Knitting Sweaters: ਸਵੈਟਰ ਬੁਣਨ ਵੇਲੇ ਔਰਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Knitting Sweaters: ਮੋਟੇ ਉਨ ਲਈ ਮੋਟੀ ਸਿਲਾਈ ਅਤੇ ਪਤਲੀ ਉਨ ਲਈ ਪਤਲੀ ਸਿਲਾਈ ਦੀ ਹੀ ਵਰਤੋਂ ਕਰੋ।

Women must keep these things in mind while knitting sweaters

 

Knitting Sweaters:  ਔਰਤਾਂ ਵਿਚ ਸਵੈਟਰ ਬੁਣਨ ਦਾ ਰੁਝਾਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਲਈ ਸਵੈਟਰ ਬੁਣਨ ਵੇਲੇ ਕਈ ਗੱਲਾਂ ਦਾ ਖ਼ਾਸ ਖ਼ਿਆਲ ਰਖਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਤੁਸੀਂ ਉੱਨ ਖ਼ਰੀਦੋ, ਲੇਬਲ ਵੇਖ ਕੇ ਹੀ ਖ਼ਰੀਦੋ। ਦੋ ਰੰਗਾਂ ਦੀ ਚੋਣ ਕਰਦੇ ਸਮੇਂ ਸਾਰੇ ਰੰਗਾਂ ਦਾ ਇਕ ਧਾਗ਼ਾ ਲੈ ਕੇ ਆਪਸ ਵਿਚ ਵਲ ਦੇ ਕੇ ਦੇਖ ਲਉ ਕਿ ਇਹ ਰੰਗ ਆਪਸ ਵਿਚ ਠੀਕ ਵੀ ਮੇਲ ਖਾ ਰਹੇ ਹਨ ਜਾਂ ਨਹੀਂ। ਮੋਟੇ ਉਨ ਲਈ ਮੋਟੀ ਸਿਲਾਈ ਅਤੇ ਪਤਲੀ ਉਨ ਲਈ ਪਤਲੀ ਸਿਲਾਈ ਦੀ ਹੀ ਵਰਤੋਂ ਕਰੋ।

ਸਿਲਾਈ ਚੰਗੀ ਅਤੇ ਪ੍ਰਸਿੱਧ ਕੰਪਨੀ ਦੀ ਹੀ ਖ਼ਰੀਦੋ, ਕਿਉਂਕਿ ਇਸ ਨਾਲ ਚੰਗੀ ਬੁਣਾਈ ਹੁੰਦੀ ਹੈ। ਜੇਕਰ ਤੁਹਾਡੀ ਸਮਝ ਵਿਚ ਇਹ ਨਹੀਂ ਆ ਰਿਹਾ ਕਿ ਉੱਨ ਕਿੰਨੀ ਲੈਣੀ ਹੈ ਤਾਂ ਜਿਸ ਨਾਪ ਦਾ ਸਵੈਟਰ ਬਣਾਉਣਾ ਹੋਵੇ, ਉਸੇ ਨਾਪ ਦੇ ਸਵੈਟਰ ਦੇ ਵਜ਼ਨ ਤੋਂ 100 ਗ੍ਰਾਮ ਵਧੇਰੇ ਉਨ ਲਉ। ਫੰਦੇ ਨਾ ਤਾਂ ਵਧੇਰੇ ਕੱਸੇ ਹੋਏ ਹੋਣ ਤੇ ਨਾ ਹੀ ਵਧੇਰੇ ਢਿੱਲੇ ਹੋਣ। ਦੋਹਰੇ ਘਰੇ (ਜੋਟੇ) ਪਾਉਣ ਨਾਲ ਕਿਨਾਰਾ ਚੰਗਾ ਲਗਦਾ ਹੈ। ਕਦੇ ਵੀ ਗਿੱਲੇ ਹੱਥਾਂ ਨਾਲ ਬੁਣਾਈ ਨਾ ਕਰੋ। ਸਿਲਾਈ ਕਦੇ ਵੀ ਅਧੂਰੀ ਨਹੀਂ ਛਡਣੀ ਚਾਹੀਦੀ।

