ਸ਼ਾਂਤ, ਸੰਤੁਸ਼ਟ ਅਤੇ ਸ਼ਾਨਾਂਮੱਤਾ ਸਭਿਆਚਾਰ ਸਾਂਝਾ ਚੁੱਲ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਜੋਕੇ ਸਮੇਂ ਦੀ ਪੀੜ੍ਹੀ ਲਈ ਇਹ ਪ੍ਰੰਪਰਾ ਵੱਡਾ ਸਬਕ ਹੋ ਸਕਦੀ ਸੀ| ਪਰ ਇਸ ਰੀਤ ਦੀ ਖੜੋਤ ਤੇ ਅਲੋਪ ਹੋਣ ਦਾ ਮੰਜ਼ਰ ਸਾਹਮਣੇ ਹੈ|

photo

 

ਪੰਜਾਬ ਦੀ ਜੀਵਨ ਸ਼ੈਲੀ ਵਿਚ ਸਭਿਆਚਾਰ ਦੀ ਅਮਿੱਟ ਛਾਪ ਹੈ ਜਿਸ ਦਾ ਚਾਨਣ ਰੋਜ਼-ਮਰਾ ਦੀ ਕਿਰਿਆ ਨੂੰ ਖ਼ੁਸ਼ੀਆਂ ਨਾਲ ਰਸ਼ਨਾਉਂਦਾ ਹੈ| ਇਸ ਦੀਆਂ ਮਿੱਥਾਂ, ਕਲਾ, ਰੀਤੀ-ਰਿਵਾਜ ਨਾਲ ਉਪਜੀ ਆਪਸੀ ਸਾਂਝ ਇਕ ਵਖਰੀ ਕਾਇਨਾਤ ਸਿਰਜਦੀ ਹੈ| ਸਾਂਝੇ ਕਾਰਜ, ਸਮਾਜਕ ਵਿਵਹਾਰ, ਖ਼ੁਸ਼ੀਆਂ ਗਮੀਆਂ ਦੀਆਂ ਰਸਮਾਂ ਅਤੇ ਮੋਹ ਦੀਆਂ ਤੰਦਾਂ ਨਾਲ ਬੱਝੇ ਸਾਂਝੇ ਚੁੱਲ੍ਹੇ ਗੁਰੂਆਂ ਦੀਆਂ ਬਖ਼ਸ਼ਿਸ਼ਾਂ ਹਨ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ| ਕੁਲ ਆਲਮ ਵਿਚ ਪੰਜਾਬ ਦੇ ਵਿਰਾਸਤੀ ਸਭਿਆਚਾਰ ਦੀ ਵਖਰੀ ਸ਼ਾਨ ਅਤੇ ਪਹਿਚਾਣ ਹੈ|

ਇਹ ਪ੍ਰਵਾਰ ਦੀਆਂ ਖ਼ੁਸ਼ੀਆਂ ਦਾ ਆਧਾਰ ਹੈ ਜਿਸ ਵਿਚ ਜੋੜ ਕੇ ਰੱਖਣ ਦੀ ਅਲੌਕਿਕ ਸ਼ਕਤੀ ਹੈ| ਔਰਤਾਂ ਪਿੰਡ ਦੇ ਟੋਭੇ ਵਿਚੋਂ ਚੀਕਣੀ ਮਿੱਟੀ ਨਾਲ ਇਕ ਪਾਸੇ ਚੁੱਲ੍ਹਾ ਤਿਆਰ ਕਰਦੀਆਂ ਸਨ| ਕਈ ਵਾਰ ਮਿੱਟੀ ਲਿਆਉਣ ਦਾ ਕੰਮ ਮਰਦਾਂ ਤੋਂ ਵੀ ਲਿਆ ਜਾਂਦਾ ਸੀ| ਢਾਂਚੇ ਦੀ ਮਜ਼ਬੂਤੀ ਲਈ ਇੱਟਾਂ, ਪੀਲੀ ਮਿੱਟੀ ਤੇ ਤੂੜੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ| ਚੁੱਲ੍ਹੇ ਦੇ ਨਾਲ ਹਾਰਾ, ਲੋਹ, ਚੁਰ, ਤੰਦੂਰ ਅਤੇ ਭੱਠੀ ਵੀ ਬਣਾਈ ਜਾਂਦੀ|

