ਬੁੱਢੇ ਹੋ ਰਹੇ ਭਾਰਤ ਦੀ ਜਵਾਨੀ ਹੋ ਰਹੀ ਉਡਾਰ,  ਸਿਹਤ, ਆਰਥਕ, ਸਮਾਜਕ ਚੁਣੌਤੀਆਂ ਨਾਲ ਘਿਰਿਆ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬੇਸ਼ੱਕ ਭਾਰਤ ਅਜੇ ਵੀ ਦੁਨੀਆ ਦਾ ਸਭ ਤੋਂ ਜਵਾਨ ਵੱਡਾ ਮੁਲਕ ਹੈ ਪਰ ਬੁਢਾਪਾ ਤੇਜ਼ ਕਦਮੀਂ ਅੱਗੇ ਵਧ ਰਿਹਾ ਹੈ

India's youth are getting older News

ਚੰਡੀਗੜ੍ਹ (ਕਮਲ ਦੁਸਾਂਝ) : ਭਾਰਤ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ। ਬੇਸ਼ੱਕ ਭਾਰਤ ਅਜੇ ਵੀ ਦੁਨੀਆ ਦਾ ਸਭ ਤੋਂ ਜਵਾਨ ਵੱਡਾ ਮੁਲਕ ਹੈ ਪਰ ਬੁਢਾਪਾ ਤੇਜ਼ ਕਦਮੀਂ ਅੱਗੇ ਵਧ ਰਿਹਾ ਹੈ। ਜਿਵੇਂ-ਜਿਵੇਂ ਬੁਢਾਪੇ ਵੱਲ ਕਦਮ ਵੱਧ ਰਹੇ ਹਨ, ਉਵੇਂ ਸਿਹਤ, ਆਰਥਕ ਅਤੇ ਸਮਾਜਕ ਚੁਣੌਤੀਆਂ ਵੀ ਦੈਂਤ ਵਾਂਗ ਖੜ੍ਹੀਆਂ ਹਨ। ਬੁੱਢਾ ਭਾਰਤ ਇਕਲਾਪੇ, ਬਿਮਾਰੀਆਂ ਨਾਲ ਦੋ-ਚਾਰ ਹੋ ਰਿਹਾ ਹੈ। ਜਵਾਨ ਆਬਾਦੀ ਤਾਂ ਵੱਧ ਰਹੀ ਹੈ ਪਰ ਸਮਾਜਕ ਸਹਾਰਾ ਟੁੱਟ ਰਿਹਾ ਹੈ।  ਲੱਖਾਂ ਬਜ਼ੁਰਗ ਰੇਲਵੇ ਸਟੇਸ਼ਨਾਂ, ਫੁੱਟਪਾਥਾਂ, ਮੰਦਰਾਂ ਜਾਂ ਬਿਰਧ ਆਸ਼ਰਮਾਂ ਵਿਚ ਦਿਨ ਕੱਟ ਰਹੇ ਹਨ।

ਔਰਤਾਂ ਵਿਚ ਬੇਸਹਾਰਾ ਹੋਣ ਦਾ ਅਨੁਪਾਤ ਵਧੇਰੇ ਹੈ ਕਿਉਂਕਿ ਉਹ ਲੰਬੀ ਉਮਰ ਜਿਉਂਦੀਆਂ ਹਨ ਅਤੇ ਵਿਧਵਾ ਹੋਣ ਤੋਂ ਬਾਅਦ ਉਸ ਨੂੰ ਪਰਿਵਾਰ ਛੱਡ ਦਿੰਦਾ ਹੈ। 71 ਫ਼ੀਸਦ ਬਜ਼ੁਰਗ ਪਿੰਡਾਂ ਵਿਚ ਰਹਿੰਦੇ ਹਨ ਜਿੱਥੇ ਨੌਜਵਾਨ ਵਿਦੇਸ਼ ਜਾਂ ਸ਼ਹਿਰਾਂ ਵੱਲ ਜਾ ਰਹੇ ਹਨ। ਮਾਪਿਆਂ ਨੂੰ ਬੇਸਹਾਰਾ ਛੱਡ ਜਾਂਦੇ ਹਨ (ਖਾਸ ਕਰਕੇ ਪੰਜਾਬ ਵਿਚ ਇਹ ਸਮੱਸਿਆ ਵਧੇਰੇ ਹੈ)। ਜਵਾਨ ਭਾਰਤ ਅਪਣੇ ਖੰਭਾਂ ਨੂੰ ਨਵੀਂ ਉਡਾਰੀ ਦੇਣ ਜਾਂ ਰੁਜ਼ਗਾਰ ਦੇ ਬਿਹਤਰ ਮੌਕਿਆਂ ਦੇ ਇਰਾਦੇ ਨਾਲ ਦੁਨੀਆ ਗਾਹ ਰਿਹਾ ਹੈ। ਬੁੱਢੇ ਭਾਰਤ ਨੂੰ ਜਿਥੇ ਮਜ਼ਬੂਤ ਸਹਾਰੇ ਦੀ ਜ਼ਰੂਰਤ ਹੈ, ਉਥੇ ਜਵਾਨ ਭਾਰਤ ਨੂੰ ਸਿਆਣਪੀ ਮਾਰਗ ਦਰਸ਼ਨ ਦੀ ਲੋੜ ਹੈ।

ਵਕਤ ਤਾਂ ਇਹੀ ਮੰਗ ਕਰਦਾ ਹੈ ਕਿ ਦੋਹਾਂ ਵਿਚਲੇ ਪਾੜੇ ਨੂੰ ਸੰਤੁਲਤ ਕਰਕੇ ਦੇਸ਼ ਨੂੰ ਅਸਲ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾ ਸਕੇ। ਜੇਕਰ ਅੰਕੜਿਆਂ ਵਿਚ ਦੇਖਣਾ ਹੋਵੇ ਤਾਂ 2024/2025 ਵਿਚ 60 ਤੋਂ ਵੱਧ ਉਮਰ ਵਾਲੇ ਲੋਕਾਂ ਦਾ ਹਿੱਸਾ ਲਗਭਗ 11 ਫ਼ੀਸਦ ਹੈ (ਕਰੀਬ 150-157 ਮਿਲੀਅਨ ਲੋਕ)। 2036 ਤਕ ਇਹ ਵਧ ਕੇ 15 ਫ਼ੀਸਦ (230 ਮਿਲੀਅਨ) ਹੋ ਜਾਵੇਗਾ। 2050 ਤਕ 20-21 ਫ਼ੀਸਦ (320-347 ਮਿਲੀਅਨ) ਤਕ ਪਹੁੰਚ ਜਾਵੇਗਾ। 80 ਤੋਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ 2050 ਤਕ 279 ਫ਼ੀਸਦ ਵਧਣ ਦੀ ਸੰਭਾਵਨਾ ਹੈ। ਇਹ ਵਾਧਾ ਬਹੁਤ ਤੇਜ਼ ਹੈ ਕਿਉਂਕਿ ਭਾਰਤ ਵਿਚ ਔਸਤ ਉਮਰ ਵਧ ਰਹੀ ਹੈ, ਬੱਚੇ ਘੱਟ ਪੈਦਾ ਹੋ ਰਹੇ ਹਨ (ਜਨਮ ਦਰ 1.9-2.0 ਤਕ ਡਿੱਗ ਗਿਆ) ਅਤੇ ਪਿਛਲੇ ਦਹਾਕਿਆਂ ਵਿਚ ਸਿਹਤ ਸਹੂਲਤਾਂ ਵਧੀਆਂ ਹਨ।

