ਨਹਾਉਣ ਵੇਲੇ ਸਿਰ ’ਤੇ ਇਕਦਮ ਨਾ ਪਾਉ ਠੰਢਾ ਜਾਂ ਗਰਮ ਪਾਣੀ
ਇਸ ਨਾਲ ਖ਼ੂਨ ਸੰਚਾਰ ਉਤੇ ਪੈਂਦਾ ਹੈ ਸਿੱਧਾ ਪ੍ਰੈਸ਼ਰ
ਮੁਹਾਲੀ : ਕਈ ਵਾਰ ਬਾਥਰੂਮ ਵਿਚ ਨਹਾਉਣ ਦੌਰਾਨ ਸਿਰ ’ਤੇ ਇਕਦਮ ਠੰਢਾ ਜਾਂ ਗਰਮ ਪਾਣੀ ਪਾਉਣ ਨਾਲ ਖ਼ੂਨ ਸੰਚਾਰ ਉਤੇ ਸਿੱਧਾ ਪ੍ਰੈਸ਼ਰ ਪੈਂਦਾ ਹੈ ਜਿਸ ਨਾਲ ਬਾਥਰੁਮ ਵਿਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ। ਡਾਕਟਰ ਕਹਿੰਦੇ ਹਨ ਕਿ ਨਹਾਉਣ ਸਮੇਂ ਪੈਰਾਂ ਤੋਂ ਸ਼ੁਰੂਆਤ ਕਰੋ। ਪੈਰ ਦੇ ਪੰਜਿਆਂ ਉਪਰ ਪਾਣੀ ਪਾਉਣਾ ਸ਼ੁਰੂ ਕਰੋ। ਇਸ ਤੋਂ ਬਾਅਦ ਲੱਤਾਂ, ਪੇਟ ਹੱਥ ਅਤੇ ਮੋਢਿਆਂ ’ਤੇ ਪਾਣੀ ਪਾਉ ਅਤੇ ਅਖ਼ੀਰ ਵਿਚ ਸਿਰ ’ਚ ਪਾਣੀ ਪਾਉ। ਸਾਡੇ ਜੀਵਨ ਵਿਚ ਜਿਥੇ ਸ਼ੂਗਰ, ਬੀਪੀ ਵਰਗੇ ਰੋਗ ਹੋਣਾ ਆਮ ਹੋ ਗਿਆ ਹੈ, ਉਥੇ ਹੀ ਦਿਲ ਦਾ ਦੌਰਾ ਪੈਣ ਦੇ ਮਾਮਲੇ ਵੀ ਘੱਟ ਨਹੀਂ ਹਨ, ਪਰ ਜੇਕਰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇ, ਤਾਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਕਈ ਕੇਸਾਂ ਵਿਚ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਬਾਥਰੂਮ ਜਾਂ ਟਾਇਲੈਟ ਸੀਟ ਦੀ ਵਰਤੋਂ ਕਰਨ ਦੌਰਾਨ ਹੀ ਦਿਲ ਦਾ ਦੌਰਾ ਪੈਂਦਾ ਹੈ। ਪਹਿਲਾਂ ਵੀ ਕਈ ਨਾਮੀ ਹਸਤੀਆਂ ਅਤੇ ਲੋਕਾਂ ਦੇ ਬਾਥਰੂਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸੁਣੀਆਂ ਹਨ। ਤੁਸੀਂ ਅਜਿਹਾ ਸੋਚਿਆ ਹੈ ਕਿ ਅਖ਼ੀਰ ਜਿਆਦਾਤਰ ਲੋਕਾਂ ਨੂੰ ਬਾਥਰੂਮ ਵਿਚ ਹੀ ਦਿਲ ਦਾ ਦੌਰਾ ਕਿਉਂ ਆਉਂਦਾ ਹੈ।
ਡਾਕਟਰ ਦਸਦੇ ਹਨ ਕਿ ਦਿਲ ਦੇ ਦੌਰੇ ਦਾ ਸਬੰਧ ਸਾਡੇ ਸਰੀਰ ਦੇ ਖ਼ੂਨ ਨਾਲ ਹੁੰਦਾ ਹੈ। ਖ਼ੂਨ ਦੇ ਸੰਚਾਰ ਨਾਲ ਹੀ ਸਾਡੇ ਸਰੀਰ ਦੀ ਪੂਰੀ ਕਾਰਜ ਪ੍ਰਣਾਲੀ ਚਲਦੀ ਹੈ। ਜਦੋਂ ਵੀ ਅਸੀਂ ਬਾਥਰੂਮ ਵਿਚ ਟਾਇਲਟ ਸੀਟ ਦੀ ਵਰਤੋਂ ਕਰਨ ਲਈ ਜਾਂਦੇ ਹਾਂ ਤਾਂ ਸਰੀਰ ਦੁਆਰਾ ਪਾਏ ਗਏ ਪ੍ਰੈਸ਼ਰ ਦਾ ਸਿੱਧਾ ਸਬੰਧ ਸਾਡੇ ਖ਼ੂਨ ਦੇ ਪ੍ਰਵਾਹ ਨਾਲ ਹੁੰਦਾ ਹੈ। ਇਹੀ ਪ੍ਰੈਸ਼ਰ ਦਿਲ ਦੀਆਂ ਧਮਨੀਆਂ ਉਤੇ ਦਬਾਅ ਬਣਾਉਂਦਾ ਹੈ ਅਤੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ।