ਸੂਰਜ ਦੀ ਰੌਸ਼ਨੀ, ਵਿਟਾਮਿਨ ਡੀ ਅਤੇ ਸਿਹਤ

ਜੀਵਨ ਜਾਚ, ਸਿਹਤ

ਵਿਟਾਮਿਨ ਡੀ ਚਰਬੀ 'ਚ ਘੁਲਣਸ਼ੀਲ ਵਿਟਾਮਿਨਾਂ ਦੀ ਸ਼੍ਰੇਣੀ ਵਿਚੋਂ ਇਕ ਹੈ (ਬਾਕੀ ਹਨ ਵਿਟਾਮਿਨ ਏ, ਈ ਅਤੇ ਕੇ)। ਇਹ ਸ਼ਾਇਦ ਇਕੋ-ਇਕ ਪੌਸ਼ਟਿਕ ਆਹਾਰੀ ਤੱਤ ਹੈ ਜੋ ਅਣਗੌਲਿਆ ਰਿਹਾ ਹੈ। ਸ਼ਾਇਦ ਇਸ ਲਈ ਕਿ ਸੂਰਜ ਦੀ ਰੌਸ਼ਨੀ ਚਮੜੀ ਉਪਰ ਪੈਣ ਨਾਲ ਮੁਫ਼ਤ ਮਿਲਦਾ ਹੈ। ਆਉ ਇਸ ਵਿਟਾਮਿਨ ਬਾਰੇ ਕੁੱਝ ਦਿਲਚਸਪ ਤੱਥ ਸਾਂਝੇ ਕਰੀਏ:
1. ਇਹ ਸਾਡੇ ਸਰੀਰ ਦੀ ਚਮੜੀ ਉਪਰ ਸੂਰਜ ਦੀ ਧੁੱਪ ਰਾਹੀਂ ਆ ਰਹੀਆਂ ਪਰਾਵੈਂਗਣੀ ਕਿਰਨਾਂ ਦੇ ਮਹੀਨ ਨਾੜੀਆਂ ਵਿਚ ਵਗਦੇ ਖ਼ੂਨ ਉਪਰ ਅਸਰ ਕਾਰਨ ਪੈਦਾ ਹੁੰਦਾ ਹੈ। ਸ਼ੀਸ਼ੇ ਵਿਚੋਂ ਦੀ ਲੰਘੀ ਧੁੱਪ ਦਾ ਇਹ ਅਸਰ ਖ਼ਤਮ ਹੋ ਜਾਂਦਾ ਹੈ। ਇਸ ਲਈ ਘਰ ਵਿਚ ਜਾਂ ਕਾਰ ਵਿਚ ਸ਼ੀਸ਼ੇ ਬੰਦ ਕਰ ਕੇ ਬੈਠਿਆਂ ਨੂੰ ਇਸ ਕੁਦਰਤੀ ਨੇਮਤ ਦਾ ਫ਼ਾਇਦਾ ਨਹੀਂ ਮਿਲਦਾ।
2. ਸਾਧਾਰਣ ਖੁਰਾਕ ਰਾਹੀਂ ਲੋੜੀਂਦਾ ਵਿਟਾਮਿਨ ਡੀ ਪ੍ਰਾਪਤ ਕਰਨਾ ਲਗਭਗ ਅਸੰਭਵ ਹੁੰਦਾ ਹੈ। ਨੰਗੇ ਸਰੀਰ ਨੂੰ ਧੁੱਪ ਲਗਾਉਣਾ ਹੀ ਵਿਟਾਮਿਨ ਡੀ ਪ੍ਰਾਪਤ ਕਰਨ ਦਾ ਇਕੋ-ਇਕ ਭਰੋਸੇਮੰਦ ਅਤੇ ਸਸਤਾ ਤਰੀਕਾ ਹੈ।
3. ਇਕ ਇਨਸਾਨ ਨੂੰ ਲੋੜੀਂਦਾ ਵਿਟਾਮਿਨ ਡੀ ਪ੍ਰਾਪਤ ਕਰਨ ਲਈ ਵਿਟਾਮਿਨ ਡੀ ਯੁਕਤ ਦੁੱਧ ਦੇ ਘੱਟੋ-ਘੱਟ ਦਸ ਵੱਡੇ ਗਲਾਸ ਪੀਣੇ ਪੈਣਗੇ।
4. ਭੂ ਮੱਧ ਰੇਖਾ ਤੋਂ ਜਿੰਨਾ ਦੂਰ ਕੋਈ ਰਹਿੰਦਾ ਹੈ ਓਨੀ ਹੀ ਜ਼ਿਆਦਾ ਧੁੱਪ ਵਿਟਾਮਿਨ ਡੀ ਬਣਾਉਣ ਲਈ ਚਾਹੀਦੀ ਹੈ। ਇਸ ਕਰ ਕੇ ਅਮਰੀਕਾ, ਕੈਨੇਡਾ ਅਤੇ ਉਤਰੀ ਯੂਰਪੀਅਨ ਦੇਸ਼ਾਂ ਦੇ ਲੋਕ ਧੁੱਪ ਸੇਕਣ ਲਈ ਮੌਕਾ ਲਭਦੇ ਰਹਿੰਦੇ ਹਨ।
