ਡੇਂਗੂ ਕਾਰਨ ਹੋਈ ਮੌਤ ਦੇ ਮਾਮਲੇ 'ਚ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ

ਜੀਵਨ ਜਾਚ, ਸਿਹਤ

ਐਸ.ਏ.ਐਸ. ਨਗਰ, 31 ਅਕਤੂਬਰ (ਗੁਰਮੁਖ ਵਾਲੀਆ, ਸੁਖਦੀਪ ਸਿੰਘ ਸੋਈਂ): ਬੀਤੇ ਦਿਨੀਂ ਫੇਜ਼-6 ਦੀ ਮਹਿਲਾ ਸ਼ਕੀਲਾ ਬੇਗਮ ਦੀ ਡੇਂਗੂ ਦੀ ਬੀਮਾਰੀ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਫ਼ੇਜ਼-6 ਦੇ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਮਹਿਲਾ ਨੂੰ ਪੰਜ-ਛੇ ਦਿਨ ਪਹਿਲਾਂ ਬਖ਼ਾਰ ਦੀ ਸ਼ਿਕਾਇਤ ਹੋਣ 'ਤੇ ਪਰਵਾਰ ਵਲੋਂ ਫ਼ੇਜ਼-6 ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਵਲੋਂ ਪਹਿਲਾਂ ਤਾਂ ਉਸ ਦਾ ਇਲਾਜ ਕੀਤਾ  ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਸੀ ਜਿਥੇ ਬੀਤੇ ਦਿਨੀਂ ਤੜਕਸਾਰ ਉਸ ਦੀ ਮੌਤ ਹੋ ਗਈ ਸੀ।ਇਸ ਸਬੰਧੀ ਖ਼ਬਰ ਪ੍ਰਕਾਸ਼ਤ ਹੋਣ ਉਪਰੰਤ ਸਿਵਲ ਸਰਜਨ ਰੀਟਾ ਭਾਰਦਵਾਜ ਵਲੋਂ ਪਹਿਲਾਂ ਤਾਂ ਫ਼ੋਨ ਕਰ ਕੇ ਕਿਹਾ ਗਿਆ ਕਿ ਇਸ ਨਾਂ ਦਾ ਕੋਈ ਮਰੀਜ਼ ਹਸਪਤਾਲ ਵਿਚ ਆਇਆ ਹੀ ਨਹੀਂ ਸੀ। ਬਾਅਦ ਵਿਚ ਹਸਪਤਾਲ ਦੀ ਐਮਰਜੈਂਸੀ ਵਿਚ ਤੈਨਾਤ ਡਾਕਟਰ ਵਲੋਂ ਇਹ ਦਸਿਆ ਕਿ ਉਸ ਮਹਿਲਾ ਨੂੰ ਹਸਪਤਾਲ ਵਿਚੋਂ ਰੈਫ਼ਰ ਕਰਨ ਦਾ ਕਾਰਨ ਇਹ ਸੀ ਕਿ ਮਰੀਜ਼ ਦਾ ਟੀ ਐਲ ਸੀ ਲੈਵਲ 43000 'ਤੇ ਪਹੁੰਚ ਗਿਆ ਸੀ ਅਤੇ ਉਸ ਦੀ ਹਾਲਤ ਗੰਭੀਰ ਸੀ। ਮਰੀਜ਼ ਨੂੰ ਡੇਂਗੂ ਹੋਣ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਕੁੱਝ ਵੀ ਨਹੀਂ ਦਸਦੇ।