Health News: ਸਾਰੀਆਂ ਗੱਲਾਂ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ
ਅੱਜ ਦਾ ਮਨੁੱਖ ਅਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਹੋਣ ਕਰ ਕੇ ਪਦਾਰਥਾਂ ਦੇ ਪਿੱਛੇ ਦੀ ਦੌੜ ਵਿਚ ਮੁਕਾਬਲਾ ਟੱਕਰ ਦਾ ਹੈ।
ਅੱਜ ਦਾ ਮਨੁੱਖ ਅਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਹੋਣ ਕਰ ਕੇ ਪਦਾਰਥਾਂ ਦੇ ਪਿੱਛੇ ਦੀ ਦੌੜ ਵਿਚ ਮੁਕਾਬਲਾ ਟੱਕਰ ਦਾ ਹੈ। ਸਾਰਿਆਂ ਨੂੰ ਪੈਸੇ ਦੀ ਤਮ੍ਹਾਂ ਘਣੇਰੀ ਹੈ ਜਿਸ ਕਰ ਕੇ ਮਨੁੱਖ ਦਾ ਦਿਮਾਗ ਵੀ ਪੈਸਾ ਅਤੇ ਪਦਾਰਥਾਂ ਦੀ ਪ੍ਰਾਪਤੀ ਦੀਆਂ ਤਰਕੀਬਾਂ ਘੜਦਾ ਘੜਦਾ ਘੜੀ ਦੀ ਸਕਿੰਟਾਂ ਵਾਲੀ ਸੂਈ ਵਾਂਗ ਤੇਜ਼ ਤੇਜ਼ ਟਿਕ ਟਿਕ ਕਰ ਕੇ ਚੱਲੀ ਜਾਂਦਾ ਹੈ।
ਉਹ ਇਸ ਦਿਮਾਗ਼ੀ ਸੋਚ ਦੀ ਤੇਜ਼ ਰਫ਼ਤਾਰੀ ਕਾਰਨ ਅਪਣੀ ਸੰਭਾਲ ਕਰਨਾ ਵੀ ਭੁੱਲ ਗਿਆ ਹੈ। ਅਜੋਕਾ ਮਨੁੱਖ ਅਪਣੇ ਸਰੀਰ ਦੀ, ਖਾਣ ਪੀਣ ਦੀਆਂ ਆਦਤਾਂ, ਅਪਣੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਸੌਣ ਵੇਲੇ ਤੱਕ ਦੀ ਸਮਾਂ ਸਾਰਣੀ, ਅਪਣੀ ਸਰੀਰਕ ਤੇ ਦਿਮਾਗ਼ੀ ਸਿਹਤ, ਅਪਣਾ ਸਮਾਜਿਕ ਵਰਤਾਰਾ, ਅਪਣੀ ਮਾਨਸਿਕਤਾ ਨੂੰ ਭੁੱਲੀ ਬੈਠਾ ਹੈ, ਜਿਸ ਕਰ ਕੇ ਉਹ ਕਈ ਪੱਖਾਂ ਤੋਂ ਅਪਣੇ ਆਪ ਨੂੰ ਮੁਸ਼ਕਲ ਵਿਚ ਪਾ ਲੈਂਦਾ ਹੈ। ਸਿਆਣੇ ਕਹਿੰਦੇ ਹਨ, ‘‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।’’ ਗੱਲ ਤਾਂ ਠੀਕ ਹੀ ਹੈ। ਉਹੋ ਜਿਹੀਆਂ ਕੀਤੀਆਂ ਕਮਾਈਆਂ ਦਾ ਕੀ ਫ਼ਾਇਦਾ ਜੇ ਮਨੁੱਖ ਅਪਣੇ ਆਪ ਨੂੰ ਛੱਤੀ ਰੋਗ ਹੀ ਸਹੇੜ ਬੈਠੇ। ਹਰ ਵਿਅਕਤੀ ਨੂੰ ਅਪਣੇ ਕਰਮ ਕਾਰਜ ਤੋਂ ਇਲਾਵਾ ਅਪਣੇ ਆਪ ਨੂੰ ਹੋਰ ਗਤੀਵਿਧੀਆਂ ਨਾਲ ਵੀ ਜੋੜਨਾ ਚਾਹੀਦਾ ਹੈ।
ਜਿਹੜਾ ਮਨੁੱਖ ਅਪਣੇ ਸਵੇਰ ਤੋਂ ਰਾਤ ਤੱਕ ਦੇ ਸਮੇਂ ਨੂੰ ਵੱਖ ਵੱਖ ਗਤੀਵਿਧੀਆਂ ਵਿਚ ਰੁਝਾਈ ਰੱਖੇਗਾ ਉਸ ਦੇ ਮਨ ਅੰਦਰ ਭਟਕਣ ਪੈਦਾ ਨਹੀਂ ਹੁੰਦੀ। ਉਸ ਨੂੰ ਡਿਪਰੈਸ਼ਨ ਵਰਗੀਆਂ ਬੀਮਾਰੀਆ ਛੂਹ ਵੀ ਨਹੀਂ ਸਕਦੀਆਂ। ਉਸ ਦਾ ਮਨ ਹਮੇਸ਼ਾ ਜ਼ਿੰਦਗੀ ਵਿਚੋਂ ਕੁਝ ਸਕਾਰਾਤਮਕ ਨਤੀਜੇ ਲੱਭਣ ਦੀ ਕੋਸ਼ਿਸ਼ ਵਿਚ ਜੁਟਿਆ ਦਿਸੇਗਾ। ਇਹੋ ਜਿਹੇ ਅਭਿਆਸੀ ਮਨੁੱਖ ਹਮੇਸ਼ਾ ਜਗਿਆਸੂ ਪ੍ਰਵਿਰਤੀ ਦੇ ਹੁੰਦੇ ਹਨ। ਉਨ੍ਹਾਂ ਅੰਦਰ ਕੁਝ ਚੰਗਾ ਗ੍ਰਹਿਣ ਕਰਨ ਦੀ ਰੁਚੀ ਹੁੰਦੀ ਹੈ ਜਿਸ ਦੇ ਚੰਗੇ ਨਤੀਜੇ ਨਿਕਲਦੇ ਹਨ। ਇਸ ਤਰ੍ਹਾਂ ਕਰ ਕੇ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਸਵੇਰੇ ਜਲਦੀ ਉੱਠ ਕੇ ਮਨ ਨੂੰ ਕੁਦਰਤ ਅਤੇ ਪਰਮਾਤਮਾ ਨਾਲ ਜੋੜਨ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਸੰਤੁਸ਼ਟ ਅਤੇ ਤੰਦਰੁਸਤ ਰਹਿੰਦਾ ਹੈ ਜਦ ਕਿ ਇਸ ਤੋਂ ਉਲਟ ਜਿਹੜਾ ਵਿਅਕਤੀ ਸਵੇਰ ਨੂੰ ਲੇਟ ਉੱਠ ਕੇ ਹਫ਼ੜਾ ਦਫੜੀ ਵਿਚ ਕੰਮਕਾਜ ਨੂੰ ਨਿਕਲਦਾ ਹੈ, ਉਸ ਵਿਅਕਤੀ ਦਾ ਮਨ ਸਾਰਾ ਦਿਨ ਅਸ਼ਾਂਤ, ਖਿਝਿਆ ਹੋਇਆ ਹੀ ਰਹੇਗਾ।
ਇਹ ਮਨੁੱਖ ਦੀ ਨਿੱਜਤਾ ਜਾਂ ਸਵੈ ਸੰਭਾਲ ਦਾ ਪਹਿਲਾ ਕਦਮ ਹੁੰਦਾ ਹੈ ਜੋ ਉਸ ਨੂੰ ਸਰਬਪੱਖੀ ਸ਼ਖ਼ਸੀਅਤ ਬਣਾਉਣ ਵਿਚ ਮਦਦ ਕਰਦਾ ਹੈ। ਮਾਨਸਿਕ ਸਿਹਤ ਦਾ ਪ੍ਰਭਾਵ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਨੁੱਖ ਦੇ ਸਰੀਰ ’ਤੇ ਪੈਂਦਾ ਹੈ। ਜਿਸ ਵਿਅਕਤੀ ਦਾ ਮਨ ਖ਼ੁਸ਼ ਹੋਵੇਗਾ ਉਸ ਦਾ ਚਿਹਰਾ ਖਿੜਿਆ ਰਹਿੰਦਾ ਹੈ। ਉਹ ਹਰ ਕਿਸੇ ਨਾਲ ਹੱਸ ਕੇ ਗੱਲ ਕਰਦਾ ਹੈ। ਹਰ ਵਿਅਕਤੀ ਨੂੰ ਅਪਣੇ ਖਾਣ ਪੀਣ ਦੀਆਂ ਆਦਤਾਂ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜੇ ਮਨੁੱਖ ਖਾਣਾ ਹੀ ਸਮਾਂ ਕੱਢ ਕੇ ਢੰਗ ਨਾਲ ਨਹੀਂ ਖਾਂਦਾ ਤਾਂ ਉਸ ਕਮਾਈ ਕਰਨ ਦਾ ਕੀ ਫ਼ਾਇਦਾ? ਹਰ ਵਿਅਕਤੀ ਦੀ ਸਿਹਤ ਉੱਪਰ ਉਸ ਦੇ ਖਾਣ ਪੀਣ ਦੀਆਂ ਆਦਤਾਂ ਦਾ ਬਹੁਤ ਅਸਰ ਪੈਂਦਾ ਹੈ। ਅੱਜਕੱਲ ਬਹੁਤੇ ਲੋਕ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਜਾਂ ਤਾਂ ਖਾਣਾ ਸਮੇਂ ਸਿਰ ਨਹੀਂ ਖਾਂਦੇ ਜਾਂ ਫਿਰ ਖਾਣਾ ਬਣਾਉਣ ਜਾਂ ਖਾਣ ਦਾ ਸਮਾਂ ਨਾ ਮਿਲਣ ’ਤੇ ਬਜ਼ਾਰੀ ਖਾਣੇ ਖਾ ਖਾ ਕੇ ਅਪਣੀ ਸਿਹਤ ਨੂੰ ਹੌਲੀ ਹੌਲੀ ਹਾਨੀ ਪਹੁੰਚਾਉਣ ਦੀ ਕਸਰ ਨਹੀਂ ਛੱਡਦੇ। ਘਰ ਦਾ ਬਣਿਆ ਖਾਣਾ ਸਮੇਂ ਸਿਰ ਖਾਣ ਨਾਲ ਮਨੁੱਖ ਦੀ ਸਿਹਤ ਠੀਕ ਰਹਿੰਦੀ ਹੈ। ਸਮੇਂ ਸਮੇਂ ਤੇ ਅਪਣੀ ਡਾਕਟਰੀ ਸਰੀਰਕ ਜਾਂਚ ਵੀ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਅਪਣੀ ਭੱਜ ਦੌੜ ਦੀ ਜ਼ਿੰਦਗੀ ਵਿਚੋਂ ਕੁਝ ਪਲ ਵਿਹਲ ਦੇ ਜ਼ਰੂਰ ਕੱਢਣੇ ਚਾਹੀਦੇ ਹਨ। ਅਪਣੇ ਪਰਿਵਾਰ ਜਾਂ ਦੋਸਤਾਂ ਨਾਲ ਮਿਲ ਕੇ ਕਿਤੇ ਘੁੰਮਣ ਜਾਣਾ ਜਾਂ ਕੋਈ ਛੋਟੀ ਮੋਟੀ ਪਾਰਟੀ ਕਰ ਕੇ ਮਨ ਨੂੰ ਪਰਚਾਉਣਾ ਵੀ ਮਨੁੱਖ ਦੀ ਸਵੈ ਸੰਭਾਲ ਦਾ ਹੀ ਇਕ ਹਿੱਸਾ ਹੈ। ਇਹੋ ਜਿਹੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਜੋ ਸਮੇਂ ਸਮੇਂ ’ਤੇ ਉਸ ਦੀ ਨਿੱਜੀ ਸੋਚ ਵਿਚ ਇਕ ਖ਼ੁਸ਼ਨੁਮਾ ਸੰਸਾਰ ਸਿਰਜਦੀਆਂ ਹਨ। ਅੰਦਰੋਂ ਖ਼ੁਸ਼ ਵਿਅਕਤੀ ਕਦੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਿਮਾਰ ਨਹੀਂ ਹੋ ਸਕਦਾ। ਅਪਣੇ ਕੰਮ ਤੋਂ ਇਲਾਵਾ ਮਾਪਿਆਂ ਨੂੰ, ਜੀਵਨ ਸਾਥੀ ਨੂੰ ਅਤੇ ਬੱਚਿਆਂ ਨੂੰ ਥੋੜ੍ਹਾ ਥੋੜ੍ਹਾ ਸਮਾਂ ਵੱਖਰੇ ਤੌਰ ’ਤੇ ਦਿੰਦੇ ਰਹਿਣ ਨਾਲ ਪਰਿਵਾਰ ਵਿਚ ਹਰ ਵਿਅਕਤੀ ਦਾ ਇਕ ਅਹਿਮ ਰੁਤਬਾ ਬਣਿਆ ਰਹਿੰਦਾ ਹੈ। ਪਰਿਵਾਰ ਦੇ ਹਰ ਜੀਅ ਨੂੰ ਖ਼ੁਸ਼ੀ ਦੇ ਕੇ ਜੋ ਖ਼ੁਦ ਨੂੰ ਖ਼ੁਸ਼ੀ ਮਿਲਦੀ ਹੈ ਇਸ ਦਾ ਕੋਈ ਤੋੜ ਨਹੀਂ ਹੈ।
ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਦਾ ਮਨੁੱਖ ਦੇ ਮਨ, ਸਰੀਰ ਅਤੇ ਦਿਮਾਗ ਉੱਪਰ ਗਹਿਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਥਾਂ ਦੇਣ ਨਾਲ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਦਾ ਹੈ। ਇਸ ਤਰ੍ਹਾਂ ਮਨੁੱਖ ਨੂੰ ਸੁਚੇਤ ਹੋ ਕੇ ਸਵੈ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ। ਕਿਸੇ ਨੇ ਠੀਕ ਹੀ ਤਾਂ ਕਿਹਾ ਹੈ, ‘‘ਸਾਰੀਆਂ ਗੱਲਾਂ ਬਾਅਦ ’ਚ ਪਹਿਲਾਂ ਸਿਹਤ ਜ਼ਰੂਰੀ ਹੈ।” ਇਸੇ ਸਿਧਾਂਤ ਨਾਲ ਅਪਣੇ ਆਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਬਰਜਿੰਦਰ ਕੌਰ ਬਿਸਰਾਓ
(ਮੋ. 9988901324)