5. ਪੱਕੇ ਅਤੇ ਕਾਲੇ ਰੰਗ ਦੀ ਚਮੜੀ ਵਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਬਰਾਬਰ ਦਾ ਵਿਟਾਮਿਨ ਡੀ ਲੈਣ ਲਈ 20 ਤੋਂ 30 ਗੁਣਾਂ ਜ਼ਿਆਦਾ ਧੁੱਪ ਵਿਚ ਬੈਠਣ ਦੀ ਜ਼ਰੂਰਤ ਹੁੰਦੀ ਹੈ। ਇਸ ਕਾਰਨ ਗਦੂਦ ਦਾ ਕੈਂਸਰ ਕਾਲੀ ਚਮੜੀ ਵਾਲੇ ਲੋਕਾਂ ਵਿਚ ਬਹੁਤ ਜ਼ਿਆਦਾ ਹੁੰਦਾ ਹੈ।
6. ਆਂਦਰਾਂ ਵਿਚੋਂ ਕੈਲਸ਼ੀਅਮ ਜਜ਼ਬ ਕਰਨ ਲਈ ਚੋਖੀ ਮਾਤਰਾ ਵਿਚ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ। ਵਿਟਾਮਿਨ ਦੀ ਘਾਟ ਦੀ ਹਾਲਤ ਵਿਚ ਕੈਲਸ਼ੀਅਮ ਸਪਲੀਮੈਂਟ ਬੇਕਾਰ ਸਾਬਤ ਹੁੰਦੇ ਹਨ।
7. ਧੁੱਪ ਤੋਂ ਚਮੜੀ ਨੂੰ ਬਚਾਉਣ ਲਈ ਵਰਤੀਆਂ ਜਾਂਦੀਆਂ ਕਰੀਮਾਂ ਅਤੇ ਲੋਸ਼ਨ ਸਰੀਰ ਵਿਚ ਧੁੱਪ ਰਾਹੀਂ ਬਣਦੇ ਵਿਟਾਮਿਨ ਡੀ ਦੀ ਪੈਦਾਇਸ਼ 95% ਘਟਾ ਦਿੰਦੇ ਹਨ। ਐਸ.ਪੀ.ਐਫ਼.-8 ਵਾਲੇ ਲੋਸ਼ਨ ਵੀ ਅਜਿਹਾ ਅਸਰ ਰਖਦੇ ਹਨ। ਸੋ ਅਸਲ ਵਿਚ ਪੈਸੇ ਖ਼ਰਚ ਕੇ ਫ਼ਾਇਦੇ ਲਈ ਖ਼ਰੀਦੀਆਂ ਇਹ ਵਸਤਾਂ ਸਰੀਰ ਵਿਚ ਵਿਟਾਮਿਨ ਡੀ ਦੀ ਘਾਟ ਪੈਦਾ ਕਰ ਕੇ ਬਿਮਾਰੀਆਂ ਪੈਦਾ ਕਰਦੀਆਂ ਹਨ।
8. ਧੁੱਪ ਵਿਚ ਬੈਠਣ ਕਾਰਨ ਸਰੀਰ ਵਿਚ ਜ਼ਰੂਰਤ ਤੋਂ ਜ਼ਿਆਦਾ ਵਿਟਾਮਿਨ ਡੀ ਬਣਾਉਣਾ ਅਸੰਭਵ ਹੈ ਕਿਉਂਕਿ ਸਰੀਰ ਦਾ ਸਵੈ-ਕੰਟਰੋਲ ਲੋੜ ਮੁਤਾਬਕ ਹੀ ਇਹ ਵਿਟਾਮਿਨ ਬਣਾਉਂਦਾ ਹੈ।
9. ਅਗਰ ਛਾਤੀ ਵਿਚਕਾਰ ਦੀ ਹੱਡੀ (ਸਟਰਨ/ਬ੍ਰੈਸਟਬੋਨ) ਨੂੰ ਅੰਗੂਠੇ ਨਾਲ ਜ਼ੋਰ ਦੀ ਦਬਾਇਆਂ ਦਰਦ ਹੋਵੇ ਤਾਂ ਸਮਝੋ ਕਿ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੈ।
