਟ ਕਪੜੇ ਪਹਿਨਣਾ ਆਦਿ ਤੇਜ਼ਾਬੀ ਪ੍ਰਭਾਵ ਪੈਦਾ ਕਰਦੇ ਹਨ।ਹੁਣ ਜੇਕਰ ਅਸੀ ਖਾਣ-ਪੀਣ ਵੇਲੇ ਉਕਤ ਪਦਾਰਥਾਂ ਦਾ ਧਿਆਨ ਰੱਖਾਂਗੇ ਤਾਂ ਸਾਡਾ ਭੋਜਨ ਸੰਤੁਲਿਤ ਬਣ ਜਾਵੇਗਾ। ਸੰਤੁਲਿਤ ਭੋਜਨ ਕੀ ਹੈ? ਉਹ ਭੋਜਨ ਜਿਸ ਵਿਚ ਭੋਜਨ ਦੇ ਸਾਰੇ ਜ਼ਰੂਰੀ ਅੰਸ਼ ਜਿਵੇਂ ਕਿ ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨਜ਼, ਵਿਟਾਮਿਨਜ਼, ਖਣਿਜ ਲੂਣ ਅਤੇ ਸਲਾਦ ਕਿਸੇ ਵਿਅਕਤੀ ਦੀ ਉਮਰ-ਬੱਚਾ, ਜਵਾਨ, ਬੁੱਢਾ, ਲਿੰਗ-ਆਦਮੀ, ਔਰਤ, ਕਿੱਤਾ-ਖਿਡਾਰੀ, ਲਿਖਾਰੀ, ਦਫ਼ਤਰੀ, ਮਜ਼ਦੂਰੀ, ਜਲਵਾਯੂ-ਰੁੱਤ, ਮੌਸਮ, ਗਰਮੀ ਕਰਦੀ, ਸਥਾਨ-ਪਹਾੜੀ, ਮੈਦਾਨੀ, ਸਮੁੰਦਰੀ, ਰੇਗਿਸਤਾਨੀ ਦੇ ਅਨੁਸਾਰ ਉਚਿਤ ਮਾਤਰਾ 'ਚ ਮੌਜੂਦ ਹੋਣ ਨੂੰ ਸੰਤੁਲਿਤ ਭੋਜਨ ਆਖਦੇ ਹਨ। ਇਸ ਦਾ ਮਹਿੰਗਾ ਹੋਣਾ ਜ਼ਰੂਰੀ ਨਹੀਂ।ਅੰਤ ਵਿਚ ਇਹੀ ਸਿੱਟਾ ਨਿਕਲਦਾ ਹੈ ਕਿ ਉਪਰੋਕਤ ਖਾਣ-ਪੀਣ ਸਬੰਧੀ ਪਦਾਰਥਾਂ ਦਾ ਧਿਆਨ ਰੱਖ ਕੇ ਅਸੀ ਭੋਜਨ ਰਾਹੀਂ ਅਪਣੀ ਸਿਹਤ ਨਿਰੋਗ ਰੱਖ ਸਕਦੇ ਹਾਂ। ਦਵਾਈ-ਆਪਰੇਸ਼ਨ ਆਖ਼ਰੀ ਇਲਾਜ ਹੋਣਾ ਚਾਹੀਦਾ ਹੈ ਨਾ ਕਿ ਪਹਿਲਾਂ