ਔਲਾਦ ਦਾ ਭਵਿੱਖ ਇੰਜ ਵੀ ਬਣਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕੁੱਝ ਦਿਨ ਪਹਿਲਾਂ ਮੈਨੂੰ ਅਪਣੇ ਇਕ ਜਮਾਤੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਵਿਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ

The future of the offspring is like this

ਕੁੱਝ ਦਿਨ ਪਹਿਲਾਂ ਮੈਨੂੰ ਅਪਣੇ ਇਕ ਜਮਾਤੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਵਿਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਉਹ ਬਜ਼ੁਰਗ 50 ਸਾਲ ਬਾਅਦ ਅਪਣੀ ਆਉਣ ਵਾਲੀ ਜ਼ਿੰਦਗੀ ਦਾ ਹਿਸਾਬ ਕਿਤਾਬ ਕਰ ਕੇ ਜ਼ਿੰਦਗੀ ਜਿਊਣ ਵਾਲਾ ਇਨਸਾਨ ਸੀ। ਮੇਰੇ ਜਮਾਤੀ ਦੇ ਛੇ ਭੈਣ ਭਰਾ ਹਨ। ਜਦੋਂ ਉਨ੍ਹਾਂ ਨੇ ਸੋਝੀ ਸੰਭਾਲੀ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਬਿਠਾ ਕੇ ਸਮਝਾਇਆ ਕਿ ''ਸਾਡੇ ਪ੍ਰਵਾਰ ਦੇ ਜ਼ਮੀਨ ਦੇ ਚਾਲੀ ਕਿੱਲੇ ਸਾਡੇ ਛੇ ਭਰਾਵਾਂ ਤਕ ਪਹੁੰਚਦੇ-ਪਹੁੰਚਦੇ ਦਸ ਕਿੱਲੇ ਰਹਿ ਗਏ। ਹੁਣ ਤੁਹਾਡੇ ਤਕ ਪਹੁੰਚਦਿਆਂ ਇਹ ਡੇਢ-ਡੇਢ ਕਿੱਲਾ ਰਹਿ ਜਾਵੇਗਾ।

ਤੁਹਾਡੀ ਮਾਤਾ ਤੇ ਮੇਰੇ ਲਈ ਸਾਡਾ ਇਹ ਪਿੰਡ ਹੀ ਦੁਨੀਆਂ ਬਣੀ ਰਹੀ। ਨਾ ਅਸੀ ਚੰਗਾ ਪਾ ਕੇ ਵੇਖਿਆ ਤੇ ਨਾ ਹੀ ਚੰਗਾ ਹੰਢਾ ਕੇ ਵੇਖਿਆ। ਜਦੋਂ ਤੁਸੀ ਵੱਡੇ ਹੋਵੋਗੇ ਉਦੋਂ ਪ੍ਰਵਾਰ ਦੇ ਹਾਲਾਤ ਅੱਜ ਜਹੇ ਨਹੀਂ ਹੋਣਗੇ। ਮੇਰੀ ਤੁਹਾਨੂੰ ਇਹ ਇਕ ਨੇਕ ਸਲਾਹ ਹੈ ਕਿ ਵਰਤਮਾਨ ਤੋਂ ਹੀ ਅਪਣੇ ਚੰਗੇ ਭਵਿੱਖ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਉ।'' ਪਿਉ ਦੀ ਉਸ ਨਸੀਹਤ ਨੇ ਮੇਰੇ ਜਮਾਤੀ ਨੂੰ ਚੀਫ਼ ਇੰਜੀਨੀਅਰ ਬਣਾ ਦਿਤਾ ਤੇ ਹੁਣ ਉਹ ਸੇਵਾ ਮੁਕਤ ਹੈ। ਉਸ ਦਾ ਇਕ ਭਰਾ ਇਕ ਸਕੂਲ ਵਿਚ ਫ਼ਿਜ਼ਿਕਸ ਵਿਸ਼ੇ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।

ਦੂਜੇ ਦੋ ਭਰਾ ਵੀ ਚੰਗੇ ਅਹੁਦਿਆਂ ਉਤੇ ਲੱਗੇ ਹੋਏ ਹਨ। ਦੋਵੇਂ ਭੈਣਾਂ ਯੂਨੀਵਰਸਟੀ ਪੱਧਰ ਦੀ ਪੜ੍ਹਾਈ ਕਰ ਕੇ ਵਿਦੇਸ਼ਾਂ ਵਿਚ ਰਹਿ ਰਹੀਆਂ ਹਨ। ਅਪਣੇ ਪਿਉ ਦੇ ਭੋਗ ਉਤੇ ਇਕੱਠੇ ਹੋਏ ਸਾਰੇ ਭੈਣ ਭਰਾ ਅਪਣੇ ਆਪ ਨੂੰ ਸੁਭਾਗੇ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਮੂੰਹੋਂ ਇਹੋ ਸ਼ਬਦ ਨਿਕਲ ਰਹੇ ਸਨ ਕਿ ਹਰ ਬੱਚੇ ਨੂੰ ਇਹੋ ਜਹੇ ਮਾਂ-ਬਾਪ ਮਿਲਣੇ ਚਾਹੀਦੇ ਹਨ। ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਚਾਚਿਆਂ-ਤਾਇਆਂ ਦੇ ਬੱਚੇ ਵੀ ਪੜ੍ਹ ਲਿਖ ਗਏ। 

ਕੁੱਝ ਦਿਨ ਪਹਿਲਾਂ ਮੇਰੇ ਇਕ ਜਾਣਕਾਰ ਪ੍ਰੋਫ਼ੈਸਰ ਸੱਜਣ ਮੈਨੂੰ ਇਕ ਵਿਆਹ ਵਿਚ ਮਿਲ ਪਏ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਇਹ ਸੋਚ ਕੇ ਬਹੁਤ ਹੈਰਾਨ ਹੁੰਦਾ ਹਾਂ ਕਿ ਅਜਕਲ ਬੱਚਿਆਂ ਦੇ ਮਾਪਿਆਂ ਨੂੰ ਇਹ ਵਿਸ਼ਵਾਸ ਹੀ ਨਹੀਂ ਕਿ ਉਹ ਵੱਡੇ ਹੋ ਕੇ ਅਪਣੀ ਰੋਟੀ ਰੋਜ਼ੀ ਵੀ ਕਮਾ ਲੈਣਗੇ। ਉਹ ਉਨ੍ਹਾਂ ਦੇ ਨਾਂ ਐਫ਼ਡੀਜ਼ ਕਰਾਉਣ ਉਨ੍ਹਾਂ ਲਈ ਕਾਰਾਂ ਕੋਠੀਆਂ ਖ਼ਰੀਦਣ ਤੇ ਉਨ੍ਹਾਂ ਵਾਸਤੇ ਦੁਨੀਆਂ ਭਰ ਦੇ ਐਸ਼ੋ ਅਰਾਮ ਇਕੱਠੇ ਕਰਨ ਵਿਚ ਅਪਣੀ ਜ਼ਿੰਦਗੀ ਲੰਘਾ ਦਿੰਦੇ ਹਨ। ਉਹ ਨਾ ਚੰਗਾ ਖਾ ਕੇ ਵੇਖਦੇ ਹਨ ਤੇ ਨਾ ਹੀ ਹੰਢਾ ਕੇ। ਮੈਂ ਵੀ ਕਦੇ-ਕਦੇ ਇਹ ਸੋਚਦਾ ਹਾਂ ਕਿ ਅਸੀ ਅਪਣੇ ਬੱਚਿਆਂ ਨੂੰ ਉਮਰ ਭਰ ਵੱਡੇ ਹੀ ਨਹੀਂ ਹੋਣ ਦਿੰਦੇ।

ਅਸੀ ਉਨ੍ਹਾਂ ਦੇ ਮਨਾਂ ਵਿਚ ਇਹ ਗੱਲ ਬਿਠਾ ਦਿੰਦੇ ਹਾਂ ਕਿ ਉਹ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਜ਼ਿੰਦਗੀ ਗੁਜ਼ਾਰ ਹੀ ਨਹੀਂ ਸਕਦੇ। ਅਸੀ ਉਨ੍ਹਾਂ ਨੂੰ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਲੈਣ ਦੇ ਯੋਗ ਹੋਣ ਹੀ ਨਹੀਂ ਦਿੰਦੇ। ਸਾਡੇ ਇਕ ਰਿਸ਼ੇਤਦਾਰ ਦੀ ਇਕ ਕੁੜੀ ਨੇ ਅਪਣੇ ਇੰਜੀਨੀਅਰਿਗ ਕਾਲਜ ਵਿਚ ਟਾਪ ਕੀਤਾ। ਉਸ ਨੂੰ ਆਈ.ਟੀ ਸੈਕਟਰ ਦੀ ਇਕ ਕੰਪਨੀ ਨੇ ਕਾਲਜ ਵਿਚੋਂ ਹੀ ਨੌਕਰੀ ਲਈ ਚੁਣ ਲਿਆ। ਉਸ ਕੁੜੀ ਨੇ ਪੂਣੇ ਸ਼ਹਿਰ ਦੇ ਇਕ ਦਫ਼ਤਰ ਵਿਚ ਜਾ ਕੇ ਹਾਜ਼ਰ ਹੋਣਾ ਸੀ। ਉਸ ਦਾ ਦੂਰ ਦਾ ਸਟੇਸ਼ਨ ਵੇਖ ਕੇ ਉਸ ਦੇ ਮਾਂ-ਬਾਪ ਉਸ ਨੂੰ ਕਹਿਣ ਲੱਗੇ, ''ਧੀਏ ਆਪਾਂ ਤੈਨੂੰ ਏਨੀ ਦੂਰ ਨਹੀਂ ਭੇਜਣਾ।

