ਮੋਹਾਲੀ ਜ਼ਿਲ੍ਹੇ 'ਚ ਟੀ.ਬੀ. ਦੇ 1849 ਮਰੀਜ਼

ਜੀਵਨ ਜਾਚ, ਸਿਹਤ

ਐਸ.ਏ.ਐਸ. ਨਗਰ, 23 ਦਸੰਬਰ (ਕਿਰਨਦੀਪ ਕੌਰ ਔਲਖ) : ਜ਼ਿਲ੍ਹਾ ਮੋਹਾਲੀ ਜਿਸ ਨੂੰ ਸਿਹਤ ਸੇਵਾਵਾਂ ਵਜੋਂ ਪੰਜਾਬ ਭਰ 'ਚੋਂ ਮੋਹਰੀ ਵੀ ਮੰਨਿਆਂ ਜਾਂਦਾ ਹੈ, ਉਸ ਜ਼ਿਲ੍ਹੇ ਵਿਚ ਹਰ ਰੋਜ਼ ਔਸਤ 5 ਮਰੀਜ਼ ਟੀਬੀ ਦੇ ਸਾਹਮਣੇ ਆਉਂਦੇ ਹਨ। ਇਨ੍ਹਾਂ ਵੱਡੀ ਗਿਣਤੀ ਦੇ ਵਿਚ ਮਰੀਜ਼ਾਂ ਦਾ ਸਾਹਮਣੇ ਆਉਣਾ ਇਕ ਚਿੰਤਾ ਦਾ ਵਿਸ਼ਾ ਹੈ। ਜਾਣਕਾਰੀ ਮੁਤਾਬਕ ਜਿਲ੍ਹੇ ਵਿਚ 2016 ਤੋਂ ਨਵੰਬਰ 2017 ਤਕ ਟੀਬੀ ਦੇ 1849 ਮਰੀਜ਼ਾਂ ਦੀ ਪਛਾਣ ਹੋਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਵਿਚ 7009 ਲੋਕਾਂ ਦੇ ਟੈਸਟ ਇਸ ਸਾਲ ਦੇ ਸਮੇਂ ਦੌਰਾਨ ਲਏ ਗਏ ਜਿਸ ਵਿਚੋਂ 863 ਮਰੀਜ਼ ਫੇਫੜਿਆਂ ਦੀ ਟੀਬੀ ਤੋਂ ਗ੍ਰਸਤ ਪਾਏ ਗਏ ਜਦਕਿ ਬਾਕੀ 986 ਮਰੀਜ਼ ਹੋਰ ਟੀਬੀ ਦੇ ਪਾਏ ਗਏ। ਫੇਫੜਿਆਂ ਦੀ ਟੀਬੀ ਮਰੀਜ਼ਾਂ ਵਿਚੋਂ ਸਭ ਤੋਂ ਜ਼ਿਆਦਾ 562 ਮਰਦ ਰੋਗੀ ਪਾਏ ਗਏ, 130 ਔਰਤਾਂ ਅਤੇ (0-14) ਸਾਲ ਦੇ 27 ਬੱਚੇ ਇਸ ਰੋਗ ਤੋਂ ਗ੍ਰਸਤ ਮਿਲੇ।  ਇਸ ਤੋ ਇਲਾਵਾ ਦੂਸਰੀ ਕਿਸਮ ਦੀ ਟੀਬੀ ਦੇ 986 ਕੇਸਾਂ ਵਿਚੋਂ 454 ਮਰਦ, 432 ਔਰਤਾਂ ਅਤੇ 100 ਬੱਚੇ ਰੋਗੀ ਪਾਏ ਗਏ। ਜਾਣਕਾਰੀ ਮੁਤਾਬਕ ਟੀਬੀ ਦੇ ਗ੍ਰਸਤ ਰੋਗੀਆਂ ਦੀ ਮੌਤ ਦਰ 4 ਫ਼ੀ ਸਦੀ ਹੈ। ਹਸਪਤਾਲ ਮੁਤਾਬਕ ਟੀਬੀ ਦੇ ਮਰੀਜ਼ਾਂ 'ਚੋਂ 2 ਫ਼ੀ ਸਦੀ ਕੇਸਾਂ ਨੂੰ ਠੀਕ ਕਰਨ ਵਿਚ ਅਸਫ਼ਲਤਾ ਮਿਲਦੀ ਹੈ, ਜਦਕਿ 4 ਫ਼ੀ ਸਦੀ ਮਰੀਜ਼ ਇਥੋਂ ਕਿਤੇ ਹੋਰ ਚੱਲੇ ਜਾਂਦੇ ਹਨ, ਜਿਸ ਕਾਰਨ ਉਹ ਅਪਣਾ ਇਲਾਜ ਅੱਧ ਵਿਚਕਾਰ ਹੀ ਛੱਡ ਜਾਂਦੇ ਹਨ।