ਪੂਰਾ ਸਾਲ ਡੇਂਗੂ, ਸਵਾਈਨ ਫ਼ਲੂ ਨੇ ਫੈਲਾਈ ਦਹਿਸ਼ਤ

ਜੀਵਨ ਜਾਚ, ਸਿਹਤ

ਐਸ.ਏ.ਐਸ. ਨਗਰ, 30 ਦਸੰਬਰ (ਕਿਰਨਦੀਪ ਕੌਰ ਔਲਖ) : 2017 ਪੰਜਾਬ ਵਾਸੀਆਂ ਵਿਸ਼ੇਸ਼ ਕਰ ਕੇ ਮੁਹਾਲੀ ਵਾਸੀਆਂ ਲਈ ਡੇਂਗੂ, ਸਵਾਈਨ ਫ਼ਲੂ, ਟੀ.ਬੀ. ਅਤੇ ਕੁਤਿਆਂ ਦੇ ਵੱਢਣ ਕਾਰਨ ਦਹਿਸ਼ਤ ਭਰਿਆ ਵਰ੍ਹਾ ਕਿਹਾ ਜਾ ਸਕਦਾ ਹੈ। ਅੰਕੜੇ ਮੂੰਹੋਂ ਬੋਲਦੇ ਹਨ ਕਿ 2017 ਵਿਚ ਡੇਂਗੂ ਦੇ ਡੰਗ ਨੇ ਮੁਹਾਲੀ ਵਾਸੀਆਂ ਦੀ ਨੀਂਦ ਉਡਾਈ ਰੱਖੀ। ਇਸ ਵਰ੍ਹੇ ਸਰਕਾਰੀ ਹਸਪਤਾਲ ਦੇ ਅੰਕੜਿਆਂ ਅਨੁਸਾਰ 2472 ਲੋਕਾਂ ਨੂੰ ਡੇਂਗੂ ਨੇ ਅਪਣੀ ਗ੍ਰਿਫ਼ਤ ਵਿਚ ਲਿਆ ਜਿਨ੍ਹਾਂ ਵਿਚੋਂ 1463 ਮਰਦ, 1009 ਔਰਤਾਂ ਹਨ ਜਦਕਿ 13 ਲੋਕਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸਵਾਈਨ ਫ਼ਲੂ ਨੇ ਮੁਹਾਲੀ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਆਮ ਤੌਰ 'ਤੇ ਸਵਾਈਨ ਫ਼ਲੂ ਸਰਦੀਆਂ ਦੀ ਬੀਮਾਰੀ ਹੈ ਪਰ ਪ੍ਰਾਪਤ ਅੰਕੜਿਆ ਅਨੁਸਾਰ ਗਰਮੀ ਦੇ ਮੌਸਮ ਵਿਚ ਹੀ 47 ਮਰੀਜ਼ ਸਵਾਈਨ ਫ਼ਲੂ ਦੇ ਆਏ ਤੇ ਮੌਤ ਦਰ 21 ਫ਼ੀ ਸਦੀ ਪਾਈ ਗਈ। ਇਨ੍ਹਾਂ ਦੋ ਬੀਮਾਰੀਆਂ ਤੋਂ ਇਲਾਵਾ ਤੀਜੀ ਵੱਡੀ ਬੀਮਾਰੀ ਐਤਕੀ ਮੁਹਾਲੀ ਵਿਚ ਟੀ.ਬੀ ਦੀ ਰਹੀ।

ਤੱਥ ਦਸਦੇ ਹਨ ਕਿ ਇਸ ਵਰ੍ਹੇ ਦੌਰਾਨ 1849 ਕੇਸ ਟੀਬੀ ਦੇ ਪਾਜ਼ੇਟਿਵ ਪਾਏ ਗਏ ਜਿਸ ਦੌਰਾਨ ਮੌਤ ਦਰ ਵੀ 4 ਫ਼ੀ ਸਦੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਹਰ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਅਤੇ ਡੇਂਗੂ ਨਾਲ ਮੌਤਾਂ ਦੀ ਗਿਣਤੀ ਘਟਣ ਦੀ ਬਜਾਏ ਵੱਧ ਰਹੀ ਹੈ। ਦੱਸਣਯੋਗ ਕਿ ਪਿਛਲੇ ਕਈ ਵਰ੍ਹਿਆਂ ਤੋਂ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਡੇਂਗੂ ਬਾਰੇ ਹਰ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਡੇਂਗੂ ਦੀ ਰੋਕਥਾਮ ਲਈ ਵੱਡੀ ਪੱਧਰ 'ਤੇ ਕਦਮ ਉਠਾਏ ਜਾ ਰਹੇ ਹਨ। ਜੇ ਇਹ ਗੱਲ ਸੱਚ ਹੈ ਤਾਂ ਕੀ ਕਾਰਨ ਹੈ ਕਿ ਡੇਂਗੂ ਮਰੀਜ਼ ਦਿਨੋਂ ਦਿਨ ਵਧ ਰਹੇ ਹਨ। ਕਿਤੇ ਮੁਹਾਲੀ ਵਾਸੀ ਹਸਪਤਾਲ ਅਤੇ ਲੈਬੋਟਰੀਆਂ ਵਾਲਿਆਂ ਦੀ ਸ਼ਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ।ਹਰ ਵਰ੍ਹੇ ਆਵਾਰਾ ਕੁੱਤਿਆਂ ਦੀ ਗਿਣਤੀ ਨਾ ਸਿਰਫ਼ ਵੱਧ ਰਹੀ ਹੈ ਬਲਕਿ ਆਦਮੀ, ਔਰਤਾਂ, ਬੱਚੇ ਅਤੇ ਬਜ਼ੁਰਗ ਲਗਾਤਾਰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਇਸ ਵਰ੍ਹੇ ਦੌਰਾਨ 1941 ਮੁਹਾਲੀ ਵਾਸੀਆਂ ਨੂੰ ਕੁੱਤਿਆਂ ਨੇ ਵੱਢਿਆ, ਜਿਨ੍ਹਾਂ ਵਿਚ 1065 ਮਰਦ,459 ਔਰਤਾਂ ਅਤੇ 417 ਬੱਚੇ ਕੁੱਤਿਆ ਦਾ ਸ਼ਿਕਾਰ ਬਣੇ ਜਦਕਿ ਕਾਰਪੋਰੇਸ਼ਨ ਦਾ ਮੁੱਖ ਫ਼ਰਜ਼ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਦੇਣਾ ਹੁੰਦਾ ਹੈ ਪਰ ਇਥੇ ਉਹ ਅਸਫ਼ਲ ਰਹੇ।