ਕੀ ਇਹ ਹੈ ਤੰਦਰੁਸਤ ਸਮਾਜ ਦੀ ਸਿਰਜਣਾ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਹਰੀਆਂ ਸਬਜ਼ੀਆਂ ਵੰਡ ਰਹੀਆਂ ਹਨ ਬੀਮਾਰੀਆਂ

Sabji Mandi

 

ਕੋਟਕਪੂਰਾ  (ਗੁਰਿੰਦਰ ਸਿੰਘ) : ਇਕ ਪਾਸੇ ਮਿਲਾਵਟੀ ਵਸਤੂਆਂ ਵੇਚਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਸਰਕਾਰ ਵਲੋਂ ਖੁਰਾਕ ਸਪਲਾਈ ਵਿਭਾਗ, ਖੁਰਾਕ ਸੁਰੱਖਿਆ ਅਫ਼ਸਰ ਅਤੇ ਸਿਹਤ ਵਿਭਾਗ ਲਈ ਕਰੋੜਾਂ ਰੁਪਿਆ ਫ਼ੰਡ ਰਾਖਵਾਂ ਰਖਿਆ ਜਾਂਦਾ ਹੈ ਤੇ ਦੂਜੇ ਪਾਸੇ ਫਲ, ਸਬਜ਼ੀਆਂ ਅਤੇ ਹੋਰ ਖਾਦ ਪਦਾਰਥਾਂ ਉਪਰ ਅੰਨ੍ਹੇਵਾਹ ਜ਼ਹਿਰੀਲੀਆਂ ਦਵਾਈਆਂ ਛਿੜਕਣ ਅਤੇ ਗੰਦੇ ਪਾਣੀ ਨਾਲ ਤਿਆਰ ਕੀਤੀਆਂ ਸਬਜ਼ੀਆਂ ਦੀ ਥੋਕ ਅਤੇ ਪਰਚੂਨ ਮੰਡੀਆਂ ਵਿਚ ਸ਼ਰੇਆਮ ਵਿਕਰੀ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਤੇ ਇਹ ਚਿੰਤਾਜਨਕ ਵਿਸ਼ਾ ਅਕਸਰ ਵੀਡੀਉ ਕਲਿੱਪਾਂ ਰਾਹੀਂ ਅੰਕੜਿਆਂ ਸਹਿਤ ਦਲੀਲਾਂ ਸਮੇਤ ਸੋਸ਼ਲ ਮੀਡੀਏ ’ਤੇ ਵੀ ਛਾਇਆ ਰਹਿੰਦਾ ਹੈ

ਪਰ ਇਸ ਦੇ ਬਾਵਜੂਦ ਵੀ ਇਸ ਵੇਲੇ ਵੱਡੀ ਗਿਣਤੀ ’ਚ ਉਹ ਲੋਕ ਹਨ, ਜੋ ਕਿਸੇ ਨਾ ਕਿਸੇ ਬੀਮਾਰੀ ਦੀ ਲਪੇਟ ’ਚ ਆ ਚੁੱਕੇ ਹਨ, ਮਰੀਜ਼ਾਂ ਨਾਲ ਹਸਪਤਾਲ ਭਰੇ ਪਏ ਹਨ, ਦਵਾਈਆਂ ਅਤੇ ਟੈਸਟਾਂ ’ਤੇ ਭਾਰੀ ਖਰਚਾ ਆ ਰਿਹਾ ਹੈ ਤੇ ਪ੍ਰੇਸ਼ਾਨੀਆਂ ਵੱਖ ਹਨ। ਰੋਜ਼ਾਨਾ ਵਧ ਰਹੀਆਂ ਬੀਮਾਰੀਆਂ ਦਾ ਕਾਰਨ ਸਾਡੀਆਂ ਮਾੜੀਆਂ ਖੁਰਾਕਾਂ ਹਨ, ਕਿਉਂਕਿ ਸਾਨੂੰ ਹਰ ਚੀਜ਼ ’ਚ ਜ਼ਹਿਰ ਪਰੋਸਿਆ ਜਾ ਰਿਹਾ ਹੈ, ਕੋਈ ਵੀ ਖਾਣ-ਪੀਣ ਵਾਲੀ ਚੀਜ਼ ਜ਼ਹਿਰਾਂ ਤੋਂ ਮੁਕਤ ਨਹੀਂ ਹੈ। ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਭਰ ’ਚੋਂ ਸੱਭ ਤੋਂ ਵੱਧ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਪੰਜਾਬ ’ਚ ਹੋ ਰਹੀ ਹੈ, ਇਸੇ ਕਰ ਕੇ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਤੇ ਨਾਮੁਰਾਦ ਬੀਮਾਰੀਆਂ ਨੇ ਪੰਜਾਬ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ਵਿਚ ਅਪਣੇ ਪੈਰ ਪਸਾਰ ਲਏ ਹਨ।

ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰ ਕੇ ਅਤੇ ਗੰਦੇ ਪਾਣੀ ਦੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਰੀਆਂ ਸਬਜ਼ੀਆਂ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ, ਕਿਉਂਕਿ ਸਬਜ਼ੀਆਂ ਤਾਂ ਨਿੱਤ ਰੋਜ਼ ਹਰ ਘਰੇ ਬਣਦੀਆਂ ਹਨ। ਜੇਕਰ ਇਨ੍ਹਾਂ ਜ਼ਹਿਰਾਂ ਵਾਲੀਆਂ ਤੇ ਗੰਦੇ ਪਾਣੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਰੀਆਂ ਸਬਜ਼ੀਆਂ ਤੋਂ ਲੋਕ ਮੁਕਤ ਨਾ ਹੋਏ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਇਸ ਲਈ ਲੋੜ ਹੈ ਜਾਗਰੂਕ ਹੋਣ ਦੀ।

ਹਰੀਆਂ ਸਬਜ਼ੀਆਂ ਵੰਡ ਰਹੀਆਂ ਹਨ ਬੀਮਾਰੀਆਂ : ਭਾਵੇਂ ਪੰਜਾਬ ਭਰ ਦੇ ਅਨੇਕਾਂ ਹਿੱਸਿਆਂ ਦੇ ਵੀਡੀਉ ਕਲਿੱਪ ਸੋਸ਼ਲ ਮੀਡੀਏ ’ਤੇ ਵਾਇਰਲ ਹੁੰਦੇ ਹਨ, ਸਬੰਧਤ ਅਧਿਕਾਰੀਆਂ, ਉੱਚ ਅਫ਼ਸਰਾਂ ਅਤੇ ਸਰਕਾਰਾਂ ਦੇ ਵੀ ਉਕਤ ਸਾਰਾ ਮਾਮਲਾ ਧਿਆਨ ਵਿਚ ਹੋਣ ਦੇ ਬਾਵਜੂਦ ਵੀ ਕੋਈ ਇਸ ਵੱਡੀ ਮੁਸੀਬਤ ਦਾ ਹੱਲ ਤਾਂ ਦੂਰ ਸਗੋਂ ਇਸ ਵਲ ਵੇਖਣ ਤਕ ਦੀ ਜ਼ਰੂਰਤ ਹੀ ਨਹੀਂ ਸਮਝਦਾ।  ਤਾਜ਼ਾ ਵਾਇਰਲ ਹੋਈ ਪੋਸਟ ਮੁਤਾਬਕ ਇਤਿਹਾਸਕ ਸ਼ਹਿਰ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ ਅਤੇ ਬਲਮਗੜ੍ਹ ਨੂੰ ਜਾਣ ਵਾਲੇ ਰਸਤਿਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਿਲਕੁਲ ਨੱਕ ਹੇਠਾਂ ਸ਼ਹਿਰ ਦੇ ਸੀਵਰੇਜ ਵਾਲੇ ਗੰਦੇ ਪਾਣੀ, ਜਿਸ ਵਿਚ ਫ਼ੈਕਟਰੀਆਂ ਤੇ ਕਾਰਖਾਨਿਆਂ ਦਾ ਬਿਨਾ ਟਰੀਟ ਕੀਤਾ ਜ਼ਹਿਰੀਲਾ ਪਾਣੀ ਵੀ ਹੁੰਦਾ ਹੈ, ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਸਬਜ਼ੀਆਂ ਪਿਛਲੇ ਕਈ ਸਾਲਾਂ ਤੋਂ ਦਰਜਨਾਂ ਏਕੜ ਜ਼ਮੀਨਾਂ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮੁਕਤਸਰ ਸਾਹਿਬ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਵਿਚ ਵੀ ਸਪਲਾਈ ਕੀਤੀ ਜਾ ਰਹੀ ਹੈ। 

ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਇਸ ਨੂੰ ਰੋਕਣ ਲਈ ਅਜੇ ਤਕ ਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਨਾ ਸਿਹਤ ਵਿਭਾਗ, ਨਾ ਕਿਸੇ ਸਿਆਸੀ ਪਾਰਟੀ ਦਾ ਨੇਤਾ ਤੇ ਨਾ ਕੋਈ ਸਮਾਜ ਸੇਵੀ ਅੱਗੇ ਆਇਆ ਹੈ। ਸਾਰੇ ਹੀ ਆਪੋ-ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ। ਇੱਥੇ ਗੰਦੇ ਨਾਲੇ ’ਚੋਂ ਸੀਵਰੇਜ ਦਾ ਪਾਣੀ ਚੁੱਕਣ ਲਈ ਪੱਖੇ ਰੱਖੇ ਹੋਏ ਹਨ ਤੇ ਡੀਜਲ ਇੰਜਣਾਂ ਨਾਲ ਚੁੱਕਿਆ ਜਾਂਦਾ ਹੈ। ਸਬਜੀਆਂ ਨੂੰ ਧੋਇਆ ਵੀ ਇਸੇ ਪਾਣੀ ਨਾਲ ਜਾਂਦਾ ਹੈ ਪਰ ਕਿਸੇ ਵਲੋਂ ਕੋਈ ਰੋਕ ਟੋਕ ਨਹੀਂ। ਸਭ ਨੂੰ ਇਹ ਵੀ ਪਤਾ ਹੈ ਕਿ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਸਭ ਤੋਂ ਵੱਧ ਮੌਤਾਂ ਮਾਲਵਾ ਖੇਤਰ ਅਤੇ ਖਾਸ ਕਰਕੇ ਜਿਲਾ ਮੁਕਤਸਰ ਸਾਹਿਬ ਵਿਖੇ ਹੋਈਆਂ ਹਨ।

ਸਬਜ਼ੀਆਂ ਨੂੰ ਛੇਤੀ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਜ਼ਹਿਰਾਂ ਦੀ ਵਰਤੋਂ : ਜਿਹੜੇ ਲੋਕ ਸਬਜੀਆਂ ਬੀਜਦੇ ਹਨ, ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਸਬਜੀਆਂ ਨੂੰ ਛੇਤੀ ਤਿਆਰ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਬੱਸ ਇਸੇ ਚੱਕਰ ’ਚ ਹੀ ਉਹ ਧੜਾਧੜ ਤੇ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਬਜਾਰ ਵਿੱਚ ਵਿਕਣ ਲਈ ਆਉਂਦੇ ਮੌਸਮੀ ਫਲ ਜਿਵੇਂ ਕਿ ਜਾਮਣ, ਅਮਰੂਦ, ਕਿੰਨੂੰ, ਅੰਬ, ਸੇਬ ਤੋਂ ਇਲਾਵਾ ਹਰ ਤਰਾਂ ਦੀਆਂ ਸਬਜੀਆਂ ਉੱਪਰ ਵਿਕ੍ਰੇਤਾਵਾਂ ਅਰਥਾਤ ਕਾਸ਼ਤਕਾਰਾਂ ਵਲੋਂ ਉਨਾਂ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪਾਬੰਦੀਸ਼ੁਦਾ ਹਨ ਤੇ ਸਰਕਾਰ ਅਤੇ ਸਬੰਧਤ ਵਿਭਾਗ ਨੇ ਉਕਤ ਦਵਾਈਆਂ ਉੱਪਰ ਕਾਫੀ ਸਮਾਂ ਪਹਿਲਾਂ ਤੋਂ ਹੀ ਸਖਤੀ ਨਾਲ ਪਾਬੰਦੀ ਲਾਈ ਹੋਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਾਬੰਦੀਸ਼ੁਦਾ ਹੋਣ ਦੇ ਬਾਵਜੂਦ ਵੀ ਉਕਤ ਖਤਰਨਾਕ ਦਵਾਈਆਂ ਸ਼ਰੇਆਮ ਵਿਕ ਰਹੀਆਂ ਹਨ ਅਤੇ ਕਾਸ਼ਤਕਾਰ ਉਨਾ ਦੀ ਵਰਤੋਂ ਬਿਨਾ ਕਿਸੇ ਡਰ-ਭੈਅ ਦੇ ਧੜੱਲੇ ਨਾਲ ਕਰ ਰਹੇ ਹਨ।

ਕੀ ਕਹਿਣਾ ਹੈ ਵਪਾਰੀਆਂ ਦਾ : ਅਨੇਕਾਂ ਛੋਟੀਆਂ ਵੱਡੀਆਂ ਵਪਾਰਕ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਪ੍ਰਧਾਨ ਓਮਕਾਰ ਗੋਇਲ ਨੇ ਮੰਨਿਆ ਕਿ ਅੱਜ ਹਰ ਘਰ ਵਿੱਚ ਲੱਗੇ ਵੱਖ ਵੱਖ ਬਿਮਾਰੀਆਂ ਦੇ ਸੈਪਰਟ ਡੱਬੇ ਇਹ ਸੰਕੇਤ ਦੇ ਰਹੇ ਹਨ ਕਿ ਸਾਡੇ ਖਾਦ ਪਦਾਰਥਾਂ ਦੀ ਮਿਲਾਵਟਖੋਰੀ ਜਾਂ ਉਨਾਂ ਉੱਪਰ ਛਿੜਕੀਆਂ ਜਾਂਦੀਆਂ ਖਤਰਨਾਕ ਜਹਿਰੀਲੀਆਂ ਦਵਾਈਆਂ ਹੀ ਸਾਨੂੰ ਬਿਮਾਰੀਆਂ ਪਰੋਸ ਰਹੀਆਂ ਹਨ। ਸ਼੍ਰੀ ਗੋਇਲ ਮੁਤਾਬਿਕ ਸਿਹਤ ਵਿਭਾਗ, ਖੁਰਾਕ ਸਪਲਾਈ ਵਿਭਾਗ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਵਲੋਂ ਸਮੇਂ ਸਮੇਂ ਕਈ ਦੁਕਾਨਦਾਰਾਂ ਦੇ ਸੈਂਪਲ ਭਰੇ ਜਾਂਦੇ ਹਨ, ਗਲੇ ਸੜੇ ਫਲ ਜਾਂ ਸਬਜੀਆਂ ਨਸ਼ਟ ਕਰਵਾਈਆਂ ਜਾਂਦੀਆਂ ਹਨ ਪਰ ਫਿਰ ਵੀ ਜਹਿਰੀਲੀਆਂ ਦਵਾਈਆਂ ਦੇ ਛਿੜਕਾਅ ਵਾਲੇ ਫਲ-ਸਬਜੀਆਂ ਅਤੇ ਹੋਰ ਗਲਤ ਢੰਗ ਤਰੀਕਿਆਂ ਨਾਲ ਤਿਆਰ ਕੀਤੇ ਖਾਦ ਪਦਾਰਥ ਵਿਕਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਉਨਾ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਜਿੱਥੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿੰਮੇਵਾਰੀ ਲੈਣੀ ਪਵੇਗੀ, ਉੱਥੇ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੀ ਮਿਲਾਵਟੀ ਖਾਦ ਪਦਾਰਥਾਂ ’ਤੇ ਮੁਕੰਮਲ ਪਾਬੰਦੀ ਅਤੇ ਖਾਤਮੇ ਲਈ ਬਣਦਾ ਰੋਲ ਨਿਭਾਉਣ।

