ਭਾਰ ਵਧਾਉਣ ਦੇ ਸ਼ੌਕੀਨ ਕਰਨ ਸ਼ਕਰਕੰਦੀ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।

Benefits of Sweet Potato


ਸ਼ਕਰਕੰਦੀ ਖਾਣੀ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਇਸ ਦੀ ਵਰਤੋਂ ਲੋਕਾਂ ਵਲੋਂ ਉਬਾਲ ਕੇ, ਚਾਟ ਲਾ ਕੇ ਕੀਤੀ ਜਾਂਦੀ ਹੈ। ਸ਼ਕਰਕੰਦੀ ’ਚ ਫ਼ਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹਨ। ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।

 ਸ਼ੂਗਰ ’ਚ ਫ਼ਾਇਦੇਮੰਦ: ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਕਰੋ। ਇਸ ’ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਇਕਦਮ ਨਹੀਂ ਵਧਾਉਂਦੇ ਅਤੇ ਉਨ੍ਹਾਂ ਨੂੰ ਕੰਟਰੋਲ ’ਚ ਰਖਦੇ ਹਨ।

ਅਸਥਮਾ ਰੋਗੀ ਲਈ ਫ਼ਾਇਦੇਮੰਦ: ਨੱਕ, ਸਾਹ ਵਾਲੀ ਨਲੀ ਅਤੇ ਫੇਫੜਿਆਂ ’ਚ ਕਫ਼ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਰੋਜ਼ 1 ਸ਼ਕਰਕੰਦੀ ਉਬਾਲ ਕੇ ਖਾਣ ਨਾਲ ਕਫ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਅਸਥਮਾ ਰੋਗੀ ਨੂੰ ਆਰਾਮ ਮਿਲਦਾ ਹੈ।

ਭਾਰ ਵਧਾਉਣ ’ਚ ਮਦਦਗਾਰ: ਇਸ ’ਚ ਬਹੁਤ ਜ਼ਿਆਦਾ ਮਾਤਰਾ ’ਚ ਸਟਾਰਚ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਵਧਾਉਣ ’ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਮੌਜੂਦ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਜ਼ਨ ਵਧਾਉਣ ’ਚ ਵੀ ਸਹਾਈ ਹੁੰਦੇ ਹਨ।

ਦਿਲ ਦੀਆਂ ਬੀਮਾਰੀਆਂ ਤੋਂ ਬਚਾਅ: ਸ਼ਕਰਕੰਦੀ ਖਾਣ ਨਾਲ ਸਰੀਰ ਦਾ ਕੋਲੈਸਟ੍ਰੋਲ ਪੱਧਰ ਸੰਤੁਲਿਤ ਰਹਿੰਦਾ ਹੈ। ਅਪਣੇ ਖਾਣੇ ’ਚ ਰੋਜ਼ਾਨਾ 1 ਸ਼ਕਰਕੰਦੀ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ’ਚ ਕਾਪਰ, ਵਿਟਾਮਿਨ-ਬੀ 6 ਹੁੰਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਸ਼ਕਰਕੰਦੀ ਦੀ ਵਰਤੋਂ ਕਰਨ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।

ਅੱਖਾਂ ਦੀ ਰੌਸ਼ਨੀ: ਲਗਾਤਾਰ ਕੰਪਿਊਟਰ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਬੱਚਿਆਂ, ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿਚ ਫ਼ਾਇਦੇਮੰਦ ਸਾਬਤ ਹੁੰਦੀ ਹੈ।