ਜਾਣੋ ਇਸ ਵਾਰ ਕਿਉਂ ਹੈ ਖਾਸ ਸਾਵਣ ਦਾ ਮਹੀਨਾ, ਜਰੂਰ ਪੜ੍ਹੋ
ਸਾਵਣ' ਦਾ ਮਹੀਨਾ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਸ਼ੁਰੂ ਹੁੰਦਾ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ) :ਤਿਉਹਾਰ ਵਾਂਗ ਮਨਾਇਆ ਜਾਣ ਵਾਲਾ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਪੂਜਾ ਲਈ ਸਮਰਪਿਤ ਹੈ। ਇਸ ਸਾਲ ਸਾਵਣ ਦਾ ਮਹੀਨਾ 4 ਜੁਲਾਈ ਨੂੰ ਸ਼ੁਰੂ ਹੋਵੇਗਾ। ਹਿੰਦੂ ਪੰਚਾਂਗ ਦੇ ਅਨੁਸਾਰ, ਸਾਵਣ 2023 ਕ੍ਰਿਸ਼ਨ ਪੱਖ ਦੇ ਪਹਿਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਸਾਵਣ ਮਹੀਨੇ ਦਾ ਮਹੱਤਵ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਰਿਹਾ ਹੈ। ਸਾਵਣ ਦੇ ਮਹੀਨੇ ਵਿੱਚ ਜੋ ਵੀ ਸ਼ਿਵ ਭਗਤ ਭੋਲੇਨਾਥ ਦੀ ਪੂਜਾ ਕਰਦਾ ਹੈ, ਭਗਵਾਨ ਸ਼ੰਕਰ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।'ਸਾਵਣ' ਦਾ ਮਹੀਨਾ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਸ਼ੁਰੂ ਹੁੰਦਾ ਹੈ। ਹਾਲਾਂਕਿ ਇਸ ਵਾਰ ਸਾਵਣ ਤੋਂ ਪਹਿਲਾਂ ਹੀ ਮਾਨਸੂਨ ਨੇ ਦਸਤਕ ਦੇ ਦਿਤੀ ਹੈ।
ਇਸ ਮਹੀਨੇ ਦੌਰਾਨ ਸ਼ਰਧਾਲੂ ਜਲਾਭਿਸ਼ੇਕ ਆਦਿ ਕਰਕੇ ਸ਼ਿਵਲਿੰਗ ਦੀ ਪੂਜਾ ਕਰਦੇ ਹਨ ਅਤੇ ਸਾਵਣ ਦੇ ਸੋਮਵਾਰ ਨੂੰ ਵਰਤ ਰੱਖਦੇ ਹਨ।ਸਾਲ 2023 ਦਾ ਸਾਵਣ ਮਹੀਨਾ ਕਈ ਪੱਖਾਂ ਤੋਂ ਖਾਸ ਹੋਣ ਵਾਲਾ ਹੈ।ਇਸ ਸਾਲ ਸਾਵਣ ਦਾ ਮਹੀਨਾ ਪੂਰੇ 59 ਦਿਨਾਂ ਦਾ ਹੋਵੇਗਾ ਅਤੇ ਸ਼ਰਧਾਲੂ ਪੂਰੇ 8 ਸਾਵਣ ਸੋਮਵਾਰ ਨੂੰ ਵਰਤ ਰੱਖਣਗੇ। ਖਾਸ ਗੱਲ ਇਹ ਹੈ ਕਿ ਅਜਿਹਾ ਇਤਫ਼ਾਕ 19 ਸਾਲਾਂ ਬਾਅਦ ਵਾਪਰ ਰਿਹਾ ਹੈ। ਇਸ ਸਾਲ ਇਹ ਮਹੀਨਾ ਲਗਭਗ 2 ਮਹੀਨਿਆਂ ਦਾ ਹੋਵੇਗਾ ਜੋ 4 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 31 ਅਗਸਤ 2023 ਤੱਕ ਚੱਲੇਗਾ, ਜਿਹੜੇ ਵਿਚ 8 ਸੋਮਵਾਰ ਆਉਣਗੇ। ਇਸ ਵਾਰ ਸਾਵਣ ਦਾ ਮਹੀਨਾ ਬਹੁਤ ਹੀ ਸ਼ੁਭ ਯੋਗ ਇੰਦਰ ਯੋਗ ਨਾਲ ਸ਼ੁਰੂ ਹੋ ਰਿਹਾ ਹੈ।
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਸ਼ਿਵ ਨੇ ਸਾਵਣ ਦੇ ਮਹੀਨੇ ਵਿੱਚ ਸਮੁੰਦਰ ਮੰਥਨ ਵਿੱਚੋਂ ਨਿਕਲਿਆ ਜ਼ਹਿਰ ਪੀ ਲਿਆ ਸੀ। ਇਸ ਜ਼ਹਿਰ ਦਾ ਸੇਕ ਇੰਨਾ ਤੇਜ਼ ਸੀ ਕਿ ਭਗਵਾਨ ਇੰਦਰ ਨੇ ਮੀਂਹ ਪਾ ਕੇ ਇਸ ਨੂੰ ਠੰਡਾ ਕਰ ਦਿੱਤਾ ਸੀ। ਇਸੇ ਕਰਕੇ ਸਾਵਣ ਦੇ ਮਹੀਨੇ ਮੀਂਹ ਪੈਂਦਾ ਹੈ।
ਸਾਵਣ ਹੈ ਸਾਤਵਿਕ ਭੋਜਨ ਦਾ ਮਹੀਨਾ:
ਸਾਵਣ ਦੇ ਪੂਰੇ ਮਹੀਨੇ ਦੌਰਾਨ ਸਾਤਵਿਕ ਭੋਜਨ ਖਾਣ 'ਤੇ ਜ਼ੋਰ ਦੇਣਾ ਚਾਹੀਦਾ ਹੈ।। ਇਸ ਮਹੀਨੇ ਲਸਣ, ਪਿਆਜ਼, ਮੀਟ, ਮੱਛੀ, ਅੰਡੇ ਅਤੇ ਕਿਸੇ ਵੀ ਤਰ੍ਹਾਂ ਦੇ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਮਾਨਸੂਨ ਦੇ ਇਸ ਮਹੀਨਾ ਵਿਚ ਤੁਹਾਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਇਸ ਮਹੀਨੇ ਵਿੱਚ ਕਈ ਚੀਜ਼ਾਂ ਖਾਣ ਤੇ ਮਨਾਹੀ ਹੁੰਦੀ ਹੈ।ਸਾਵਣ 'ਚ ਤੁਸੀਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਕਿ ਲੌਕੀ, ਕੋਲੋਸੀਆ, ਕੱਦੂ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਸ਼ੁੱਧ ਅਤੇ ਸਾਤਵਿਕ ਆਹਾਰ ਮੰਨਿਆ ਜਾਂਦਾ ਹੈ।