ਪੁਰਾਣੀਆਂ ਖ਼ੁਰਾਕਾਂ ਨਾਲ ਬਣਾਉ ਜੀਵਨ ਸਿਹਤਮੰਦ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਫ਼ਸਲਾਂ ਨੂੰ ਉਗਾਉਣ ਲਈ ਅੰਗਰੇਜ਼ੀ ਖਾਦਾਂ ਤੇ ਕੀੜੇਮਾਰ ਰਸਾਇਣਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੁੰਦੀ

Make life Healthier with older diets

ਪਿਛਲੇ ਕੁੱਝ ਦਹਾਕਿਆਂ ਤੋਂ ਹਸਪਤਾਲਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ ਗਤੀ ਨਾਲ ਵਧਣ ਦਾ ਮੁੱਖ ਕਾਰਨ ਸਾਡੀ ਅਜੋਕੀ ਖ਼ੁਰਾਕ ਹੈ। ਮੋਟੇ ਤੌਰ ਤੇ ਸਾਡੀ ਅਜੋਕੀ ਖ਼ੁਰਾਕ ਕਣਕ, ਚੌਲ, ਦੁਧ, ਚੀਨੀ ਆਦਿ ਹਨ ਜਦਕਿ ਸਾਡੇ ਵੱਡ-ਵਡੇਰਿਆਂ ਦੀ ਖ਼ੁਰਾਕ ਵਿਚ ਕਣਕ, ਚੌਲ ਤੇ ਚੀਨੀ ਸ਼ਾਮਲ ਨਹੀਂ ਸਨ

ਬਲਕਿ ਚੀਨੀ ਦੀ ਥਾਂ ਗੁੜ ਵਰਤਿਆ ਜਾਂਦਾ ਸੀ ਤੇ ਕਣਕ, ਚੌਲ ਦੀ ਥਾਂ ਬਾਜਰਾ, ਮੱਕੀ, ਕੋਧਰਾ ਆਦਿ ਮੂਲ ਅਨਾਜ ਮੁੱਖ ਖ਼ੁਰਾਕ ਹੋਇਆ ਕਰਦੀ ਸੀ। ਇਨ੍ਹਾਂ ਫ਼ਸਲਾਂ ਨੂੰ ਉਗਾਉਣ ਲਈ ਅੰਗਰੇਜ਼ੀ ਖਾਦਾਂ ਤੇ ਕੀੜੇਮਾਰ ਰਸਾਇਣਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੁੰਦੀ ਸੀ। 19ਵੀਂ ਸਦੀ ਵਿਚ ਵਿਗਿਆਨ ਦੀ ਆੜ ਵਿਚ ਵਪਾਰਕ ਅਦਾਰਿਆਂ ਨੇ ਵਧੇਰੇ ਪੌਸ਼ਟਿਕ ਯੁਕਤ, ਤਥਾ-ਕਥਿਤ ਪ੍ਰੋਸੈਸਡ ਪਦਾਰਥਾਂ ਦਾ ਅੰਨ੍ਹੇਵਾਹ ਝੂਠਾ ਪ੍ਰਚਾਰ ਕਰ ਕੇ ਅਪਣੀਆਂ ਤਿਜੌਰੀਆਂ ਭਰਨ ਨੂੰ ਹੀ ਤਰਜੀਹ ਦਿਤੀ।

