ਲਿਵਰ ਦੇ ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ
ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਖ਼ਤਰਾ ਵੱਧ ਜਾਂਦਾ ਹੈ।
ਮੁਹਾਲੀ: ਆਂਵਲਾ ਖਾਣ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਨਾਲ ਇਸ ਵਿਚ ਕਈ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵੀ ਹੁੰਦੇ ਹਨ। ਆਂਵਲੇ ਨੂੰ ਆਯੁਰਵੇਦ ਦਾ ਵਰਦਾਨ ਮੰਨਿਆ ਜਾਂਦਾ ਹੈ, ਇਸ ਦੇ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਪਰ ਹਰ ਚੀਜ਼ ਦੇ ਕੁੱਝ ਫ਼ਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹੁੰਦੇ ਹਨ। ਸਿਹਤ ਦੀਆਂ ਕੁੱਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਵਿਚ ਡਾਕਟਰ ਵੀ ਆਮਲਾ ਨਾ ਖਾਣ ਦੀ ਸਲਾਹ ਦਿੰਦੇ ਹਨ।
ਲਿਵਰ ਦੇ ਮਰੀਜ਼ਾਂ ਨੂੰ ਆਮਲੇ ਦਾ ਸੇਵਨ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ। ਆਂਵਲਾ ਅਤੇ ਅਦਰਕ ਨੂੰ ਇਕੱਠੇ ਖਾਣ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਲਿਵਰ ਐਂਜ਼ਾਈਮਜ਼ ਲੈਵਲ ਵਧ ਸਕਦਾ ਹੈ ਜੋ ਕਿ ਲਿਵਰ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਜੋ ਲੋਕ ਜਲਦੀ ਸਰਜਰੀ ਕਰਵਾਉਣ ਵਾਲੇ ਹਨ ਉਨ੍ਹਾਂ ਨੂੰ ਆਂਵਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਖ਼ਤਰਾ ਵੱਧ ਜਾਂਦਾ ਹੈ।
ਲੰਮੇ ਸਮੇਂ ਤਕ ਬਲੀਡਿੰਗ ਨਾਲ ਹਾਈਪੋਕਸੀਮੀਆ, ਗੰਭੀਰ ਐਸਿਡੋਸਿਸ ਜਾਂ ਮਲਟੀਆਰਗਨ ਡਿਸਫ਼ੰਕਸ਼ਨ ਹੋ ਸਕਦਾ ਹੈ। ਇਸ ਲਈ ਮਾਹਰਾਂ ਦੀ ਸਲਾਹ ਹੈ ਕਿ ਸਰਜਰੀ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਆਮਲਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਕਿਸੇ ਮਾਹਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲੇ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿਚ ਸੋਡੀਅਮ ਦਾ ਲੈਵਲ ਵਧਦਾ ਹੈ, ਨਾਲ ਹੀ ਕਿਡਨੀ ਦੇ ਕੰਮਕਾਜ ’ਤੇ ਵੀ ਅਸਰ ਪੈਂਦਾ ਹੈ।
ਆਂਵਲੇ ਵਿਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ। ਇਸ ਨਾਲ ਡਾਇਰੀਆ ਅਤੇ ਡੀਹਾਈਡ੍ਰਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਅਕਸਰ ਘੱਟ ਹੁੰਦਾ ਹੈ ਜਾਂ ਤੁਸੀਂ ਐਂਟੀ-ਡਾਇਬੀਟਿਕ ਦਵਾਈ ਲੈ ਰਹੇ ਹੋ ਤਾਂ ਆਮਲੇ ਤੋਂ ਬਚੋ।