ਤੂੰ ਧੀ ਧਨ ਹੈਂ। ਕੱਲ੍ਹ ਨੂੰ ਅਪਣੇ ਸਹੁਰੀਂ ਜਾ ਕੇ ਨੌਕਰੀ ਕਰ ਲਵੀਂ।'' ਉਸ ਹੋਣਹਾਰ ਬਾਲੜੀ ਨੇ ਅਪਣੇ ਮਾਪਿਆਂ ਨੂੰ ਕਿਹਾ, ''ਭਰਾਵਾਂ ਨੂੰ ਤੁਸੀ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਭੇਜਣ ਲਈ ਅੱਡੀਆਂ ਤਕ ਜ਼ੋਰ ਲਗਾਇਆ ਹੋਇਆ ਹੈ। ਉਨ੍ਹਾਂ ਤੋਂ ਆਈਲੈਟਸ ਦਾ ਟੈਸਟ ਤਕ ਪਾਸ ਨਹੀਂ ਹੋ ਸਕਿਆ। ਮੈਨੂੰ ਤੁਸੀ ਪੂਣੇ ਵੀ ਭੇਜਣ ਲਈ ਤਿਆਰ ਨਹੀਂ। ਜੇਕਰ ਤੁਸੀ ਮੈਥੋਂ ਨੌਕਰੀ ਨਹੀਂ ਕਰਵਾਉਣੀ ਸੀ ਤਾਂ ਮੈਨੂੰ ਪੜ੍ਹਾਉਣ ਦੀ ਵੀ ਕੀ ਲੋੜ ਸੀ?'' ਉਸ ਦੀਆਂ ਗੱਲਾਂ ਸੁਣ ਕੇ ਉਸ ਦੇ ਮਾਪੇ ਉਸ ਨੂੰ ਪੂਣੇ ਭੇਜਣ ਲਈ ਤਿਆਰ ਹੋ ਗਏ।

ਉਸ ਦੇ ਪਿਤਾ ਉਸ ਨੂੰ ਪੂਣੇ ਛੱਡਣ ਲਈ ਉਸ ਨਾਲ ਜਾਣਾ ਚਾਹੁੰਦੇ ਸਨ। ਉਸ ਨੇ ਅਪਣੇ ਪਿਤਾ ਨੂੰ ਕਿਹਾ, ''ਪਾਪਾ ਹੁਣ ਤੁਹਾਡੀ ਧੀ ਵੱਡੀ ਹੋ ਚੁਕੀ ਹੈ। ਉਸ ਨੂੰ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਲੈਣ ਦਿਉ। ਮੇਰੀ ਪੜ੍ਹਾਈ ਨੇ ਮੈਨੂੰ ਚੰਗੇ ਮਾੜੇ ਵਿਚ ਫ਼ਰਕ ਕਰਨਾ ਸਿਖਾ ਦਿਤਾ ਹੈ। ਮੈਂ ਯੂਨੀਵਰਸਟੀ ਵਿਚ ਪੰਜ ਸਾਲ ਪੜ੍ਹਦੀ ਰਹੀ ਹਾਂ। ਉਦੋਂ ਕਿਹੜਾ ਤੁਸੀ ਮੇਰੇ ਨਾਲ ਰਹਿੰਦੇ ਸੀ। ਮੈਂ ਉਥੇ ਕੀ ਕਰਦੀ ਰਹੀ ਇਸ ਬਾਰੇ ਤੁਹਾਨੂੰ ਕੀ ਪਤਾ ਹੈ?'' ਉਸ ਦੇ ਪਿਉ ਨੂੰ ਉਸ ਦੀ ਸੋਚ ਨਾਲ ਸਹਿਮਤ ਹੋਣਾ ਹੀ ਪਿਆ। ਉਹ ਇਕੱਲੀ ਹੀ ਪੂਣੇ ਨੂੰ ਤੁਰ ਗਈ। ਅੱਜ ਉਹ ਇਕੱਲੀ ਹੀ ਦੁਨੀਆਂ ਦੇ ਦਸ ਮੁਲਕਾਂ ਵਿਚ ਘੁੰਮ ਆਈ ਹੈ।