ਜੋ ਸਰਦੀਆਂ ਵਿਚ ਖੋਆ ਕੱਢਣ ਜਾਂ ਵਿਆਹ ਸ਼ਾਦੀਆਂ ਦੇ ਸਮੇਂ ਵਰਤਦੇ ਸਨ| ਅੱਜ ਵਾਂਗ ਕੰਮ ਕਰਦੇ ਹਾਲੀ ਪਾਲੀ (ਹਾਲੀ ਹਲਵਾਹਕ ਖੇਤਾਂ ਵਿਚ ਕੰਮ ਕਰਨ ਵਾਲੇ ਤੇ ਪਾਲੀ ਪਸ਼ੂ ਪਾਲਣ ਵਾਲੇ) ਅਪਣੇ ਨਾਲ ਰੋਟੀ ਦੇ ਡੱਬੇ ਚੁਕ ਕੇ ਨਹੀਂ ਲਿਆਉਂਦੇ ਸਨ, ਸਭ ਲਈ ਖਾਣਾ ਘਰ ਹੀ ਤਿਆਰ ਹੁੰਦਾ| ਹਾਰੇ ਵਿਚ ਮੱਠੀ ਅੱਗ ਨਾਲ ਕੜ੍ਹਦਾ ਦੁੱਧ, ਰਿਝਦੀ ਦਾਲ ਜਾਂ ਸਾਗ ਦੀ ਮਹਿਕ ਘਰ ਦੇ ਮਾਹੌਲ ਨੂੰ ਮਹਿਕਣ ਲਾ ਦਿੰਦੀ| ਚੁੱਲ੍ਹੇ ਦੀ ਵਰਤੋਂ ਥੋੜ੍ਹੀ ਦਾਲ ਰੋਟੀ ਬਣਾਉਣ ਲਈ ਕੀਤੀ ਜਾਂਦੀ| ਲੋਹ ਵੱਡੇ ਅਕਾਰ ਦਾ ਚੁਲ੍ਹਾ ਹੈ ਜਿਸ ਉਪਰ ਲੋਹੇ ਦੀ ਤਵੀ ਰੱਖ 10 ਤੋਂ15 ਰੋਟੀਆਂ ਇਕੋ ਸਮੇਂ ਬਣ ਸਕਦੀਆਂ ਹਨ| ਲੋਹ ਦੀ ਤੇਜ਼ ਅੱਗ ਲਈ ਹਰ-ਹਰ ਜਾਂ ਕਪਾਹ ਦੀਆਂ ਛਿਟੀਆਂ ਅਤੇ ਕਮਾਦ ਦੀ ਪੱਤੀ ਦੀ ਵਰਤੋਂ ਬਾਲਣ ਦੇ ਰੂਪ ਵਿਚ ਕਰਦੇ ਸਨ| ਸਰਦੀਆਂ ਵਿਚ ਚੁੱਲ੍ਹੇ ਦੀ ਅੱਗ ਮਾਣਨ ਦਾ ਨਜ਼ਾਰਾ ਬਿਜਲਈ ਹੀਟਰਾਂ ਨੂੰ ਫ਼ੇਲ੍ਹ ਕਰ ਦਿੰਦਾ|

