ਸਰਦੀਆਂ ਵਿਚ ਔਰਤਾਂ ਇਸ ਤਰ੍ਹਾਂ ਰੱਖਣ ਅਪਣੀ ਚਮੜੀ ਦਾ ਖ਼ਿਆਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਐਲੋਵੇਰਾ ਦੇ ਪੱਤਿਆਂ ਅੰਦਰ ਮੌਜੂਦ ਕਿੱਲ ਮੁਹਾਸੇ ਅਤੇ ਝੁਰੜੀਆਂ ਨੂੰ ਦੂਰ ਕਰ ਕੇ ਚਮੜੀ ਵਿਚ ਕਸਾਅ ਲਿਆਉਂਦਾ ਹੈ।

skin

ਮੁਹਾਲੀ: ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਅਪਣੀ ਨਮੀ ਖੋਹਣ ਲਗਦੀ ਹੈ ਜਿਸ ਕਾਰਨ ਖ਼ੁਸ਼ਕੀ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸ ਦਾ ਅਸਰ ਸਿਰਫ਼ ਚਮੜੀ 'ਤੇ ਹੀ ਨਹੀਂ ਬਲਕਿ ਬੁੱਲ੍ਹਾਂ ਅਤੇ ਸਰੀਰ ਦੇ ਦੂਸਰੇ ਹਿੱਸਿਆਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਵੈਸੇ ਤਾਂ ਇਸ ਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰਤ ਬਾਅਦ ਪੂਰੇ ਸਰੀਰ ਨੂੰ ਚੰਗੀ ਤਰ੍ਹਾਂ ਮੋਸਚਰਾਈਜ਼ਡ ਰੱਖਣ ਦੇ ਨਾਲ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਬੇਹੱਦ ਫ਼ਾਇਦੇਮੰਦ ਰਹੇਗਾ।

ਐਲੋਵੇਰਾ ਜੈੱਲ ਨੂੰ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਚਮੜੀ ਨੂੰ ਸਿਹਤਯਾਬ ਰੱਖਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ  ਅੰਦਰ ਮੌਜੂਦ ਕਿੱਲ ਮੁਹਾਸੇ ਅਤੇ ਝੁਰੜੀਆਂ ਨੂੰ ਦੂਰ ਕਰ ਕੇ ਚਮੜੀ ਵਿਚ ਕਸਾਅ ਲਿਆਉਂਦਾ ਹੈ। ਜੇਕਰ ਤੁਸੀਂ ਲੰਮੇ ਸਮੇਂ ਤਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰੋਡਕਟ ਹੋਰ ਨਹੀਂ ਹੋ ਸਕਦਾ।

ਕੱਚਾ ਦੁੱਧ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰ ਕੇ ਉਸ ਦੀ ਰੰਗਤ ਵਿਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ ਵਿਚ ਖੁਸ਼ਕ ਚਮੜੀ ਦੀ ਪ੍ਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸ ਲਈ ਬਸ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸ ਨੂੰ ਚਿਹਰੇ 'ਤੇ ਲਗਾ ਕੇ ਕੁੱਝ ਦੇਰ ਮਸਾਜ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਉ। ਦੂਸਰਾ ਤਰੀਕਾ ਹੈ ਕੱਚੇ ਦੁੱਧ ਵਿਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਸਾਜ ਕਰੋ।

ਸਰਦੀਆਂ ਵਿਚ ਜ਼ਿਆਦਾਤਰ ਘਰਾਂ ਵਿਚ ਨਾਰੀਅਲ ਤੇਲ ਨੂੰ ਹੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਨੂੰ ਸਰੀਰ 'ਤੇ ਲਗਾਉਣ ਨਾਲ ਹੀ ਚਿਹਰੇ ਦੀ ਵੀ ਮਸਾਜ ਕਰੋ। ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਾਉ ਅਤੇ ਰਾਤ ਭਰ ਉਸ ਨੂੰ ਲੱਗਾ ਰਹਿਣ ਦਿਉ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਉ।

 ਸਰਦੀਆਂ ਵਿਚ ਚਮੜੀ ਲਈ ਸ਼ਹਿਦ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ ਵਿਚ ਦੁੱਧ ਤੋਂ ਲੈ ਕੇ ਪਪੀਤਾ, ਹਲਦੀ ਜਿਹੀਆਂ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਾਰੇ ਨੈਚੁਰਲ ਹਨ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਖ਼ਤਰਾ ਨਹੀਂ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਉ ਅਤੇ ਇਸ ਨੂੰ ਚਿਹਰੇ 'ਤੇ ਲਗਾ ਕੇ 10-15 ਮਿੰਟ ਰੱਖੋ।