Mere pind di Sath : ਮੇਰੇ ਪਿੰਡ ਦੀ ਸੱਥ
Mere pind di Sath : ਜਦੋਂ ਮਨੁੱਖੀ ਜੀਵ ਹੋਂਦ ਵਿਚ ਆਇਆ ਉਸ ਨੇ ਪਿੰਡਾਂ ਨੂੰ ਸੰਗਠਤ ਕਰ ਸਮਾਜ ਦੀ ਸਥਾਪਨਾ ਕੀਤੀ ਫਿਰ ਪਿੰਡਾਂ ਵਿਚ ਸੱਥਾਂ ਦਾ ਸਿਲਸਿਲਾ ਸ਼ੁਰੂ ਹੋਇਆ
Mere pind di Sath Article in punjabi : ਮੈਂ ਉਸ ਜ਼ਮਾਨੇ ਦੀ ਗੱਲ ਕਰਦਾ ਹਾਂ। ਉਸ ਸਮੇਂ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ, ਨਾ ਹੀ ਬਿਜਲੀ, ਪੱਖੇ, ਏਸੀ, ਕੂਲਰ, ਰੇਡੀਉ, ਟੈਲੀਵੀਜ਼ਨ, ਫ਼ਿਲਮਾਂ ਆਦਿ ਸਨ। ਸਾਡੇ ਪਿੰਡ ਦੇ ਲੋਕ ਪਿੱਪਲ ਤੇ ਬੋਹੜ ਦੀ ਛਾਂ ਹੇਠ ਜੋ ਥੜਾ ਬਣਿਆ ਹੁੰਦਾ ਸੀ ਬੈਠ ਕੇ ਖੁੰਡ ਚਰਚਾ ਕਰਦੇ ਸਨ। ਤਾਸ਼ ਖੇਡਦੇ ਮਨੋਰੰਜਨ ਕਰਦੇ ਸਨ ਤੇ ਇਕ ਦੂਜੇ ਨੂੰ ਹੱਸਾਂ ਠੱਠਾ ਮਖੌਲ ਕਰਦੇ ਸਨ। ਪੂਰੀ ਦੁਨੀਆਂ ਦੀ ਰਾਜਨੀਤੀ ਉਸ ਥੜੇ ਸੱਥ ਤੋਂ ਮਿਲ ਜਾਂਦੀ ਸੀ। ਸੱਥ ਸਾਡੇ ਸਮਾਜ ਸਭਿਆਚਾਰ ਦਾ ਵਡਮੁੱਲਾ ਅਤੇ ਅਨਿੱਖੜਵਾਂ ਅੰਗ ਸੀ। ਜਦੋਂ ਕੋਈ ਘਰ ਦਾ ਮੈਂਬਰ ਨਾ ਮਿਲਣਾ ਉਹ ਸੱਥ ਵਿਚ ਮਿਲ ਜਾਂਦਾ ਸੀ।
ਜਦੋਂ ਮਨੁੱਖੀ ਜੀਵ ਹੋਂਦ ਵਿਚ ਆਇਆ ਉਸ ਨੇ ਪਿੰਡਾਂ ਨੂੰ ਸੰਗਠਤ ਕਰ ਸਮਾਜ ਦੀ ਸਥਾਪਨਾ ਕੀਤੀ ਫਿਰ ਪਿੰਡਾਂ ਵਿਚ ਸੱਥਾਂ ਦਾ ਸਿਲਸਿਲਾ ਸ਼ੁਰੂ ਹੋਇਆ। ਲੋਕ ਅਪਣਾ ਮਨੋਰੰਜਨ ਸੱਥ ਵਿਚ ਬੈਠ ਹੀ ਕਰਦੇ ਸੀ। ਫਿਰ ਬਿਜਲੀ ਆਈ ਇਸ ਤੋਂ ਬਾਅਦ ਸਿਰਫ਼ ਪੰਚਾਇਤੀ ਲਾਊਡ ਸਪੀਕਰ ਆਏ। ਜੋ ਰੇਡੀਉ ਦੇ ਮਾਧਿਅਮ ਰਾਹੀਂ ਵਜਦਾ ਸੀ। ਜੋ ਬੁੱਢੇ ਜਿਨ੍ਹਾਂ ਵਿਚ ਬੂਰ ਸਿੰਘ ਨੰਬਰਦਾਰ ਦਾ ਨਾਂ ਕਾਫ਼ੀ ਵਜਦਾ ਸੀ। ਕਿਸੇ ਮੰਡੇ ਕੁੜੀ ਦੀ ਜੁਅਰਤ ਨਹੀਂ ਸੀ ਸੱਥ ਕੋਲੋਂ ਕੋਈ ਨੰਗੇ ਸਿਰ ਲੰਘ ਜਾਵੇ। ਉਹ ਸਾਰੇ ਬਜ਼ੁਰਗ ਥੜੇ ਤੇ ਬੈਠ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਠੰਡੂ ਰਾਮ ਦਾ ਸੁਣਦੇ ਸੀ ਜਾਂ ਸੁਖਵੰਤ ਸਿੰਘ ਢਿੱਲੋਂ ਵਲੋਂ ਪੜ੍ਹੀਆਂ ਖ਼ਬਰਾਂ ਸੁਣਦੇ ਸੀ।
ਲੋਕ ਸੰਪਰਕ ਵਾਲੇ ਕਦੀ ਕਦੀ ਪ੍ਰਾਜੈਕਟਰ ਤੇ ਫ਼ਿਲਮ ਲਗਾ ਡੈਂਕੂਮੈਂਟਰੀ ਫ਼ਿਲਮ ਦਿਖਾਉਂਦੇ ਸੀ ਜਾਂ ਗੁਰਸ਼ਰਨ ਭਾਅ ਹੋਰਾਂ ਦੀ ਨਾਟਕ ਮੰਡਲੀ ਪਿੰਡਾਂ ਵਿਚ ਨਾਟਕ ਖੇਡਦੀ ਸੀ।
ਸਾਡੇ ਪਿੰਡ ਦਾ ਇਕ ਬੰਦਾ ਜੋ ਰੋਜ਼ਾਨਾ ਕੰਮ ਤੇ ਸ਼ਹਿਰ ਜਾਂਦਾ ਸੀ ਵਾਪਸੀ ਤੇ ਉਹ ਸਾਰੀਆਂ ਖ਼ਬਰਾਂ ਸ਼ਹਿਰ ਦੀਆਂ ਸੱਥ ਵਿਚ ਬੈਠੇ ਲੋਕਾਂ ਨੂੰ ਸੁਣਾਉਂਦਾ ਸੀ। ਐਸ ਪੀ ਤੋਂ ਘੱਟ ਗੱਲ ਨਹੀਂ ਸੀ ਕਰਦਾ। ਕਹਿਣਾ ਮੈਂ ਐਸ ਪੀ ਨੂੰ ਮਿਲ ਕੇ ਆਇਆ ਹਾਂ। ਲੋਕ ਉਸ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਤ ਹੁੰਦੇ ਸੀ। ਲੋਕਾਂ ਨੇ ਉਸ ਦਾ ਨਾਮ ਐਸ ਪੀ ਪਾ ਦਿਤਾ। ਇਕ ਵਾਰੀ ਦੀ ਗੱਲ ਹੈ ਮੈਂ ਤੇ ਐਸਪੀ ਅੰਮਿ੍ਰਤਸਰ ਤੋਂ ਬੱਸ ’ਤੇ ਬੈਠ ਗਏ। ਐਸ ਪੀ ਅਗਲੇ ਬੰਨੇ ਬੈਠ ਗਿਆ। ਕੰਡਕਟਰ ਨੇ ਟਿਕਟ ਮੰਗੀ, ਮੈਂ ਕਿਹਾ,‘‘ਅੱਗੇ ਐਸਪੀ ਸਾਹਿਬ ਲੈਣਗੇ।’’ ਕੰਡੈਕਟਰ ਟਿਕਟਾਂ ਕੱਟ ਮੇਰੇ ਕੋਲ ਫਿਰ ਆ ਗਿਆ ਤੇ ਕਹਿਣ ਲੱਗਾ ਮੈਨੂੰ ਐਸਪੀ ਤੇ ਦਿਖਾ ਦੇ। ਮੈਂ ਅਗਲੀ ਸੀਟ ਵਲ ਇਸ਼ਾਰਾ ਕਰਦੇ ਕਿਹਾ ਉਹ ਬੈਠਾ ਹੈ ਐਸ ਪੀ। ਕੰਡੈਕਟਰ ਕਹਿਣ ਲੱਗਾ ਇਹ ਐਸਪੀ ਹੈ? ਮੈਂ ਕਿਹਾ ਐਸ ਪੀ ਦਾ ਅਰਦਲੀ ਸਾਡੇ ਵਾਸਤੇ ਐਸਪੀ ਹੀ ਹੈ ਭਾਈ। ਕੰਡਕਟਰ ਨੇ ਨਾਂ ਮੇਰੀ ਟਿਕਟ ਕੱਟੀ ਨਾ ਹੀ ਐਸਪੀ ਦੀ। ਸ਼ਾਮੀ ਪਿੰਡ ਪੁੱਜੇ ਤੇ ਸੱਥ ਵਿਚ ਬੈਠੇ ਮੈਂਬਰ ਪਾਲ ਸਿੰਘ ਨੇ ਐਸਪੀ ਨੂੰ ਆਵਾਜ਼ ਮਾਰ ਲਈ। ਨਾਲ ਮੈਂ ਵੀ ਚਲਾ ਗਿਆ ਤੇ ਮੈਂ ਕਿਹਾ ਮੈਂਬਰੋ ਵਾਕਿਆ ਹੀ ਇਹ ਐਸ ਪੀ ਹੀ ਹੈ। ਇਸ ਦਾ ਨਾਂ ਲੈਣ ’ਤੇ ਕੰਡਕਟਰ ਨੇ ਸਾਡੀ ਟਿਕਟ ਵੀ ਨਹੀਂ ਕੱਟੀ। ਸਾਰੀ ਗੱਲ ਸੱਥ ਵਿਚ ਜਦੋਂ ਸੁਣਾਈ ਸਾਰੇ ਹੱਸ ਪਏ।
ਚੋਣਾਂ ਹੋ ਰਹੀਆਂ ਹਨ। ਹੁਣ ਮੈਂ ਟੈਲੀਵੀਜ਼ਨ ਤੇ ਕਿਸੇ ਪਿੰਡ ਦੀ ਸੱਥ ਵਿਚ ਬੈਠੇ ਬੰਦਿਆਂ ਨਾਲ ਪੱਤਰਕਾਰ ਦੀ ਹੋਈ ਸਿੱਧੀ ਗੱਲਬਾਤ ਸੁਣ ਰਿਹਾ ਸੀ। ਇਕ ਛੜਾ ਕਹਿ ਰਿਹਾ ਸੀ। ਸਾਨੂੰ ਛੜਿਆਂ ਨੂੰ ਵੀ ਜੋ ਪਾਰਟੀ ਚੋਣਾਂ ਜਿੱਤੇ ਪੈਨਸ਼ਨ ਦੇਣੀ ਚਾਹੀਦੀ ਹੈ।ਉਸ ਦੇ ਨਾਲ ਹੀ ਇਕ ਹੋਰ ਛੜਾ ਬੈਠਾ ਸੀ ਜਿਸ ਨੇ ਉਸ ਦੀ ਹਾਮੀ ਭਰੀ। ਪੱਤਰਕਾਰ ਨੇ ਉਸ ਨੂੰ ਪੁਛਿਆ ਤੂੰ ਵੀ ਛੜਾ ਹਂੈ? ਉਹ ਕਹਿੰਦਾ ਨਹੀ ਮੈਂ ਕਵਾਰਾ ਹਾਂ। ਪੱਤਰਕਾਰ ਕਹਿੰਦਾ ਕਿੰਨੀ ਉਮਰ ਹੈ? ਇਕ ਵੱਡੀ ਉਮਰ ਦੇ ਬੰਦੇ ਵਲ ਇਸ਼ਾਰਾ ਕਰ ਕਹਿੰਦਾ ਉਹਦੇ ਜਿੰਨੀ। ਸਾਰੇ ਸੱਥ ਵਿਚ ਬੈਠੇ ਬੰਦੇ ਹੱਸ ਪਏ। ਹੁਣ ਨਵੀਂ ਕਰਾਂਤੀ ਆਉਣ ਨਾਲ ਮਨੋਰੰਜਨ ਵਾਸਤੇ ਮੋਬਾਈਲ, ਇੰਟਰਨੈੱਟ ਆ ਗਏ ਹਨ। ਦੁਨੀਆਂ ਦੀ ਤੁਸੀ ਕੋਈ ਵੀ ਚੀਜ਼ ਗੂਗਲ, ਯੂ ਟਿਊਬ ਦੇ ਮਧਿਅਮ ਰਾਹੀਂ ਦੇਖ ਸਕਦੇ ਹੋ। ਹੁਣ ਨਾ ਹੀ ਦਰੱਖ਼ਤ ਤੇ ਨਾ ਹੀ ਦਰੱਖ਼ਤਾਂ ਥੱਲੇ ਬਹਿਣ ਵਾਲੀਆਂ ਸੱਥਾਂ ਵਾਲੇ ਲੋਕ। ਪਹਿਲਾਂ ਬੱਚੇ ਦੇਸੀ ਖੇਡਾਂ ਖੇਡ ਮਨੋਰੰਜਨ ਕਰ ਤੰਦਰੁਸਤ ਰਹਿੰਦੇ ਸੀ ਕੋਈ ਬੀਮਾਰੀ ਨੇੜੇ ਨਹੀਂ ਸੀ ਆਉਦੀ। ਨਵੀ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਰਾਹੀਂ ਜੋੜਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੁਲਿਸ। 9878600221