ਮੂਲ ਅਨਾਜ ਨੂੰ ਗ਼ਰੀਬਾਂ ਦੀ ਖ਼ੁਰਾਕ ਦੱਸ ਕੇ ਦੁਸ਼ਪ੍ਰਚਾਰ ਕੀਤਾ ਗਿਆ। ਇਸ ਤਰ੍ਹਾਂ ਸਾਡਾ ਮੂਲ ਅਨਾਜ ਮੱਧ ਸ਼੍ਰੇਣੀ ਤੇ ਅਮੀਰ ਲੋਕਾਂ ਦੀਆਂ ਥਾਲੀਆਂ ਵਿਚੋਂ ਅਲੋਪ ਹੋ ਗਿਆ। ਇਸ ਲਈ ਅਜੋਕੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰਵਾਇਤੀ ਖ਼ੁਰਾਕ ਦਾ ਬਦਲ ਲੱਭਣ ਦੀ ਲੋੜ ਅਤਿਅੰਤ ਜ਼ਰੂਰੀ ਹੈ। ਡਾਕਟਰ ਖ਼ਾਦਰ ਵਲੀ ਅਨੁਸਾਰ ਕਣਕ ਤੇ ਚੌਲ ਵਿਚਲਾ ਗੁਲੂਕੋਜ਼ ਖ਼ੂਨ ਵਿਚ ਬਹੁਤ ਜਲਦੀ ਪਹੁੰਚਦੈ ਜਿਸ ਕਰ ਕੇ ਡਾਇਬਟੀਜ਼ ਦੀ ਬਿਮਾਰੀ ਅਜਕਲ ਆਮ ਜਹੀ ਹੋ ਗਈ ਹੈ। ਕਣਕ ਵਿਚ ਮੌਜੂਦ ਗਲੂਟਨ ਬਹੁਤਿਆਂ ਨੂੰ ਹਜ਼ਮ ਨਹੀਂ ਹੁੰਦੀ।

ਡਾਕਟਰ ਖਾਦਰ ਵਲੀ ਸਾਡੇ ਵੱਡ-ਵਡੇਰਿਆਂ ਦੀ ਖ਼ੁਰਾਕ ਨੂੰ ਮੁੜ ਅਪਣਾਉਣ ਲਈ ਪੁਰਜ਼ੋਰ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਦੀ ਰਾਏ ਹੈ ਕਿ ਹਰੀ ਕੰਗਨੀ, ਸਾਂਵਾ, ਕੋਧਰਾ, ਸਵੈਂਕ ਵਿਚ ਲੋੜੀਂਦੀ ਮਾਤਰਾ ਵਿਚ ਭਰਪੂਰ ਵਿਟਾਮਿਨ ਤੇ ਖਣਿਜ ਪਦਾਰਥ ਮੌਜੂਦ ਹਨ। ਇਨ੍ਹਾਂ ਮਿਲੇਟਸ ਨੂੰ ਡਾਕਟਰ ਖ਼ਾਦਰ ਵਲੀ ਦੀ ਖੋਜ ਕੀਤੀ ਹੋਈ ਤਰਤੀਬ ਅਨੁਸਾਰ ਖਾਣ ਨਾਲ ਤੇ ਕੁੱਝ ਪੌਦਿਆਂ ਦੀਆਂ ਪੱਤੀਆਂ ਦਾ ਕਾੜ੍ਹਾ ਪੀਣ ਨਾਲ ਤਕਰੀਬਨ ਸਾਰੀਆਂ ਹੀ ਬਿਮਾਰੀਆਂ ਅਪਣੀ ਤੀਬਰਤਾ ਅਨੁਸਾਰ ਛੇ ਮਹੀਨੇ ਤੋਂ ਦੋ ਸਾਲ ਵਿਚ ਠੀਕ ਹੋ ਜਾਂਦੀਆਂ ਹਨ।

ਇਹ ਖ਼ੁਰਾਕ ਕਿਸੇ ਵੀ ਉਮਰ ਦਾ ਵਿਅਕਤੀ ਲੈ ਸਕਦਾ ਹੈ। ਇਨ੍ਹਾਂ ਦੀ ਤਾਸੀਰ ਨਾ ਗਰਮ ਤੇ ਨਾ ਹੀ ਠੰਢੀ ਹੁੰਦੀ ਹੈ, ਇਸ ਕਰ ਕੇ ਇਨ੍ਹਾਂ ਨੂੰ ਕਿਸੇ ਵੀ ਰੁੱਤ ਵਿਚ ਖਾਧਾ ਜਾ ਸਕਦਾ ਹੈ। ਇਸ ਸਬੰਧ ਵਿਚ 'ਖੇਤੀ ਵਿਰਾਸਤ ਮਿਸ਼ਨ ਗਰੁੱਪ' ਲੋਕਾਂ ਨੂੰ ਜਾਗਰੂਕ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਡਾਕਟਰ ਖ਼ਾਦਰ ਵਲੀ ਵੀ ਇਨ੍ਹਾਂ ਦੇ ਸੱਦੇ ਉਤੇ ਹੀ ਪੰਜਾਬ ਆਏ ਸਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਮੂਲ ਅਨਾਜ ਮੁੜ ਸੁਰਜੀਤ ਕਰਨ ਲਈ ਬੜੀ ਹੀ ਸੁਹਿਰਦਤਾ ਨਾਲ ਪ੍ਰੇਰਿਤ ਕੀਤਾ।

