ਘਰ ਦੀ ਦਵਾਈ ਕਾਲੀ ਮਿਰਚ

ਜੀਵਨ ਜਾਚ, ਸਿਹਤ

ਕੁੱਝ ਕੁ ਸਮਾਂ ਪਹਿਲਾਂ ਇਸ ਨਾਚੀਜ਼ ਵਲੋਂ ਸਰਬੱਤ ਦੇ ਭਲੇ ਲਈ ਕਾਲੀ ਮਿਰਚ ਦਾ ਇਕ ਯੋਗ ਆਪ ਜੀ ਦੀ ਖ਼ਿਦਮਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਬਹੁਤ ਮਰੀਜ਼ਾਂ ਅਤੇ ਤੰਦਰੁਸਤ ਲੋਕਾਂ ਨੇ ਬਣਾਇਆ ਅਤੇ ਵਰਤੋਂ ਕੀਤੀ। ਮੈਨੂੰ ਹੁਕਮ ਵੀ ਕੀਤਾ, ਅਖੇ ਵੈਦ ਜੀ ਕਾਲੀ ਮਿਰਚ ਦੇ ਕੁੱਝ ਹੋਰ ਯੋਗ ਵੀ ਦੱਸੋ। ਸੋ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਮੈਂ ਬਹੁਤਾ ਗਿਆਨਵਾਨ ਨਹੀਂ। ਕਾਲੀ ਮਿਰਚ ਪੱਕੀ ਕਫ਼ਨਾਸ਼ਕ ਹੈ। ਕਫ਼ ਰੋਗ ਦੂਰ ਕਰਦੀ ਹੈ। ਜੰਮੀ ਹੋਈ ਕਫ਼ (ਬਲਗ਼ਮ) ਨੂੰ ਬਾਹਰ ਕਢਦੀ ਹੈ। ਹਾਜ਼ਮਾ ਠੀਕ ਕਰਦੀ ਹੈ,ਲਿਵਰ ਲਈ ਵੀ ਵਧੀਆ ਹੈ, ਸਾਹ, ਦਰਦ ਨਾਸ਼ਕ ਅਤੇ ਪੇਟ ਦੇ ਕਿਰਮਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਕਾਲੀ ਮਿਰਚ ਦੀ ਇਕ ਵੇਲ ਹੁੰਦੀ ਹੈ ਅਤੇ ਸਾਲ 'ਚ ਇਸ ਨੂੰ ਦੋ ਵਾਰ ਫੁੱਲ ਲਗਦੇ ਹਨ, ਉਹ ਵੀ ਗੁੱਛਿਆਂ ਦੇ ਰੂਪ ਵਿਚ।ਪੰਜਾਬ ਵਿਚ ਆਮ ਤੌਰ ਤੇ ਕਾਲੀ ਮਿਰਚ ਦਾ ਬੇਬਾਦੀ ਖ਼ਾਂਸੀ, ਬਲਗਮ, ਰੇਸ਼ੇ ਆਦਿ ਨੂੰ ਦੂਰ ਕਰਨ ਲਈ ਖੰਡ, ਸ਼ਹਿਦ, ਦਹੀਂ ਵਿਚ ਪਾ ਕੇ ਉਪਯੋਗ ਕੀਤਾ ਜਾਂਦਾ ਹੈ। ਜੇਕਰ ਬਹੁਤ ਜ਼ਿਆਦਾ ਖ਼ਾਂਸੀ ਹੋ ਜਾਵੇ ਤਾਂ ਦੋ ਗਰਾਮ ਕਾਲੀ ਮਿਰਚ, ਦੋ ਗਰਾਮ ਮਘਾਂ (ਵੱਡੀ) ਦਾ ਚੂਰਨ, 4 ਗਰਾਮ, ਅਨਾਰ ਦੇ ਸੁੱਕੇ ਛਿਲਕੇ ਦਾ ਪਾਊਡਰ, ਜੌਧਾਰ ਇਕ ਗਰਾਮ ਮਿਲਾ ਕੇ ਚੂਰਨ ਬਣਾ ਲਉ। ਇਸ ਨੂੰ 8 ਗੁਣਾਂ ਗੁੜ ਵਿਚ ਮਿਲਾ ਕੇ ਝਾੜੀ ਦੇ ਬੇਰ ਬਰਾਬਰ ਗੋਲੀਆਂ ਬਣਾ ਲਉ। ਦਿਨ ਵਿਚ ਤਿੰਨ ਵਾਰ ਲਉ ਗਰਮ ਪਾਣੀ ਨਾਲ।