  ਚੁੱਲ੍ਹੇ ਦੁਆਲੇ ਤਿੰਨ ਤੋਂ ਚਾਰ ਫ਼ੁੱਟ ਉਚਾ ਓਟਾ ਬਣਾਇਆ ਜਾਂਦਾ ਤਾਂ ਜੋ ਬਾਹਰੋਂ ਆਏ ਵਿਅਕਤੀ ਦੀ ਨਜ਼ਰ ਸੁਆਣੀਆਂ ਜਾਂ ਖਾਣੇ ਉਪਰ ਨਾ ਜਾਵੇ| ਚੌਂਤਰੇ ਦੀ ਕੰਧ ਵਿਚ ਆਲੇ ਬਣਾਏ ਜਾਂਦੇ ਸਨ ਜਿਸ ਵਿਚ ਸਜਾਵਟੀ ਜਾਂ ਨਿੱਕਾ ਮੋਟਾ ਸਮਾਨ ਸਾਂਭਿਆਂ ਜਾਂਦਾ ਸੀ| ਚੁੱਲ੍ਹੇ  ਦਿੱਖ ਲਈ ਆਂਢ-ਗੁਆਂਢ ਨਾਲੋਂ ਆਪਸ ਵਿਚ ਨਨਾਣੀ, ਭਰਜਾਈ, ਬਾਲੜੀਆਂ ਤੇ ਮਾਈਆਂ ਦਾ ਮੁਕਾਬਲਾ ਨਿਰੰਤਰ ਚਲਦਾ ਰਹਿੰਦਾ ਜਿਸ ਨੂੰ ਸਜਾਉਣ ਵਿਚ ਪੂਰੀ ਵਾਹ ਲਗਾ ਦਿੰਦੀਆਂ ਸਨ| ਵਿਹੜੇ ਤੇ ਚੌਤਰੇ ਵਿਚ ਪੀਲੀ ਮਿੱਟੀ ਦਾ ਪੋਚਾ ਪੱਕੇ ਫ਼ਰਸ਼ ਨੂੰ ਮਾਤ ਪਾਉਂਦਾ| ਓਟੇ ਅਤੇ ਭਾਂਡੇ ਰੱਖਣ ਵਾਲੇ ਚੌਕੇ ਨੂੰ ਵਿਰਾਸਤੀ ਹੱਥੀਂ ਕੀਤੀ ਚਿੱਤਰਕਾਰੀ ਨਾਲ ਸਜਾਇਆ ਜਾਂਦਾ ਸੀ| ਕੰਧਾਂ ਉਪਰ ਪਾਂਡੂ ਫੇਰਨ ਪਿਛੋਂ ਫੁੱਲ ਬੂਟੇ, ਤਾਰੇ, ਚਿੜੀਆਂ, ਕਬੂਤਰ, ਮੋਰ, ਘੋੜੇ ਆਦਿ ਬਣਾ ਕੇ ਸਜਾਉਂਦੇ ਸਨ ਜਿਸ ਲਈ ਨੀਲੀ, ਪੀਲੀ ਗਾਚਣੀ, ਲਾਲ, ਹਰਾ ਤੇ ਗੁਲਾਨਾਰੀ ਰੰਗ ਦੀ ਵਧੇਰੇ ਵਰਤੋਂ ਹੁੰਦੀ| ਚੌਕੇ ਵਿਚ ਪਏ ਕਾਂਸੀ, ਤਾਂਬੇ, ਸਟੀਲ, ਪਿੱਤਲ ਥਾਲ, ਕੰਗਣੀ ਵਾਲੇ ਗਲਾਸ , ਛੰਨੇ, ਬਾਟੀਆਂ ਤੇ ਪਤੀਲੇ ਵਰਗੇ ਭਾਂਡਿਆਂ ਦੀ ਪੈਂਦੀ ਸੋਨੇ ਚਾਂਦੀ ਵਰਗੀ ਚਮਕ ਚੌਕੇ ਦੀ ਸ਼ੋਭਾ ਨੂੰ ਹੋਰ ਵਧਾ ਦਿੰਦੀ| ਦੁੱਧ ਕਾੜ੍ਹਨ ਵਾਲੇ ਹਾਰੇ ਨੂੰ ਜ਼ਿਆਦਾਤਰ ਖਿੜਕੀ ਲਗਾ ਕੇ ਰਖਦੇ ਸਨ ਤਾਂ ਜੋ ਜਾਨਵਰਾਂ ਤੋਂ ਬਚਾਅ ਹੋ ਜਾਵੇ ਤੇ ਕੰਮ ਬਿਨਾਂ ਡਰ ਤੋਂ ਕਰ ਸਕਣ| ਤਿਉਹਾਰਾਂ ਦੇ ਦਿਨਾਂ ਵਿਚ ਔਰਤਾਂ ਚੁੱਲ੍ਹੇ-ਚੌਕੇ ਦੀ ਸਜਾਵਟ ਦਾ ਖ਼ਾਸ ਧਿਆਨ ਰਖਦੀਆਂ ਸਨ|