ਮੂਲ ਅਨਾਜ ਲੋੜੀਂਦੀ ਮਾਤਰਾ ਤੇ ਵਾਜਬ ਕੀਮਤ ਤੇ ਉਪਲਬਧ ਹੋਣ ਵਿਚ ਸਮਾਂ ਲਗੇਗਾ। ਤਦ ਤਕ ਪ੍ਰਾਕ੍ਰਿਤਕ ਚਕਿਤਸਾ ਮਾਹਰਾਂ ਦੀ ਸੁਝਾਈ ਹੋਈ 'ਨਵੀਂ ਖ਼ੁਰਾਕ ਪ੍ਰਕਿਰਿਆ' ਅਪਣਾਈ ਜਾ ਸਕਦੀ ਹੈ। ਇਸ ਵਿਧੀ ਦਾ ਸੰਖੇਪ ਵਿਚ ਵਰਨਣ ਕੁੱਝ ਇਸ ਤਰ੍ਹਾਂ ਹੈ। ਇਹ ਪ੍ਰਕਿਰਿਆ 'ਕੱਚਾ ਖਾਉ, ਰੋਗ ਭਜਾਉ' ਦੇ ਸਿਧਾਂਤ ਅਨੁਸਾਰ ਤਿਆਰ ਕੀਤੀ ਗਈ ਹੈ। ਇਹ ਸਿਧਾਂਤ ਜੰਗਲੀ ਜਾਨਵਰਾਂ ਤੇ ਪੰਛੀਆਂ ਤੋਂ ਸਿਖਿਆ ਗਿਆ ਹੈ।

ਇਨ੍ਹਾਂ ਦਾ ਨਾਂ ਹੀ ਕੋਈ ਡਾਕਟਰ ਤੇ ਨਾਂ ਹੀ ਰਸੋਈ ਹੈ।  ਇਸੇ ਕਰ ਕੇ ਪ੍ਰਾਕ੍ਰਿਤਕ ਚਕਿਤਸਾ ਦੇ ਮਾਹਰ ਮੌਸਮੀ ਫੱਲ, ਮੇਵੇ ਤੇ ਸਹਿਜੇ ਹਜ਼ਮ ਹੋਣ ਵਾਲੀਆਂ ਕੱਚੀਆਂ ਸਬਜ਼ੀਆਂ-ਗਾਜਰ, ਮੂਲੀ, ਸ਼ਲਗਮ, ਮਟਰ, ਪਾਲਕ ਆਦਿ ਖਾਣ ਦੀ ਸਲਾਹ ਦਿੰਦੇ ਹਨ। ਮਸਾਲੇਦਾਰ ਪਕਵਾਨ ਖਾਣ ਦੀ ਆਦਤ ਜੋ ਅਸੀ ਮੁੱਦਤਾਂ ਤੋਂ ਪਾਲ ਰੱਖੀ ਹੈ, ਇਕਦਮ ਛੱਡਣੀ ਔਖੀ ਹੈ।