ਭਾਰਤ ਦਾ ਬੁਢਾਪਾ ਚੀਨ ਤੋਂ ਘੱਟ, ਜਪਾਨ ਅਤੇ ਯੂਰਪ ਨਾਲੋਂ ਤੇਜ਼
ਭਾਰਤ ਦਾ ਬੁਢਾਪਾ ਚੀਨ ਜਿੰਨਾ ਤੇਜ਼ ਨਹੀਂ ਹੈ (ਚੀਨ ਵਿਚ 2050 ਤਕ 30 ਫ਼ੀਸਦ ਤੋਂ ਵੱਧ ਹੋ ਜਾਵੇਗਾ) ਪਰ ਇਹ ਵਿਕਸਤ ਦੇਸ਼ਾਂ (ਜਿਵੇਂ ਜਪਾਨ, ਯੂਰਪ) ਨਾਲੋਂ ਬਹੁਤ ਤੇਜ਼ ਹੈ। ਉਨ੍ਹਾਂ ਨੂੰ ਇਸ ਤਬਦੀਲੀ ਲਈ 100 ਤੋਂ ਵੱਧ ਸਾਲ ਲੱਗੇ, ਜਦਕਿ ਭਾਰਤ ਵਿਚ ਸਿਰਫ਼ 25-30 ਸਾਲਾਂ ਵਿਚ ਇਹ ਵੱਡਾ ਬਦਲਾਅ ਆ ਰਿਹਾ ਹੈ। ਇਸ ਲਈ ਇਸ ਨੂੰ ‘ਰੈਪਿਡ ਏਜਿੰਗ’ ਕਿਹਾ ਜਾਂਦਾ ਹੈ, ਖਾਸ ਕਰਕੇ ਇਕ ਅਜੇ ਵੀ ਵਿਕਾਸਸ਼ੀਲ ਅਰਥਵਿਵਸਥਾ ਵਾਲੇ ਦੇਸ਼ ਲਈ। ਭਾਰਤ ਅੱਗੇ ਕਈ ਚੁਣੌਤੀਆਂ ਹਨ। ਇਸ ਲਈ ਹੁਣ ਹੀ ਸਿਹਤ ਸੰਭਾਲ, ਪੈਨਸ਼ਨ, ਬੁਢਾਪੇ ਦੀ ਦੇਖਭਾਲ ਅਤੇ ਪਰਵਾਰਕ ਸਾਥ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਧੇਰੇ ਹੈ (ਲਗਭਗ 58 ਫ਼ੀਸਦ), ਕਿਉਂਕਿ ਉਨ੍ਹਾਂ ਦੀ ਔਸਤ ਉਮਰ ਲੰਬੀ ਹੈ। ਦੱਖਣੀ ਰਾਜਾਂ (ਕੇਰਲ, ਤਮਿਲਨਾਡੂ, ਆਂਧਰਾ, ਪੰਜਾਬ, ਹਿਮਾਚਲ) ਵਿਚ ਬਜ਼ੁਰਗਾਂ ਦਾ ਅਨੁਪਾਤ ਵਧੇਰੇ ਹੈ, ਜਦਕਿ ਉੱਤਰੀ ਸੂਬਿਆਂ ਵਿਚ ਘੱਟ ਪਰ ਵੱਧ ਰਿਹਾ ਹੈ। ਪੰਜਾਬ ਸਰਕਾਰ ਨੇ 2024-25 ਵਿਚ 15 ਬਿਰਧ ਘਰਾਂ ਲਈ 4.21 ਕਰੋੜ ਗ੍ਰਾਂਟ ਦਿਤੀ ਪਰ ਮੰਗ ਫੇਰ ਵੀ ਬਹੁਤ ਜ਼ਿਆਦਾ ਹੈ। ਸਰਕਾਰੀ ਯਤਨ ਵਧ ਰਹੇ ਹਨ ਪਰ ਅਜੇ ਵੀ ਬਹੁਤ ਕਮੀ ਹੈ।