ਸੁੱਚਮ ਰਖਦੇ ਹੋਏ ਬੱਚਿਆਂ ਨੂੰ ਖਾਣਾ ਚੌਂਤਰੇ ਤੋਂ ਬਾਹਰ ਪਰੋਸਿਆ ਜਾਂਦਾ ਹੈ ਪਰ ਜਵਾਈ ਜਾਂ ਮਹਿਮਾਨਾਂ ਦੀ ਆਮਦ ਤੇ ਪਹਿਲਾਂ ਖਾਣਾ ਉਨ੍ਹਾਂ ਨੂੰ ਪਰੋਸਦੇ ਸਨ| ਉਂਜ ਜ਼ਿਆਦਾਤਰ ਚੌਂਕੇ ਵਿਚੋਂ ਪਹਿਲਾ ਖਾਣਾ ਵੱਡੇ ਬਜ਼ੁਰਗਾਂ ਨੂੰ ਦਿੰਦੇ ਸਨ| ਤਿਉਹਾਰਾਂ ਦੇ ਸਮੇਂ ਚੁੱਲ੍ਹੇ-ਚੌਂਕੇ ਦੀ ਰੌਣਕ ਦੁਗਣੀ ਹੋ ਜਾਂਦੀ ਹੈ| ਉਸ ਸਮੇਂ ਖੋਏ ਦੀ ਬਰਫ਼ੀ, ਚੌਲਾਂ ਦੀਆਂ ਪਿੰਨੀਆਂ, ਪਕੌੜੇ ਅਤੇ ਲੱਡੂ ਘਰ ਹੀ ਬਣਾਉਂਦੇ ਸਨ| ਚੁੱਲ੍ਹੇ ਕੋਲੋਂ ਉਠਦੀਆਂ ਸ਼ੁਗੰਧਾਂ ਨਾਲ ਘਰ ਦਾ ਚਾਰ ਚੁਫੇਰੇ ਸਵਾਦਲਾ ਹੋ ਜਾਂਦਾ ਹੈ। ਸਾਂਝੇ ਪ੍ਰਵਾਰ ਦੀ ਪਵਿੱਤਰ ਰੀਤ ਜਿਥੇ ਕੁਨਬੇ ਨੂੰ ਸੰਯੁਕਤ ਰਖਦੀ ਉਥੇ ਹੀ ਬੱਚਿਆਂ ਨੂੰ ਸੰਸਕਾਰੀ ਸਿਖਿਆ ਵੀ ਆਪ ਮੁਹਾਰੇ ਪ੍ਰਾਪਤ ਹੋ ਜਾਂਦੀ ਸੀ| ਪਿਆਰ ਨਾਲ ਰਹਿਣਾ, ਵੰਡ ਕੇ ਖਾਣਾ, ਮਿਲ ਕੇ ਖੇਡਣਾ ਵਰਗੀਆਂ ਸਾਧਾਰਣ ਗੱਲਾਂ ਨੂੰ ਦਸਣ ਦੀ ਲੋੜ ਨਹੀਂ ਪੈਂਦੀ| ਇਹ ਸਭ ਕੁੱਝ ਘਰ ਦੇ ਵਰਤਾਰੇ ਨੂੰ ਦੇਖ ਹੀ ਸਿਖ ਜਾਂਦੇ | ਭਾਵੇਂ ਅੱਜ ਵਾਂਗ ਪੈਸੇ ਦੀ ਬਹੁਤਾਂਤ ਨਹੀਂ ਸੀ ਪਰ ਖ਼ੁਸ਼ੀਆਂ ਜ਼ਰੂਰ ਬੇਹਿਸਾਬੀਆਂ ਸਨ|

ਅਜੋਕੇ ਸਮੇਂ ਦੀ ਪੀੜ੍ਹੀ ਲਈ ਇਹ ਪ੍ਰੰਪਰਾ ਵੱਡਾ ਸਬਕ ਹੋ ਸਕਦੀ ਸੀ| ਪਰ ਇਸ ਰੀਤ ਦੀ ਖੜੋਤ ਤੇ ਅਲੋਪ ਹੋਣ ਦਾ ਮੰਜ਼ਰ ਸਾਹਮਣੇ ਹੈ| ਬਾਕੀ ਕਸਰ ਨਵਯੁੱਗ ਦੀਆਂ ਕਾਢਾਂ ਨੇ ਪੂਰੀ ਕਰ ਦਿਤੀ| ਸਾਕ ਸਬੰਧੀਆਂ ਦੀ ਮਿਲਣੀ ਖ਼ੁਸ਼ੀ ਅਤੇ ਗ਼ਮੀ ਦੇ ਸਮਾਗਮਾਂ ਤਕ ਸਿਮਟ ਕੇ ਰਹਿ ਗਈ| ਅਸੀਂ ਸਭਿਆਚਾਰ ਦੇ ਨਾਲੋ ਨਾਲ ਸੰਸਕਾਰਾਂ ਤੋਂ ਵੀ ਪਾਸਾ ਵੱਟ ਗਏ| ਸਾਂਝੇ ਪ੍ਰਵਾਰ ਦੇ ਸਾਂਝੇ ਚੁੱਲ੍ਹੇ ਦਾ ਵਿਹੜਾ ਹਮੇਸ਼ਾ ਵਧਦਾ, ਫੁਲਦਾ ਤੇ ਖ਼ੁਸ਼ੀਆਂ ਬਿਖੇਰਦਾ ਨਜ਼ਰ ਆਵੇ|
- ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ| 78374-90309