ਇਸ ਵਿਧੀ ਅਨੁਸਾਰ ਰਾਤ ਦੇ ਭੋਜਨ ਪਿਛੋਂ 12 ਤੋਂ 16 ਘੰਟੇ ਦਾ ਵਰਤ ਰੱਖ ਕੇ ਨਾਸ਼ਤੇ ਵਿਚ ਮੌਸਮੀ ਫੱਲ ਤੇ ਉਹ ਵੀ ਰੱਜ ਕੇ ਖਾਣੇ ਹਨ। ਵਰਤ ਦੌਰਾਨ ਲੋੜ ਅਨੁਸਾਰ ਪਾਣੀ ਪੀ ਸਕਦੇ ਹੋ, ਬਾਕੀ ਦੇ ਦੋ ਡੰਗ ਰਵਾਇਤੀ ਭੋਜਨ ਕਰ ਸਕਦੇ ਹੋ। ਦੁਪਿਹਰ ਤੇ ਰਾਤ ਦੇ ਭੋਜਨ ਵਿਚਕਾਰ 8 ਤੋਂ 10 ਘੰਟੇ ਪਾਣੀ ਵਿਚ ਭਿੱਜੇ ਮੇਵੇ ਖਾ ਸਕਦੇ ਹੋ। ਇਥੇ ਇੱਕ ਸੁਨਹਿਰੀ ਅਸੂਲ ਅਪਨਾਉਣਾ ਅਤਿ ਜ਼ਰੂਰੀ ਹੈ। ਚੰਗੀ ਤਰ੍ਹਾਂ ਚੂਹੇ-ਦੁੜਾਉ ਭੁੱਖ ਲੱਗਣ ਉਤੇ ਹੀ ਖਾਉ, ਉਹ ਵੀ ਭੁੱਖ ਰੱਖ ਕੇ।

ਰਾਤ ਦੇ ਭੋਜਨ ਉਪਰੰਤ ਰਖਿਆ ਹੋਇਆ ਵਰਤ ਸਵੇਰ ਵੇਲੇ ਪਾਲਕ, ਪੁਦੀਨਾ, ਧਨੀਆ ਪੱਤਾ, ਲੌਕੀ ਤੇ ਆਂਵਲੇ ਦਾ ਘਰ ਬਣਾਇਆ ਹੋਇਆ ਤਾਜ਼ਾ ਗਰੀਨ ਜੂਸ ਪੀ ਕੇ ਤੋੜਿਆ ਜਾਵੇ। ਇਹ ਜੂਸ ਸ੍ਰੀਰ ਵਿਚ ਜਮ੍ਹਾਂ ਹੋਏ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਣ ਲਈ ਰਾਮ ਬਾਣ ਦਾ ਕੰਮ ਕਰੇਗਾ। ਦਾਲਾਂ ਤੇ ਸਬਜ਼ੀਆਂ ਨੂੰ ਰਿਫ਼ਾਈਂੰਡ ਤੇਲਾਂ ਦਾ ਤੜਕਾ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ,

ਜੇਕਰ ਸੁਆਦ ਨਹੀਂ ਤਿਆਗ ਸਕਦੇ ਤਾਂ ਸਰ੍ਹੋਂ, ਮੂੰਗਫਲੀ, ਨਾਰੀਅਲ ਆਦਿ ਦੇ ਠੰਢੇ ਕੋਹਲੂ ਨਾਲ ਤਿਆਰ ਕੀਤੇ ਹੋਏ ਕੱਚੀ ਘਾਣੀ ਦੇ ਤੇਲ ਵਰਤਣੇ ਚਾਹੀਦੇ ਹਨ। ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਕਾਰਨ ਇਹ ਵਿਧੀ ਨਾ ਅਪਣਾ ਸਕਦਾ ਹੋਵੇ ਉਨ੍ਹਾਂ ਨੂੰ ਕਾਲੀ ਕਣਕ ਮੁੱਖ ਖ਼ੁਰਾਕ ਦੇ ਤੌਰ 'ਤੇ ਅਪਨਾਉਣ ਦੀ ਸਲਾਹ ਦਿਤੀ ਜਾਂਦੀ ਹੈ। ਇਹ ਚੇਤੇ ਰਹੇ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਐਲੋਪੈਥਿਕ ਡਾਕਟਰਾਂ ਕੋਲ ਹੀ ਜਾਣਾ ਚਾਹੀਦਾ ਹੈ ।
ਸੰਪਰਕ : 950135439