ਲੋਕ ਅਪਣੇ ਘਰਾਂ ’ਚ ਉਗਾਉਣ ਜ਼ਹਿਰ ਮੁਕਤ ਸਬਜ਼ੀਆਂ : ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਧਾਰਮਿਕ ਸਥਾਨਾਂ, ਧਰਮਸ਼ਾਲਾਵਾਂ, ਪਿੰਡ ਦੀਆਂ ਸੱਥਾਂ ਜਾਂ ਵਿਦਿਅਕ ਅਦਾਰਿਆਂ ਵਿੱਚ ਬਕਾਇਦਾ ਸੈਮੀਨਾਰ ਕਰਕੇ ਲੋਕਾਂ ਨੂੰ ਜ਼ਹਿਰੀਲੀਆਂ ਦਵਾਈਆਂ ਨਾਲ ਤਿਆਰ ਕੀਤੀਆਂ ਸਬਜੀਆਂ ਜਾਂ ਫਲ-ਫਰੂਟ ਖਰੀਦਣ ਜਾਂ ਵੇਚਣ ਉਪਰੰਤ ਖਤਰਨਾਕ ਬਿਮਾਰੀਆਂ ਸਬੰਧੀ ਜਾਗਰੂਕ ਕਰਦੀ ਆ ਰਹੀ ਸੰਸਥਾ ‘ਸਾਥ ਸਮਾਜਿਕ ਗੂੰਜ਼’ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਮੁਤਾਬਿਕ ਉਨਾਂ ਦੀ ਸੰਸਥਾਂ ਵਲੋਂ ਲੋਕਾਂ ਨੂੰ ਆਰਗੈਨਿਕ ਖੇਤੀ ਅਤੇ ਹੋਰ ਸੰਤੁਲਿਤ ਖਾਣੇ ਸਬੰਧੀ ਜਾਗਰੂਕ ਕਰਨ ਲਈ ਅਨੇਕਾਂ ਸੈਮੀਨਾਰ ਕੀਤੇ ਜਾ ਚੁੱਕੇ ਹਨ। ਉਨਾਂ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਚਾਹੀਦਾ ਹੈ

ਕਿ ਜਿਸ ਕੋਲ ਵੀ ਥੋੜਾ ਬਹੁਤਾ ਥਾਂ ਆਪਣੇ ਘਰਾਂ ’ਚ ਬਚਦਾ ਹੈ ਜਾਂ ਘਰ-ਦੁਕਾਨਾਂ ਦੀਆਂ ਛੱਤਾਂ ਉੱਪਰ ਜ਼ਹਿਰਾਂ ਤੋਂ ਮੁਕਤ ਸਬਜੀਆਂ ਉਗਾਉਣ ਤੇ ਮਾੜੀਆਂ ਸਬਜੀਆਂ ਜੋ ਨਿਰਾ ਬਿਮਾਰੀ ਦਾ ਘਰ ਹਨ, ਤੋਂ ਬਚਣ ਦੇ ਯਤਨ ਕਰਨ, ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲਾ ਸਮਾਂ ਮਨੁੱਖੀ ਸਿਹਤ ਲਈ ਹੋਰ ਵੀ ਮਾੜਾ ਹੋਵੇਗਾ ਤੇ ਬਿਮਾਰੀਆਂ ਪਹਿਲਾਂ ਨਾਲੋਂ ਵੀ ਵਧਣਗੀਆਂ। ਕੀ ਆਖਦੇ ਹਨ ਸਬੰਧਤ ਅਧਿਕਾਰੀ : ਸੰਪਰਕ ਕਰਨ ’ਤੇ ਅਮਿਤ ਜੋਸ਼ੀ ਜੁਆਂਇੰਟ ਕਮਿਸ਼ਨਰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ. ਐੱਸ. ਐੱਸ. ਏ. ਏ. ਆਈ.) ਨੇ ਮੰਨਿਆ ਕਿ ਬਜਾਰ ਵਿੱਚ ਜਹਿਰੀਲੀਆਂ ਦਵਾਈਆਂ ਨਾਲ ਤਿਆਰ ਕੀਤੀਆਂ ਸਬਜੀਆਂ ਅਤੇ ਫਲ ਫਰੂਟ ਅਕਸਰ ਵਿਕਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ

 

ਪਰ ਮਹਿਕਮੇ ਵਲੋਂ ਸਮੇਂ ਸਮੇਂ ਅਜਿਹੇ ਵਿਕ੍ਰੇਤਾਵਾਂ ਦਾ ਉਕਤ ਸਮਾਨ ਨਸ਼ਟ ਕਰਵਾ ਦਿੱਤਾ ਜਾਂਦਾ ਹੈ। ਉਂਝ ਉਨਾਂ ਆਖਿਆ ਕਿ ਇਸ ਬਾਰੇ ਖੇਤੀਬਾੜੀ ਵਿਭਾਗ ਜਵਾਬਦੇਹ ਹੈ। ਇਸ ਸਬੰਧੀ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਉਹ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਅਤੇ ਦਵਾਈਆਂ ਦੀ ਵਰਤੋਂ ਕਰਨ ਵਾਲੇ ਕਾਸ਼ਤਕਾਰਾਂ ਨੂੰ ਇਸ ਬਾਰੇ ਅਕਸਰ ਜਾਗਰੂਕ ਕਰਦੇ ਰਹਿੰਦੇ ਹਨ। ਜੇਕਰ ਦੁਕਾਨਦਾਰ ਬੇਈਮਾਨੀ ਕਰਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਸ ਖਿਲਾਫ ਕਾਰਵਾਈ ਕਰਦੇ ਹਨ ਤੇ ਜੇਕਰ ਕਾਸ਼ਤਕਾਰ ਝੋਨੇ ਜਾਂ ਨਰਮੇ ਉੱਪਰ ਛਿੜਕਣ ਦਾ ਕਹਿ ਕੇ ਅਰਥਾਤ ਝੂਠ ਬੋਲ ਕੇ ਦਵਾਈ ਲੈ ਜਾਂਦਾ ਹੈ ਤੇ ਫਲਾਂ ਜਾਂ ਸਬਜੀਆਂ ਉੱਪਰ ਛਿੜਕਦਾ ਹੈ ਤਾਂ ਉਸ ਖਿਲਾਫ ਵਿਭਾਗ ਵਲੋਂ ਬਕਾਇਦਾ ਕਾਰਵਾਈ ਕੀਤੀ ਜਾਂਦੀ ਹੈ।

ਸਬਜ਼ੀਆਂ ਦੇ ਭਾਅ ਚੜ੍ਹੇ ਹੋਏ ਹਨ ਅਸਮਾਨੀ : ਇਕ ਪਾਸੇ ਸਿਹਤ ਲਈ ਨੁਕਸਾਨਦੇਹ ਅਰਥਾਤ ਜ਼ਹਿਰੀਲੀਆਂ ਦਵਾਈਆਂ ਜਾਂ ਗੰਦੇ ਪਾਣੀ ਨਾਲ ਤਿਆਰ ਕੀਤੀਆਂ ਸਬਜੀਆਂ ਵਿਕਣ ਦੀ ਗੱਲ ਸਾਹਮਣੇ ਆਈ ਹੈ ਤੇ ਦੂਜੇ ਪਾਸੇ ਐਨਾ ਨੁਕਸ ਹੋਣ ਦੇ ਬਾਵਜੂਦ ਵੀ ਇਸ ਵੇਲੇ ਸਾਰੀਆਂ ਤਰਾਂ ਦੀਆਂ ਸਬਜੀਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਤੇ ਸਬਜੀਆਂ ਖ੍ਰੀਦਣੀਆਂ ਗਰੀਬ ਤੇ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ ਹੈ। ਜਾਗਰੂਕ ਲੋਕ, ਸਮਾਜਸੇਵੀ ਸੰਸਥਾਵਾਂ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਜਥੇਬੰਦੀਆਂ ਦੇ ਆਗੂ ਹੈਰਾਨ ਹਨ ਕਿ ਆਖਰ ਲੋਕ ਜਾਣ ਤਾਂ ਕਿੱਧਰ ਜਾਣ? ਕਿਉਂਕਿ ਜ਼ਹਿਰੀਲੀਆਂ ਦਵਾਈਆਂ ਨਾਲ ਤਿਆਰ ਕੀਤੇ ਖਾਦ ਪਦਾਰਥ ਧੜੱਲੇ ਨਾਲ ਵਿਕ ਰਹੇ ਹਨ ਤੇ ਸਰਕਾਰਾਂ ਤਾਂ ਦੂਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸਿਰਫ ਖਾਨਾਪੂਰਤੀ ਕਰਨ ਤੱਕ ਹੀ ਸੀਮਿਤ ਹਨ।