ਉਸ ਨੇ ਅਪਣੇ ਮਾਪਿਆਂ ਨੂੰ ਕਿਹਾ ਹੋਇਆ ਸੀ ਕਿ ਪਾਲਿਆ ਪੜ੍ਹਇਆ ਤੁਸੀ ਹੈ। ਮੇਰੇ ਵਿਆਹ ਲਈ ਮੁੰਡਾ ਵੀ ਤੁਸੀ ਅਪਣੀ ਹੀ ਮਰਜ਼ੀ ਦਾ ਲੱਭਣਾ ਹੈ। ਹੁਣ ਉਸ ਕੁੜੀ ਲਈ ਰਿਸ਼ਤਿਆਂ ਦੀ ਲੰਮੀ ਕਤਾਰ ਲੱਗੀ ਹੋਈ ਹੈ। ਇਸੇ ਤਰ੍ਹਾਂ ਕਈ ਪ੍ਰਵਾਰਾਂ ਵਿਚ ਮਾਵਾਂ ਅਪਣੀਆਂ ਧੀਆਂ ਵਿਆਹੁਣ ਤੋਂ ਬਾਅਦ ਵੀ ਉਨ੍ਹਾਂ ਦੇ ਸਹੁਰੇ ਪ੍ਰਵਾਰ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਨਹੀਂ ਟਲਦੀਆਂ ਜਿਸ ਨਾਲ ਦੋਹਾਂ ਪ੍ਰਵਾਰਾਂ ਵਿਚ ਤਰੇੜਾਂ ਆਉਣ ਲਗਦੀਆਂ ਹਨ। ਸਾਡੀ ਬਹੁਤ ਨੇੜੇ ਦੀ ਰਿਸ਼ਤੇਦਾਰੀ ਦੀ ਇਕ ਕੁੜੀ ਇਕ ਅਜਿਹੇ ਪ੍ਰਵਾਰ ਵਿਚ ਵਿਆਹੀ ਗਈ ਜਿਸ ਵਿਚ ਮੁੰਡਾ ਕਾਫ਼ੀ ਚੰਗੀ ਨੌਕਰੀ ਉਤੇ ਲਗਿਆ ਹੋਇਆ ਸੀ।

ਮਾਪਿਆਂ ਦਾ ਇਕੋ ਇਕ ਮੁੰਡਾ ਹੋਣ ਕਰ ਕੇ ਉਸ ਦੇ ਮਾਪਿਆਂ ਦੀ ਦੇਖ ਰੇਖ ਤੇ ਸੇਵਾ ਉਸ ਉਤੇ ਹੀ ਨਿਰਭਰ ਸੀ। ਕੁੜੀ ਦੇ ਮਾਪਿਆਂ ਨੇ ਇਹ ਸੋਚਿਆ ਸੀ ਕਿ ਉਹ ਕੁੜੀ ਨੂੰ ਅਪਣੇ ਨਾਲ ਲੈ ਜਾਵੇਗਾ ਤੇ ਉਨ੍ਹਾਂ ਦੀ ਕੁੜੀ ਵੱਡੇ ਸ਼ਹਿਰ ਵਿਚ ਮੌਜਾਂ ਕਰੇਗੀ। ਪਰ ਹੋਇਆ ਉਨ੍ਹਾਂ ਦੀ ਸੋਚ ਤੋਂ ਬਿਲਕੁਲ ਉਲਟ। ਮੁੰਡੇ ਨੇ ਇਹ ਕਹਿ ਕੇ ਕਿ ਉਹ ਅਪਣੇ ਮਾਪਿਆਂ ਨੂੰ ਇਕੱਲਾ ਨਹੀਂ ਛੱਡ ਸਕਦਾ, ਕੁੜੀ ਨੂੰ ਅਪਣੇ ਨਾਲ ਲਿਜਾਣ ਤੋਂ ਕੋਰੀ ਨਾਂਹ ਕਰ ਦਿਤੀ। ਕੁੜੀ ਅਪਣਾ ਸਹੁਰਾ ਘਰ ਛੱਡ ਕੇ ਅਪਣੇ ਪੇਕੀਂ ਆ ਬੈਠੀ। ਜਦੋਂ ਮਾਂ ਨੇ ਉਸ ਨੂੰ ਆਉਣ ਦਾ ਕਾਰਨ ਪੁਛਿਆ ਤਾਂ ਮਾਂ ਨੇ ਉਸ ਨੂੰ ਆਖਿਆ, ''ਧੀਏ ਮੁੰਡਾ ਅਪਣੀ ਥਾਂ ਬਿਲਕੁਲ ਠੀਕ ਹੈ। ਜੇਕਰ ਤੂੰ ਅਪਣਾ ਭਲਾ ਚਾਹੁੰਦੀ ਏਂ ਤਾਂ ਚੁੱਪਚਾਪ ਅਪਣੇ ਸਹੁਰੇ ਘਰ ਚਲੀ ਜਾ।

