ਜੇਕਰ ਦਾਲ ਜਾਂ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਹ ਤਰੀਕੇ ਆਉਣਗੇ ਕੰਮ
ਸਬਜ਼ੀ ਜਾਂ ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਆਲੂ ਛਿਲ ਕੇ ਪਾ ਦਿਉ
ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ। ਇਸ ਲਈ ਖਾਣੇ ਵਿਚ ਨਮਕ ਬਹੁਤ ਜ਼ਰੂਰੀ ਹੈ ਪਰ ਨਮਕ ਸਹੀ ਮਾਤਰਾ ਵਿਚ ਹੋਣਾ ਚਾਹੀਦਾ ਹੈ। ਕਦੇ-ਕਦੇ ਖਾਣਾ ਬਣਾਉਂਦੇ ਸਮੇਂ ਦਾਲ ਜਾਂ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਂਦਾ ਹੈ ਤਾਂ ਖਾਣੇ ਦਾ ਪੂਰਾ ਸਵਾਦ ਖ਼ਤਮ ਹੋ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਖਾਣਾ ਹੀ ਛੱਡ ਦਿੰਦੇ ਹਨ, ਫਿਰ ਦੂਜੀ ਸਬਜ਼ੀ ਬਣਾਉਣੀ ਪੈਂਦੀ ਹੈ। ਆਉ ਜਾਣਦੇ ਹਾਂ ਸਬਜ਼ੀ ਜਾਂ ਦਾਲ ਤੋਂ ਖਾਰਾਪਨ ਘੱਟ ਕਰਨ ਦੇ ਨੁਸਖ਼ੇ
ਆਲੂ ਨਾਲ ਘੱਟ ਕਰੀਏ ਖਾਰਾਪਨ: ਸਬਜ਼ੀ ਜਾਂ ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਆਲੂ ਛਿਲ ਕੇ ਪਾ ਦਿਉ। ਕੁੱਝ ਦੇਰ ਆਲੂ ਸਬਜ਼ੀ ਵਿਚ ਹੀ ਰੱਖੇ ਰਹਿਣ ਦਿਉ। ਥੋੜ੍ਹੀ ਦੇਰ ਬਾਅਦ ਆਲੂ ਕੱਢ ਲਵੋ। ਇਸ ਨਾਲ ਖਾਰਾਪਨ ਘੱਟ ਹੋ ਸਕਦਾ ਹੈ।
ਆਟੇ ਦੀ ਲੋਈ ਨਾਲ ਵੀ ਘੱਟ ਹੋ ਸਕਦਾ ਹੈ ਨਮਕ: ਜੇਕਰ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਗਿਆ ਹੈ ਤਾਂ ਆਟੇ ਦੀ ਵੱਡੀ ਲੋਈ ਬਣਾਉ ਅਤੇ ਸਬਜ਼ੀ ਵਿਚ ਪਾ ਦਿਉ। ਕੁੱਝ ਦੇਰ ਬਾਅਦ ਇਹ ਲੋਈ ਕੱਢ ਲਵੋ। ਇਸ ਨਾਲ ਖਾਰਾਪਨ ਘੱਟ ਹੋ ਜਾਂਦਾ ਹੈ।
ਸਬਜ਼ੀ ਵਿਚ ਪਾਓ ਥੋੜ੍ਹਾ ਦਹੀਂ : ਖਾਰਾਪਨ ਘੱਟ ਕਰਨ ਲਈ ਸਬਜ਼ੀ ਵਿਚ ਥੋੜ੍ਹਾ ਜਿਹਾ ਦਹੀਂ ਵੀ ਪਾ ਸਕਦੇ ਹੋ।
ਨਿੰਬੂ ਦਾ ਰਸ: ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਨਿੰਬੂ ਦਾ ਰਸ ਪਾ ਦਿਉ। ਇਸ ਨਾਲ ਵੀ ਕੁੱਝ ਹੱਦ ਤਕ ਖਾਰਾਪਨ ਘੱਟ ਹੋ ਸਕਦਾ ਹੈ।
ਬਰੈੱਡ ਨਾਲ ਵੀ ਦੂਰ ਹੋ ਸਕਦਾ ਹੈ ਖਾਰਾਪਨ: ਜੇਕਰ ਤੁਸੀਂ ਚਾਹੋ ਤਾਂ ਖਾਰਾਪਨ ਦੂਰ ਕਰਨ ਲਈ ਬਰੈੱਡ ਦੀ ਵਰਤੋਂ ਵੀ ਕਰ ਸਕਦੇ ਹੋ। ਖਾਰੀ ਸਬਜ਼ੀ ਵਿਚ ਇਕ-ਦੋ ਬਰੈੱਡ ਪਾ ਦਿਉ। ਕੁੱਝ ਦੇਰ ਬਾਅਦ ਬਰੈੱਡ ਕਢ ਲਵੋ, ਇਸ ਨਾਲ ਵੀ ਖਾਰੇਪਨ ਵਿਚ ਕਮੀ ਆ ਸਕਦੀ ਹੈ।