10. ਧੁੱਪ ਰਾਹੀਂ ਚਮੜੀ ਵਿਚ ਬਣਿਆ ਵਿਟਾਮਿਨ ਡੀ ਸਰੀਰ ਵਿਚ ਜਿਗਰ ਅਤੇ ਗੁਰਦਿਆਂ ਰਾਹੀਂ ਸਰਗਰਮ ਕੀਤਾ ਜਾਂਦਾ ਹੈ। ਜਿਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦੌਰਾਨ ਖ਼ੂਨ ਵਿਚ ਮੌਜੂਦ ਵਿਟਾਮਿਨ ਉਚਿਤ ਮਾਤਰਾ ਵਿਚ ਸਰਗਰਮ ਨਹੀਂ ਹੋ ਸਕਦਾ। ਅਜਿਹੀ ਹਾਲਤ ਵਿਚ ਸਰਗਰਮ ਵਿਟਾਮਿਨ ਡੀ-3 ਟੀਕੇ ਜਾਂ ਕੈਪਸੂਲ ਰਾਹੀਂ ਦਿਤਾ ਜਾਂਦਾ ਹੈ।
11. ਸਨਸਕ੍ਰੀਨ ਇੰਡਸਟਰੀ ਨਹੀਂ ਚਾਹੁੰਦੀ ਕਿ ਧੁੱਪ ਰਾਹੀਂ ਮੁਫ਼ਤ ਵਿਟਾਮਿਨ ਡੀ ਦੀ ਪ੍ਰਾਪਤੀ ਬਾਰੇ ਆਮ ਲੋਕਾਂ ਵਿਚ ਪ੍ਰਚਾਰ ਹੋਵੇ। ਅਜਿਹੀ ਜਾਣਕਾਰੀ ਉਨ੍ਹਾਂ ਦੀ ਵਿਕਰੀ ਘਟਾਏਗੀ।
ਇਸ ਵਿਟਾਮਿਨ ਦੀ ਘਾਟ ਕਾਰਨ ਹੇਠ ਲਿਖੀਆਂ ਅਲਾਮਤਾਂ ਹੋ ਸਕਦੀਆਂ ਹਨ:
 ਹੱਡੀਆਂ ਦਾ ਬਿਸਕੁਟ ਵਾਂਗ ਨਰਮ ਅਤੇ ਭੁਰਭੁਰਾ ਹੋ ਜਾਣਾ - ਓਸਟੀਓਪਰੋਸਿਸ
 ਬੱਚਿਆਂ ਵਿਚ ਹੱਡੀਆਂ ਕਮਜ਼ੋਰ ਅਤੇ ਵਿੰਗੀਆਂ ਕਰਨ ਵਾਲੀ ਬਿਮਾਰੀ - ਰਿਕੇਟਸ
 ਇਸ ਦੀ ਘਾਟ ਸ਼ੂਗਰ ਦੀ ਟਾਈਪ-2 ਬਿਮਾਰੀ ਨੂੰ ਹੋਰ ਤੀਬਰ ਕਰ ਸਕਦੀ ਹੈ। ਅਜਿਹਾ ਪੈਨਕਰੀਆਜ਼ ਵਲੋਂ ਘੱਟ ਇਨਸੂਲਿਨ ਬਣਾਉਣ ਕਾਨ ਹੁੰਦਾ ਹੈ।
 ਇਸ ਦੀ ਘਾਟ ਮਾਨਸਿਕ ਰੋਗ ਸ਼ਕੀਜੋਫਰੇਨੀਆ ਅਤੇ ਡਿਪਰੈਸ਼ਨ ਦੇ ਕਾਰਨ ਵਿਚੋਂ ਇਕ ਹੋ ਸਕਦੀ ਹੈ।
 ਪੱਠਿਆਂ ਦੀ ਕਮਜ਼ੋਰੀ, ਪੀੜਾਂ, ਚੀਸਾਂ - ਫ਼ਾਈਬਰੋ ਮਾਇਲਜ਼ੀਆ
ਵਿਟਾਮਿਨ ਡੀ ਦੇ ਫ਼ਾਇਦੇ:
 ਡਾਇਬਿਟੀਜ਼ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਹੋਂਦ ਦੇ ਮੌਕੇ ਹਫ਼ਤੇ ਵਿਚ ਸਿਰਫ਼ ਦੋ ਤੋਂ ਤਿੰਨ ਵਾਰ ਧੁੱਪ ਵਿਚ ਬੈਠਣ ਨਾਲ 50 ਤੋਂ 80 ਫ਼ੀ ਸਦੀ ਘੱਟ ਜਾਂਦੇ ਹਨ।
 ਪਹਿਲੇ ਦੋ ਸਾਲ ਦੀ ਉਮਰ ਵਿਚ ਛੋਟੇ ਬੱਚੇ ਜੋ 2000 ਯੂਨਿਟ ਵਿਟਾਮਿਨ ਡੀ ਹਰ ਰੋਜ਼ ਲੈਂਦੇ ਰਹੇ ਹੋਣ ਉਨ੍ਹਾਂ ਵਿਚ ਟਾਈਪ-1 ਦੀ ਡਾਇਬਿਟੀਜ਼ ਹੋਣ ਦੇ ਮੌਕੇ 80% ਘੱਟ ਜਾਂਦੇ ਹਨ।
ਕਈ ਸਰਵੇਖਣਾਂ ਵਿਚ ਪਾਇਆ ਗਿਆ ਹੈ ਕਿ 32 ਤੋਂ 60 ਫ਼ੀ ਸਦੀ ਲੋਕਾਂ ਵਿਚ ਇਸ ਦੀ ਘਾਟ ਹੁੰਦੀ ਹੈ। 76% ਗਰਭਵਤੀ ਔਰਤਾਂ ਅਤੇ 80% ਨਰਸਿੰਗ ਹੋਮਾਂ ਵਿਚ ਭਰਤੀ ਮਰੀਜ਼ਾਂ ਵਿਚ ਵੀ ਇਸ ਦੀ ਕਮੀ ਪਾਈ ਗਈ ਹੈ। ਇਸ ਕਾਰਨ ਵਿਟਾਮਿਨ ਡੀ ਦੀ ਕਮੀ ਵਾਲੀਆਂ ਔਰਤਾਂ ਨੂੰ ਜਨਮੇ ਬੱਚੇ ਵੀ ਬਾਅਦ ਵਿਚ ਇਸ ਦੀ ਘਾਟ ਕਾਰਨ ਟਾਈਪ-1 ਡਾਇਬਿਟੀਜ਼, ਜੋੜਾਂ ਦੇ ਦਰਦ, ਸਕਲੀਰੋਸਿਸ ਅਤੇ ਸ਼ਕੀਜੋਪਰੇਨੀਆਂ ਦੇ ਸ਼ਿਕਾਰ ਹੋ ਸਕਦੇ ਹਨ।
 ਉਚਿਤ ਮਾਤਰਾ ਵਿਚ ਰਹਿੰਦਿਆਂ ਇਹ ਵਿਟਾਮਿਨ ਗਦੂਦ, ਛਾਤੀ, ਅੰਡਕੋਸ਼, ਉਦਾਸੀ ਰੋਗ, ਕੋਲਨ ਕੈਂਸਰ ਅਤੇ ਸ਼ਕੀਜ਼ੋਪਰੇਨੀਆ ਦੀ ਹੋਂਦ ਨੂੰ ਘਟਾਉਂਦਾ ਹੈ।
ਅੰਤ ਵਿਚ, ਵਿਟਾਮਿਨ ਡੀ ਦੀ ਖ਼ੂਨ ਵਿਚ ਮਾਤਰਾ ਜਾਂਚਣ ਲਈ ਖ਼ੂਨ ਦਾ ਟੈਸਟ ਹਰ ਚੰਗੀ ਪ੍ਰਯੋਗਸ਼ਾਲਾ ਵਿਚ ਉਪਲਬਧ ਹੈ। ਵਿਟਾਮਿਨ ਡੀ ਦਾ ਟੀਕਾ 60 ਲੱਖ ਯੂਨਿਟ ਅਤੇ ਕੈਪਸੂਲ 60 ਹਜ਼ਾਰ ਯੂਨਿਟ ਦੀ ਮਾਤਰਾ ਵਿਚ ਮਿਲਦੇ ਹਨ। ਇਹ ਡਾਕਟਰੀ ਸਲਾਹ ਅਤੇ ਨਿਗਰਾਨੀ ਹੇਠ ਹੀ ਵਰਤਣੇ ਚਾਹੀਦੇ ਹਨ। ਲੋੜ ਤੋਂ ਵੱਧ ਇਸ ਤਰ੍ਹਾਂ ਲਿਆ ਵਿਟਾਮਿਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ।