ਪੰਜਾਬੀਆਂ ਨੂੰ ਹੁਣ ਏਡਜ਼ ਦੇ ਜਾਲ ਵਿੱਚ ਫਸਾ ਰਿਹਾ ਨਸ਼ੇ ਦਾ ਟੀਕਾ, ਪੜ੍ਹੋ ਕਿਵੇਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕੁੱਲ ਮਰੀਜ਼ਾਂ 'ਚੋਂ 30 ਤੋਂ 35 ਫੀਸਦੀ ਔਰਤਾਂ ਵੀ ਪ੍ਰਭਾਵਿਤ ਹਨ

The drug injection is now trapping Punjabis in the trap of AIDS

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਟੀਵੀ, ਸੋਸ਼ਲ ਮੀਡੀਆ, ਸਿਨੇਮਾ ਅਤੇ ਵੈੱਬ ਪੋਰਟਲ ਰਾਹੀਂ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਂਦੇ ਹਨ। ਇਸੇ ਤਰ੍ਹਾਂ ਸੂਬੇ ਦੇ ਪੰਜ ਹਜ਼ਾਰ ਸਕੂਲਾਂ ਵਿੱਚ ਉੱਚ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ, ਇਸ ਦੇ ਬਾਵਜੂਦ ਪੰਜਾਬ ਵਿੱਚ ਏਡਜ਼ ਦੇ ਮਾਮਲੇ ਘਟਣ ਦੀ ਬਜਾਏ ਲਗਾਤਾਰ ਵੱਧ ਰਹੇ ਹਨ।

ਅੱਜ ਇਸ ਨਾਲ ਔਰਤਾਂ ਵੀ ਪ੍ਰਭਾਵਿਤ ਹਨ, ਕੁੱਲ ਮਰੀਜ਼ਾਂ 'ਚੋਂ 30 ਤੋਂ 35 ਫੀਸਦੀ ਔਰਤਾਂ ਵੀ ਪ੍ਰਭਾਵਿਤ ਹਨ। ਜੇਕਰ ਪਿਛਲੇ ਪੰਜ ਸਾਲ ਦੇ ਰਿਕਾਰਡ ਦੀ ਜਾਂਚ ਕਰੀਏ ਤਾਂ ਸੂਬੇ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 65 ਫੀਸਦੀ ਵਧੀ ਹੈ। ਇਹ ਖੁਲਾਸਾ ਲੋਕ ਸਭਾ ਵਿਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਐੱਚਆਈਵੀ ਦੇ ਕੇਸਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ਾ ਹੈ। ਬਹੁਤ ਸਾਰੇ ਲੋਕ ਇਕੋ ਸਰਿੰਜ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਇਸ ਵਜ੍ਹਾ ਕਰਕੇ ਸੂਬੇ ਵਿਚ ਐਚ.ਆਈ.ਵੀ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਵੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ। ਰਾਸ਼ਟਰੀ ਏਡਜ਼ ਅਤੇ ਐਸ.ਟੀ.ਡੀ. ਕੰਟਰੋਲ ਪ੍ਰੋਗਰਾਮ ਤਹਿਤ ਸੂਬੇ ਵਿਚ ਐੱਚਆਈਵੀ ਸੰਕਰਮਿਤ ਮਰੀਜ਼ਾਂ ਲਈ ਰਿਪੋਰਟ ਤਿਆਰ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸਾਲ 2019-20 ਤੋਂ 2023-24 ਤੱਕ ਏਡਜ਼ ਦੇ 2,45,939 ਮਰੀਜ਼ ਸਾਹਮਣੇ ਆਏ ਹਨ। 

ਇਹ ਹਰ ਸਾਲ ਵਧ ਰਹੇ ਹਨ। ਸਾਲ 2019-20 ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 38,424 ਸੀ, ਜੋ ਸਾਲ 2023-24 ਵਿੱਚ ਵੱਧ ਕੇ 63,554 ਹੋ ਗਈ ਹੈ। ਮਰਦਾਂ ਦੇ ਨਾਲ-ਨਾਲ ਔਰਤਾਂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ, ਜਿਨ੍ਹਾਂ 'ਚੋਂ 35 ਫੀਸਦੀ ਮਾਮਲੇ ਔਰਤਾਂ ਹਨ ਅਤੇ ਕੁੱਲ ਮਾਮਲਿਆਂ 'ਚੋਂ 30 ਏਡਜ਼ ਤੋਂ ਪੀੜਤ ਦੱਸੇ ਜਾ ਰਹੇ ਹਨ।

2019-20 ਵਿੱਚ 13,917 ਔਰਤਾਂ ਐੱਚਆਈਵੀ ਨਾਲ ਸੰਕਰਮਿਤ ਸੀ ਪਰ  ਸਾਲ 2023-24 ਵਿੱਚ, ਐੱਚਆਈਵੀ ਨਾਲ ਸੰਕਰਮਿਤ ਔਰਤਾਂ ਦੀ ਗਿਣਤੀ ਵਧ ਕੇ 19,083 ਹੋ ਗਈ। ਇਸੇ ਤਰ੍ਹਾਂ ਟਰਾਂਸਜੈਂਡਰਾਂ ਵਿੱਚ ਵੀ ਏਡਜ਼ ਦਾ ਖ਼ਤਰਾ ਹੈ। ਸਾਲ 2019-20 ਵਿਚ 117 ਟਰਾਂਸਜੈਂਡਰ ਐਚਆਈਵੀ ਨਾਲ ਸੰਕਰਮਿਤ ਪਾਏ ਗਏ ਸਨ ਪਰ ਸਾਲ 2023-24 ਵਿਚ ਟਰਾਂਸਜੈਂਡਰ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਹੋ ਗਈ ਹੈ।