Special Article: ਦਿਨੋ ਦਿਨ ਘੱਟ ਰਿਹਾ ਸੰਧਾਰੇ ਵਾਲੇ ਬਿਸਕੁਟਾਂ ਦਾ ਰਿਵਾਜ਼, ਹੁਣ ਨਹੀਂ ਲੱਗਦੀਆਂ ਭੱਠੀਆਂ 'ਤੇ ਪਹਿਲਾਂ ਵਰਗੀਆਂ ਰੌਣਕਾਂ
ਸੰਧਾਰੇ ਵਿਚ ਅਪਣੀ ਹੈਸੀਅਤ ਮੁਤਾਬਕ ਹਰ ਕੋਈ ਕਈ ਚੀਜ਼ਾਂ ਭੇਜਦਾ ਹੈ, ਜਿਨ੍ਹਾਂ ਵਿਚ ਸੂਟ, ਚੂੜੀਆਂ, ਗਹਿਣੇ, ਮੱਠੀਆਂ ਤੇ ਬਿਸਕੁਟ ਆਦਿ ਹੁੰਦੇ ਹਨ|
Sandhara punjab culture Special Article News: ਕਹਿੰਦੇ ਨੇ ਸਾਵਣ ਦਾ ਮਹੀਨਾ ਅਪਣੇ ਨਾਲ ਕਈ ਰੰਗ ਲੈ ਕੇ ਆਉਂਦਾ ਹੈ| ਇਸ ਮਹੀਨੇ ਬਰਸਾਤ ਵਧੇਰੇ ਹੋਣ ਕਰ ਕੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ| ਵਿਆਹੀਆਂ ਹੋਈਆਂ ਕੁੜੀਆਂ ਅਪਣੇ ਪੇਕੇ ਪਿੰਡ ਆਉਂਦੀਆਂ ਹਨ| ਅਪਣੀਆਂ ਸਹੇਲੀਆਂ ਨਾਲ ਰਲ ਕੇ ਤੀਆਂ ਲਗਾਉਂਦੀਆਂ ਹਨ ਜਾਂ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਹੁਰੇ ਪਿੰਡ ਕੁਝ ਸੌਗਾਤਾਂ ਲੈਕੇ ਜਾਂਦੇ ਹਨ, ਜਿਸ ਨੂੰ ਸੰਧਾਰਾ ਕਿਹਾ ਜਾਂਦਾ ਹੈ| ਸਾਉਣ ਦੇ ਮਹੀਨੇ ਵਿਚ ਭਰਾ ਵਲੋਂ ਜਾ ਕਿਸੇ ਹੋਰ ਪ੍ਰਵਾਰਿਕ ਮੈਂਬਰ ਵਲੋਂ ਧੀ ਨੂੰ ਸੰਧਾਰਾ ਦੇ ਕੇ ਆਉਣਾ ਜ਼ਰੂਰੀ ਸਮਝਿਆ ਜਾਂਦਾ ਹੈ| ਜਿਸ ਕੁੜੀ ਦਾ ਭਰਾ ਤੀਆਂ ਵਿਚ ਭੈਣ ਨੂੰ ਮਿਲਣ ਨਹੀਂ ਜਾਂਦਾ, ਉਸ ਕੁੜੀ ਨੂੰ ਉਸ ਦੀ ਸੱਸ ਵਲੋਂ ਉਲਾਂਭਾ ਦਿਤਾ ਜਾਂਦਾ ਹੈ -
‘‘ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਤੀਆਂ ਵਿਚ ਮਿਲਣ ’ਨੀ ਆਏ’’
ਸੰਧਾਰੇ ਵਿਚ ਅਪਣੀ ਹੈਸੀਅਤ ਮੁਤਾਬਕ ਹਰ ਕੋਈ ਕਈ ਚੀਜ਼ਾਂ ਭੇਜਦਾ ਹੈ, ਜਿਨ੍ਹਾਂ ਵਿਚ ਸੂਟ, ਚੂੜੀਆਂ, ਗਹਿਣੇ, ਮੱਠੀਆਂ ਤੇ ਬਿਸਕੁਟ ਆਦਿ ਹੁੰਦੇ ਹਨ| ਇਨ੍ਹਾਂ ਵਿਚੋਂ ਸਭ ਤੋਂ ਅਹਿਮ ਬਿਸਕੁਟ ਮੰਨੇ ਜਾਂਦੇ ਹਨ, ਜੋ ਖ਼ੁਦ ਲੋਕ ਬਿਸਕੁਟਾਂ ਦੀ ਭੱਠੀ ’ਤੇ ਜਾ ਕੇ ਤਿਆਰ ਕਰਵਾਉਂਦੇ ਹਨ| ਭਾਵੇਂ ਕਿ ਖਾਣ ਦੀਆਂ ਕਈ ਹੋਰ ਵਸਤਾਂ ਵੀ ਸੰਧਾਰੇ ਵਿਚ ਭੇਜੀਆਂ ਜਾਂਦੀਆਂ ਹਨ, ਪਰ ਬਿਸਕੁਟ ਬਣਵਾ ਕੇ ਭੇਜਣੇ ਜ਼ਿਆਦਾ ਜ਼ਰੂਰੀ ਸਮਝੇ ਜਾਂਦੇ ਹਨ| ਇਸ ਲਈ ਸਾਉਣ ਦੇ ਮਹੀਨੇ ਵਿਚ ਭੱਠੀਆਂ ’ਤੇ ਪੂਰੀ ਰੌਣਕ ਰਹਿੰਦੀ ਸੀ| ਲੰਮੀਆਂ ਲੰਮੀਆਂ ਕਤਾਰਾਂ ਵਿਚ ਵਾਰੀ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ| ਸਾਡੇ ਪਿੰਡ ਤੋਂ ਇਕ ਪਿੰਡ ਛੱਡ ਕੇ ਅਗਲੇ ਪਿੰਡ ਦੀ ਭੱਠੀ ਬਹੁਤ ਮਸ਼ਹੂਰ ਹੁੰਦੀ ਸੀ| ਸਾਰੇ ਕਹਿੰਦੇ ਸਨ ਉਹ ਭੱਠੀ ਵਾਲਾ ਬਿਸਕੁਟ ਬਹੁਤ ਵਧੀਆ ਬਣਾਉਂਦਾ þ| ਜਦੋਂ ਅਸੀਂ ਬਿਸਕੁਟ ਬਣਵਾਉਣੇ ਹੁੰਦੇ ਸਨ ਤਾਂ ਬਾਪੂ ਨੇ ਇਕ ਦਿਨ ਪਹਿਲਾਂ ਹੀ ਪੀਪੇ ’ਚ ਪਾ ਕੇ ਰਾਸ਼ਨ ਭੱਠੀ ’ਤੇ ਰੱਖ ਆਉਣਾ, ਭਾਵ ਨੰਬਰ ਲਗਾ ਆਉਣਾ| ਫਿਰ ਵੀ ਦੂਜੇ ਦਿਨ ਦੁਪਹਿਰ ਤਕ ਹੀ ਵਾਰੀ ਆਉਣੀ| ਭੱਠੀ ’ਤੇ ਭੀੜ ਬਹੁਤ ਜ਼ਿਆਦਾ ਹੁੰਦੀ ਸੀ| ਲੋਕਾਂ ਨੇ ਇਕ ਦੂਜੇ ਨਾਲ ਗੱਲਾਂ ਮਾਰੀ ਜਾਣੀਆਂ ਨਾਲੇ ਅਪਣੀ ਵਾਰੀ ਦਾ ਇੰਤਜ਼ਾਰ ਕਰੀ ਜਾਣਾ|
ਪਰ ਹੁਣ ਭੱਠੀਆਂ ’ਤੇ ਪਹਿਲਾਂ ਵਰਗੀਆਂ ਰੌਣਕਾਂ ਨਜ਼ਰ ਨਹੀਂ ਆਉਂਦੀਆਂ| ਕੁਝ ਦਿਨ ਪਹਿਲਾਂ ਉਸੇ ਬਿਸਕੁਟਾਂ ਦੀ ਭੱਠੀ ਉੱਤੇ ਜਾਣ ਦਾ ਸਬੱਬ ਬਣਿਆ, ਜਿਥੋਂ ਪਹਿਲਾਂ ਬਿਸਕੁਟ ਬਣਵਾਉਂਦੇ ਹੁੰਦੇ ਸੀ| ਸੋਚਿਆ ਸੀ ਕਿ ਪਹਿਲਾਂ ਦੀ ਤਰ੍ਹਾਂ ਬਹੁਤ ਭੀੜ ਹੋਵੇਗੀ, ਪਰ ਜਾ ਕੇ ਵੇਖਿਆ ਤਾਂ ਬਿਲਕੁਲ ਭੀੜ ਨਹੀਂ ਸੀ| ਬੈਠ ਕੇ ਦੁਕਾਨਦਾਰ ਨਾਲ ਗੱਲਾਂ ਬਾਤਾਂ ਕੀਤੀਆਂ, ਉਹ ਵੀ ਪਰੇਸ਼ਾਨ ਨਜ਼ਰ ਆਇਆ| ਕਹਿੰਦਾ ਹੁਣ ਪਹਿਲਾਂ ਵਾਲੀ ਰੌਣਕ ਨਹੀਂ ਰਹੀ, ਲੋਕਾਂ ‘ਚ ਪਿਆਰ ਘੱਟ ਗਿਆ þ| ਅਸਲ ਵਿਚ ਕਈ ਲੋਕ ਤਾਂ ਅਜੇ ਵੀ ਬਿਸਕੁਟਾਂ ਨੂੰ ਪਹਿਲ ਦਿੰਦੇ ਹਨ| ਪਰ ਨੌਜਵਾਨ ਬਿਸਕੁਟ ਬਣਵਾਉਣ ਦੀ ਬਜਾਏ ਲੱਡੂ ਬਰਫ਼ੀ ਆਦਿ ਦਾ ਸੰਧਾਰਾ ਦੇਣ ਨੂੰ ਪਹਿਲ ਦਿੰਦੇ ਹਨ, ਕਿਉਂਕਿ ਉਹ ਸਮਝਦੇ ਹਨ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਬਿਸਕੁਟ ਬਣਵਾਉਣ ਜਾਈਏ|
ਦੂਜੇ ਅੱਜਕੱਲ ਜ਼ਿਆਦਾਤਰ ਕੁੜੀਆਂ ਤੇ ਮੁੰਡੇ ਵਿਆਹ ਤੋਂ ਬਾਅਦ ਬਾਹਰਲੇ ਮੁਲਕਾਂ ਵਿਚ ਜਾ ਬੈਠੇ ਹਨ| ਅੱਜਕੱਲ ਭੱਠੀਆਂ ਉੱਤੇ ਜ਼ਿਆਦਾਤਰ ਬਜ਼ੁਰਗ ਹੀ ਨਜ਼ਰ ਆਉਂਦੇ ਹਨ, ਨੌਜਵਾਨ ਤਾਂ ਨਾਮਾਤਰ ਹੁੰਦੇ ਹਨ| ਲਗਦਾ þ ਹੁਣ ਦਿਨੋਂ ਦਿਨ ਘੱਟ ਰਹੇ ਹੋਰਨਾਂ ਸਭਿਆਚਾਰਕ ਰਿਵਾਜਾਂ ਵਾਂਗ ‘ਪੀਪੇ ਵਾਲੇ ਬਿਸਕੁਟਾ’ ਦਾ ਰਿਵਾਜ ਵੀ ਇਕ ਦਿਨ ਅਲੋਪ ਨਾ ਹੋ ਜਾਵੇ|
ਸੰਦੀਪ ਸਿੰਘ ਮੋਮਨਾਬਾਦੀ
ਪਿੰਡ ਮੋੋੋਮਨਾਬਾਦ ਤਹਿ: ਅਹਿਮਦਗੜ੍ਹ
ਮਲੇਰਕੋਟਲਾ (ਮੋ. 88725-56067)
(For more news apart from “The custom of biscuits Sandhara punjab culture Special Article News, ” stay tuned to Rozana Spokesman.)