ਤੰਦਰੁਸਤੀ ਦੇ ਗੁਣਾਂ ਦੀ ਖਾਣ ਹੈ ਨਿੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਹੱਥਾਂ ਨੂੰ ਨਰਮ ਮੁਲਾਇਮ ਬਣਾਉਣ ਲਈ ਵਰਤੋ ਖੰਡ, ਨਿੰਬੂ ਅਤੇ ਬਦਾਮਾਂ ਦਾ ਤੇਲ

Neem

ਨਿੰਮ ਦਾ ਦਰੱਖ਼ਤ ਅਨੇਕਾਂ ਤੰਦਰੁਸਤੀ ਦੇ ਗੁਣਾਂ ਦੀ ਖਾਣ ਹੈ। ਨਿੰਮ ਦੇ ਸਾਰੇ ਅੰਗ ਭਾਵ ਪੱਤੇ, ਫੁੱਲ, ਲੱਕੜ ਆਦਿ ਨੂੰ ਦਵਾਈਆਂ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਨਿੰਮ ਦੇ ਫੱਲ ਜਿਸ ਨੂੰ ਨਿਮੋਲੀ ਵੀ ਕਹਿੰਦੇ ਹਨ, ਵਿਚੋਂ ਬੀਜ ਨਿਕਲਦਾ ਹੈ ਜਿਸ ਵਿਚੋਂ ਤੇਲ ਕਢਿਆ ਜਾਂਦਾ ਹੈ। ਨਿੰਮ ਦੇ ਤਣੇ ਤੋਂ ਗੂੰਦ ਮਿਲਦੀ ਹੈ। ਚਮੜੀ ਦੇ ਰੋਗਾਂ ਲਈ ਇਸ ਨੂੰ ਸਰਬ ਉੱਤਮ ਦਵਾਈ ਮੰਨਿਆ ਗਿਆ ਹੈ।

ਕੁਦਰਤੀ ਇਲਾਜ ਪ੍ਰਣਾਲੀ ਵਿਚ ਵੀ ਨਿੰਮ ਦੇ ਪਾਣੀ ਨਾਲ ਨਹਾਉਣਾ, ਨਿੰਮ ਦੇ ਪਾਣੀ ਦਾ ਅਨੀਮਾ ਅਤੇ ਔਰਤਾਂ ਦੇ ਰੋਗਾਂ ਨੂੰ ਠੀਕ ਕਰਨ ਲਈ ਨਿੰਮ ਦੇ ਪਾਣੀ ਦੀ ਵੇਜਾਇਨਲ ਡੂਸ਼ ਦਿਤੀ ਜਾਂਦੀ ਹੈ। ਬਵਾਸੀਰ ਵਰਗੇ ਦੁੱਖਦਾਈ ਰੋਗ ਦੇ ਇਲਾਜ ਲਈ ਡਾਕਟਰ ਨਾਲ ਸਲਾਹ ਕਰ ਕੇ ਨਿੰਮ ਅਤੇ ਕਨੇਰ ਦੇ ਪੱਤੇ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਉ ਅਤੇ ਫਿਰ ਇਸ ਨੂੰ ਬਵਾਸੀਰ ਤੋਂ ਪ੍ਰਭਾਵਤ ਜਗ੍ਹਾ 'ਤੇ ਲਗਾਉ। ਇਸ ਨਾਲ ਦਰਦ ਵੀ ਘਟੇਗਾ ਅਤੇ ਰੋਗ ਵੀ।

ਨਿੰਮ ਦੇ ਪੱਤੇ ਅਤੇ ਮੁੰਗੀ ਦੀ ਦਾਲ ਨੂੰ ਮਿਲਾ ਕੇ ਪੀਸ ਕੇ ਬਿਨਾਂ ਮਸਾਲਾ ਪਾਏ ਤਲ ਕੇ ਖਾਣ ਨਾਲ ਵੀ ਬਵਾਸੀਰ ਨੂੰ ਅਰਾਮ ਮਿਲਦਾ ਵੇਖਿਆ ਗਿਆ ਹੈ। ਇਸ ਦੌਰਾਨ ਮਰੀਜ਼ ਅਪਣੇ ਭੋਜਨ ਵਿਚ ਲੱਸੀ ਅਤੇ ਚਾਵਲ ਵੀ ਸ਼ਾਮਲ ਕਰੇ। ਮਸਾਲਿਆਂ ਦੀ ਵਰਤੋਂ ਬਹੁਤ ਹੀ ਘੱਟ ਕਰੋ। ਜੇ ਹੋ ਸਕੇ ਤਾਂ ਬਿਲਕੁਲ ਨਾ ਕਰੋ। ਬੁਖ਼ਾਰ ਜਾਂ ਮਲੇਰੀਆ ਹੋਣ 'ਤੇ ਡਾਕਟਰ ਦੀ ਸਲਾਹ ਨਾਲ ਨਿੰਮ ਦਾ ਕਾੜ੍ਹਾ ਦਿਤਾ ਜਾ ਸਕਦਾ ਹੈ।

ਇਸ ਕਾੜ੍ਹੇ ਨੂੰ ਬਣਾਉਣ ਦਾ ਇਕ ਢੰਗ ਹੈ : ਇਕ ਗਲਾਸ ਪਾਣੀ ਵਿਚ ਨਿੰਮ ਦੇ ਪੱਤੇ, ਨਿਮੋਲੀਆਂ, ਕਾਲੀਆਂ ਮਿਰਚਾਂ, ਤੁਲਸੀ, ਸੁੰਢ, ਚਿਰਾਇਤਾ ਬਰਾਬਰ ਮਾਤਰਾ ਵਿਚ ਪਾ ਕੇ ਉਬਾਲੋ। ਇਸ ਕਾੜ੍ਹੇ ਨੂੰ ਏਨੀ ਦੇਰ ਉਬਾਲੋ ਜਦੋਂ ਤਕ ਅੱਧਾ ਪਾਣੀ ਭਾਫ਼ ਬਣ ਕੇ ਉੱਡ ਨਾ ਜਾਵੇ। ਬਾਅਦ ਵਿਚ ਇਸ ਕਾੜ੍ਹੇ ਨੂੰ ਛਾਣ ਕੇ ਰੋਗੀ ਨੂੰ ਦਿਨ ਵਿਚ ਤਿੰਨ ਚਾਰ ਵਾਰ ਇਕ ਦੋ ਚਮਚ ਪਿਲਾਉਣ ਨਾਲ ਮਲੇਰੀਆ ਵਰਗੇ ਬੁਖ਼ਾਰ ਵਿਚ ਬਹੁਤ ਫ਼ਾਇਦਾ ਹੁੰਦਾ ਹੈ।

ਦੰਦਾਂ ਅਤੇ ਮਸੂੜਿਆਂ ਦੇ ਰੋਗਾਂ ਦੇ ਇਲਾਜ ਵਿਚ ਨਿੰਮ ਦੀ ਬਣੀ ਦਾਤਨ ਦਾ ਕੋਈ ਮੁਕਾਬਲਾ ਨਹੀਂ। ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਤੇ ਠੰਢਾ ਕਰ ਕੇ ਚਲਾਉਣ ਨਾਲ ਪਾਇਰੀਆ ਤੋਂ ਆਰਾਮ ਮਿਲਦਾ ਹੈ। ਨਿੰਮ ਦੇ ਫੁੱਲ ਦੇ ਕਾੜ੍ਹੇ ਦੇ ਗਰਾਰੇ ਕਰਨ ਅਤੇ ਨਿੰਮ ਦੀ ਦਾਤਨ ਦੀ ਵਰਤੋਂ ਕਰਨ ਨਾਲ ਅਸੀ ਦੰਦਾਂ ਅਤੇ ਮਸੂੜਿਆਂ ਦੇ ਰੋਗਾਂ ਤੋਂ ਬਚ ਸਕਦੇ ਹਾਂ। ਹੱਥ ਤੁਹਾਡੀ ਦਿੱਖ ਦਾ ਆਧਾਰ ਹੁੰਦੇ ਹਨ।

ਇਨ੍ਹਾਂ ਨੂੰ ਖ਼ੂਬਸੂਰਤ ਬਣਾਉਣ ਲਈ ਖ਼ਾਸ ਕਰ, ਔਰਤਾਂ ਵਲੋਂ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਮੁਲਾਇਮ ਰੱਖਣ ਲਈ ਇਕ ਦੇਸੀ ਨੁਕਤਾ ਵਧੇਰੇ ਕਾਰਗਰ ਮੰਨਿਆ ਜਾਂਦਾ ਹੈ।  ਉਹ ਇਹ ਹੈ ਕਿ ਇਕ ਚਮਚ ਖੰਡ ਵਿਚ ਇਕ ਚਮਚ ਸ਼ਹਿਦ, ਚਾਰ ਬੂੰਦਾਂ ਬਦਾਮਾਂ ਦਾ ਤੇਲ, ਚਾਰ ਬੂੰਦਾਂ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਘੋਲ ਲਉ। ਇਸ ਘੋਲ ਨਾਲ 5 ਮਿੰਟ ਤਕ ਹੱਥਾਂ ਦੀ ਮਾਲਸ਼ ਕਰੋ। ਅਜਿਹਾ ਕਰਨ ਪਿੱਛੋਂ, ਹੱਥਾਂ ਨੂੰ ਧੋ ਲਉ ਅਤੇ ਧੋ ਕੇ ਨਰਮ ਤੇ ਸਾਫ਼ ਕਪੜੇ ਨਾਲ ਸਾਫ਼ ਕਰਨ ਤੋਂ ਬਾਅਦ ਚੰਗੀ ਕੰਪਨੀ ਦੀ ਕਰੀਮ ਲਾ ਲਉ। ਇਸ ਨਾਲ ਤੁਹਾਡੇ ਹੱਥ ਮੁਲਾਇਮ ਰਹਿਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।