ਉਨ ਦਾ ਜੋੜ ਸਿਲਾਈ ਦੇ ਸਿਰੇ ’ਤੇ ਲਗਾਉ ਕਿਉਂਕਿ ਸਿਲਾਈ ਵਿਚ ਵੀ ਗੰਢ ਆਉਣ ਨਾਲ ਬੁਣਾਈ ਵਿਚ ਸਫ਼ਾਈ ਨਹੀਂ ਆਉਂਦੀ। ਬੁਣਾਈ ਵਿਚ ਸਫ਼ਾਈ ਅਤੇ ਖ਼ੂਬਸੂਰਤੀ ਝਲਕਾਉਣ ਵਿਚ ਹੱਥਾਂ ਦੀ ਕਾਰੀਗਰੀ ਦੇ ਨਾਲ-ਨਾਲ ਚੰਗੀ ਗੁਣਵੱਤਾ ਦੀ ਜਾਂ ਇਕਦਮ ਸਿੱਧੀ ਜਾਂ ਸਹੀ ਨੋਕ ਦੀ ਸਿਲਾਈ ਦਾ ਯੋਗਦਾਨ ਰਹਿੰਦਾ ਹੈ, ਇਸ ਲਈ ਸਿਲਾਈਆਂ ਨੂੰ ਕਦੇ ਵੀ ਜੂੜੇ ਵਿਚ ਫਸਾ ਕੇ ਨਾ ਰੱਖੋ ਅਤੇ ਨਾ ਹੀ ਇਸ ਨਾਲ ਸਿਰ ਖੁਰਕੋ। ਡਿਜ਼ਾਈਨ ਦਾ ਫ਼ੈਸਲਾ ਪਹਿਲੀ ਸਿਲਾਈ ਨਾਲ ਹੀ ਕਰ ਲਉ। ਇਕ ਵੀ ਫੰਦਾ ਇਧਰ-ਉਧਰ ਹੋਣ ਨਾਲ ਸਵੈਟਰ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ।

ਪਹਿਲੀ ਬੁਣਾਈ ਦੇ ਸ਼ੁਰੂ ਵਿਚ ਜਿੰਨੇ ਘਰੇ ਜਿਵੇਂ ਡਿਜ਼ਾਈਨ ਦੇ ਹਨ ਜਾਂ ਸਾਦੇ ਹਨ, ਬਿਲਕੁਲ ਵੈਸੇ ਹੀ ਜੋਟਿਆਂ ਨੂੰ ਅਖ਼ੀਰ ਤਕ ਪਾਉਣਾ ਚਾਹੀਦਾ ਹੈ। ਬੱਚਿਆਂ ਦੀ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ, ਉਨ੍ਹਾਂ ਲਈ ਸਾਰਾ ਸਮਾਨ ਸਵੈਟਰ, ਜੁਰਾਬ, ਟੋਪੀ ਆਦਿ ਬੇਬੀ ਉਨ ਨਾਲ ਹੀ ਬਣਾਉਣਾ ਚਾਹੀਦਾ ਹੈ। ਬੱਚਿਆਂ ਦੇ ਸਵੈਟਰ ਦੇ ਮੋਢਿਆਂ ’ਤੇ ਕਿਸੇ ਤਰ੍ਹਾਂ ਦਾ ਬਟਨ ਆਦਿ ਨਾ ਲਗਾ ਕੇ ਰਿਬਨ ਹੀ ਬੰਨ੍ਹੋ, ਕਿਉਂਕਿ ਬਟਨ ਬੱਚਿਆਂ ਦੇ ਸਰੀਰ ਵਿਚ ਚੁਭ ਸਕਦੇ ਹਨ। ਬਿਹਤਰ ਇਹੀ ਹੁੰਦਾ ਹੈ ਕਿ ਪੱਟੀ ਵਾਲਾ ਗਲਾ ਹੀ ਬਣਾਇਆ ਜਾਵੇ। ਬੱਚਿਆਂ ਦੇ ਸਵੈਟਰ ਬੋਨਟ ਜਾਂ ਬੂਟੀਸ ਵਿਚ ਉੱਨ ਦੀ ਡੋਰੀ ਬਣਾ ਕੇ ਨਹੀਂ ਪਾਉਣੀ ਚਾਹੀਦੀ ਅਤੇ ਨਾ ਹੀ ਗੋਲਾ ਲਗਾਉਣਾ ਚਾਹੀਦਾ ਹੈ ਕਿਉਂਕਿ ਬੱਚੇ ਇਸ ਨੂੰ ਮੂੰਹ ਵਿਚ ਪਾ ਕੇ ਚੂਸਣ ਲਗਦੇ ਹਨ, ਜਿਸ ਨਾਲ ਉਨ ਮੂੰਹ ਵਿਚ ਜਾ ਕੇ ਫਸ ਸਕਦੀ ਹੈ। ਸਵੈਟਰ ਹਮੇਸ਼ਾ ਚੰਗੇ ਤਰਲ ਡਿਟਰਜੈਂਟ ਨਾਲ ਧੋਣੇ ਚਾਹੀਦੇ ਹਨ।