ਤੇਰੇ ਕਰ ਕੇ ਮੁੰਡੇ ਨੇ ਅਪਣੇ ਮਾਪੇ ਇਕੱਲੇ ਥੋੜੇ ਛੱਡ ਦੇਣੇ ਨੇ?'' ਮਾਂ ਦੀ ਨਸੀਹਤ ਧੀ ਦੇ ਪੱਲੇ ਪੈ ਗਈ। ਉਹ ਅਪਣੇ ਸਹੁਰੇ ਘਰ ਮੁੜ ਗਈ। ਸਮਾਂ ਬੀਤਣ ਨਾਲ ਮੁੰਡਾ ਘਰਵਾਲੀ ਤੇ ਮਾਪਿਆਂ ਨੂੰੰ ਅਪਣੇ ਨਾਲ ਹੀ ਲੈ ਗਿਆ। ਕੁੜੀ ਅੱਜ ਅਪਣੇ ਸਹੁਰੇ ਘਰ ਸੁੱਖ ਮਾਣ ਰਹੀ ਹੈ। ਮੈਨੂੰ ਮੇਰੀ ਮਾਂ ਦੇ ਆਖੇ ਸ਼ਬਦ ਅਕਸਰ ਹੀ ਯਾਦ ਆਉਂਦੇ ਰਹਿੰਦੇ ਹਨ। ਉਸ ਦਾ ਕਹਿਣਾ ਸੀ ਕਿ ''ਬੱਚਿਆਂ ਨਾਲ ਖਾਣ ਦਾ ਲਾਡ, ਪਹਿਨਾਉਣ ਦਾ ਲਾਡ ਕਰਨਾ ਚਾਹੀਦਾ ਹੈ।

ਪਰ ਜਦੋਂ ਉਨ੍ਹਾਂ ਦੇ ਚੰਗੇ ਭਵਿੱਖ ਬਾਰੇ ਫ਼ੈਸਲਾ ਲੈਣ ਦੀ ਨੌਬਤ ਆ ਜਾਵੇ ਤਾਂ ਲਾਡ ਦੀ ਬੁੱਕਲ ਲਾਹ ਦੇਣੀ ਚਾਹੀਦੀ ਹੈ।'' ਅਜਕਲ ਸਾਡੇ ਪ੍ਰਵਾਰਾਂ ਵਿਚ ਬੱਚਿਆਂ ਦੇ ਜ਼ਿੱਦ ਕਰਨ ਦਾ ਲਹਿਜਾ ਬਦਲ ਗਿਆ ਹੈ। ਜਦੋਂ ਉਨ੍ਹਾਂ ਦੀ ਕੋਈ ਜ਼ਿੱਦ ਨਹੀਂ ਪੂਰੀ ਹੁੰਦੀ ਤਾਂ ਉਹ ਅਪਣਾ ਆਪਾ ਗਵਾ ਬੈਠਦੇ ਹਨ। ਉਨ੍ਹਾਂ ਦੇ ਸੁਭਾਅ ਵਿਚ ਭੱਦੀ ਕੁੜੱਤਣ ਆ ਜਾਂਦੀ ਹੈ। ਉਹ ਘਰੋਂ ਭੱਜ ਜਾਂਦੇ ਹਨ। ਕਈ ਖ਼ੁਦਕੁਸ਼ੀ ਕਰਨ ਦੀ ਧਮਕੀ ਤਕ ਦੇਣ ਲੱਗ ਪੈਂਦੇ ਹਨ। 

ਸੰਪਰਕ : 98726-27136, ਪ੍ਰਿੰਸੀਪਲ ਵਿਜੈ ਕੁਮਾਰ