ਅੱਜ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਹੁੰਦੀ ਹੈ ਊਠਾਂ ਨਾਲ ਖੇਤੀ, ਲੋਕ ਸਾਂਭੀ ਬੈਠੇ ਨੇ ਆਪਣੇ ਪੁਰਖਿਆਂ ਦੀ ਵਿਰਾਸਤ
ਅੱਜ ਦੇ ਮਸ਼ੀਨੀ ਯੁੱਗ ਨੇ ਸਾਡੇ ਪੁਰਖਿਆਂ ਦੀ ਵਿਰਾਸਤ ’ਤੇ ਗਹਿਰੀ ਸੱਟ ਮਾਰੀ
ਫ਼ਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਜਿਵੇਂ ਹੀ ਸਾਡੇ ਸਮਾਜ ਅੰਦਰ ਮਸ਼ੀਨੀ ਯੁੱਗ ਨੇ ਅਪਣੇ ਪੈਰ ਪਸਾਰੇ ਤਾਂ ਸਾਨੂੰ ਸਾਡੀ ਵਿਰਾਸਤ, ਸਭਿਆਚਾਰ ਸਾਡੇ ਪਹਿਰਾਵੇ ਤੋਂ ਕੋਹਾਂ ਦੂਰ ਕਰ ਦਿਤਾ ਅਤੇ ਇਸ ਮਸ਼ੀਨੀ ਯੁੱਗ ਨੇ ਸਾਨੂੰ ਮਸ਼ੀਨਾਂ ਉਪਰ ਨਿਰਭਰ ਰਹਿਣ ਲਈ ਮਜਬੂਰ ਕਰ ਦਿਤਾ ਅਤੇ ਇਸ ਦੇ ਚਲਦੇ ਜਿਥੇ ਸਾਡੀ ਅੱਜ ਦੀ ਪੀੜ੍ਹੀ ਹੱਥੀਂ ਕਿਰਤ ਕਰਨ ਤੋਂ ਕਤਰਾਉਂਦੀ ਹੈ ਉਥੇ ਫ਼ਾਜ਼ਿਲਕਾ ਦੇ ਪਿੰਡ ਚੂਹੜੀਵਾਲਾ ਧੰਨਾ, ਨਿਹਾਲ ਖੇੜਾ ਜਿਥੋਂ ਦੇ ਬਜ਼ੁਰਗ ਅਤੇ ਕੁਝ ਨੌਜਵਾਨ ਮਸ਼ੀਨਾਂ ਯੁੱਗ ਤੋਂ ਦੂਰੀ ਬਣਾ ਕੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇ ਰਹੇ ਹਨ ਤੇ ਅਪਣੇ ਖੇਤਾਂ ਅੰਦਰ ਊਠਾਂ ਨਾਲ ਖੇਤੀ ਕਰ ਕੇ ਪੰਜਾਬ ਅੰਦਰ ਇਕ ਵਖਰੀ ਪਛਾਣ ਬਣਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਸੂਬੇ 'ਚ ਮਾਇਨਿੰਗ-ਪੰਜਾਬ ਅਤੇ ਹਰਿਆਣਾ ਹਾਈਕੋਰਟ
ਪੁਰਖਿਆਂ ਦੀ ਵਿਰਾਸਤ ਨੂੰ ਸੋਨੇ ਦੀਆਂ ਮੋਹਰਾਂ ਵਾਂਗ ਸਾਂਭ ਕੇ ਰਖਿਐ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਮਨ ਲਾਲ ਅਤੇ ਰਾਮ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੇ ਦਾਦੇ, ਪੜਦਾਦੇ ਵੀ ਊਠਾਂ ਨਾਲ ਖੇਤੀ ਕਰ ਕੇ ਚੰਗੀ ਪੈਦਾਵਾਰ ਕਰਦੇ ਸਨ ਤੇ ਉਨ੍ਹਾਂ ਨੇ ਅਪਣੀ ਪੀੜ੍ਹੀ ਦਰ ਪੀੜ੍ਹੀ ਊਠਾਂ ਨਾਲ ਖੇਤੀ ਕਰਨ ਦੀ ਵਿਰਾਸਤ ਨੂੰ ਅਪਣੀ ਅਗਲੀ ਪੀੜ੍ਹੀ ਦੀ ਝੋਲੀ ਪਾਈ ਤਾਂ ਉਨ੍ਹਾਂ ਦੇ ਪਿਤਾ ਨੇ ਵੀ ਇਹ ਵਿਰਾਸਤ ਉਨ੍ਹਾਂ ਦੀ ਝੋਲੀ ਪਾਈ ਤੇ ਉਹ ਵੀ ਕਈ ਸਾਲਾਂ ਤੋਂ ਊਂਠ ਨਾਲ ਖੇਤੀ ਕਰਦੇ ਹਨ ਅਤੇ ਅੱਗੇ ਅਪਣੀ ਪਿੜ੍ਹੀ ਨੂੰ ਵੀ ਊਠ ਨਾਲ ਖੇਤੀ ਕਰਨ ਲਈ ਪ੍ਰੇਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤ ਨੂੰ ਅਸੀਂ ਸੋਨੇ ਦੀਆਂ ਮੋਹਰਾਂ ਵਾਂਗ ਸਾਂਭ ਕੇ ਰਖਿਐ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਦੋ ਟਰੱਕਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਇਕ ਪੰਜਾਬੀ ਨੌਜਵਾਨ ਦੀ ਹੋਈ ਮੌਤ
ਡਾਕਟਰ ਤੋਂ ਬਿਨਾਂ ਕਿਵੇਂ ਹੁੰਦੈ ਊਠਾਂ ਦਾ ਇਲਾਜ
ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਦੇ ਇਲਾਕੇ ਅੰਦਰ ਊਠਾਂ ਦੇ ਡਾਕਟਰ ਨਹੀਂ ਹਨ ਤਾਂ ਉਹ ਊਂਠ ਦੇ ਲੱਛਣਾਂ ਨੂੰ ਵੇਖ ਕੇ ਉਸ ਦਾ ਇਲਾਜ ਅਪਣੇ ਘਰ ਵਿਚ ਹੀ ਕਰਦੇ ਹਨ। ਉਨ੍ਹਾਂ ਦਸਿਆ ਕਿ ਜਦੋਂ ਊਠ ਦੇ ਕੰਨ ਢਿੱਲੇ ਹੋ ਜਾਣ ਜਾਂ ਅੱਖਾਂ ’ਚ ਅਥਰੂ ਆ ਜਾਣ ਜਾਂ ਮੁੜ ਉਹ ਚਾਰਾ ਨਾ ਖਾਵੇ ਤਾਂ ਇਸ ਦਾ ਅਰਥ ਊਂਠ ਬੀਮਾਰ ਹੈ ਤੇ ਉਸ ਦਾ ਇਲਾਜ ਘਰ ਹੀ ਪੁਰਾਣੀਆਂ ਵਿਧੀਆਂ ਰਾਹੀਂ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਊਠ ਨੂੰ ਉਨ੍ਹਾਂ ਵਲੋਂ ਗੁਆਰੇ ਦਾ ਨੀਰਾ, ਪੱਠੇ, ਘਿਊ, ਗੂੜ, ਫਟਕੜੀ ਅਤੇ ਹੋਰ ਕਈ ਤਰ੍ਹਾਂ ਦੀ ਖ਼ੁਰਾਕ ਪਾਈ ਜਾਂਦੀ ਹੈ, ਨਾਲ ਹੀ ਉਨ੍ਹਾਂ ਦਸਿਆ ਕਿ ਜੇਕਰ ਊਠ ਨੂੰ ਚੰਗੀ ਖ਼ੁਰਾਕ ਪਾਈ ਜਾਵੇ ਤਾਂ ਉਸ ਦੀ ਉਮਰ ਵੀ ਵਧਦੀ ਹੈ।
ਊਠ ਨਾਲ ਖੇਤੀ ਕਰਨ ਵਾਲਾ ਵਿਅਕਤੀ ਬੀਮਾਰੀਆਂ ਤੋਂ ਮੁਕਤ ਰਹਿੰਦੈ
ਅੱਜ ਦੇ ਇਸ ਦੌਰ ਅੰਦਰ ਆਏ ਦਿਨ ਨਵੀਂਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਲਗਾਤਾਰ ਲੋਕ ਵੀ ਇਨ੍ਹਾਂ ਬੀਮਾਰੀਆਂ ਦੀ ਪਕੜ ਵਿਚ ਆ ਰਹੇ ਹਨ, ਇਸ ’ਤੇ ਰਾਮ ਪਾਲ ਨੇ ਦਸਿਆ ਕਿ ਜੋ ਲੋਕ ਊਠ ਨਾਲ ਖੇਤੀ ਕਰ ਕੇ ਅਪਣਾ ਪਸੀਨਾ ਵਹਾਉਂਦਾ ਹਨ, ਉਹ ਕਦੇ ਬੀਮਾਰੀ ਨਹੀਂ ਹੁੰਦੇ। ਉਨ੍ਹਾਂ ਦਸਿਆ ਕਿ ਵਿਅਕਤੀ ਦਾ ਸਰੀਰ ਨਰੋਆ, ਤੰਦਰੁਸਤ ਤੇ ਚਿਹਰਾ ਖਿੜਿਆ ਰਹਿੰਦਾ ਹੈ। ਬਜ਼ੁਰਗ ਨੇ ਦਸਿਆ ਕਿ ਉਸ ਦੀ ਉਮਰ 55 ਸਾਲ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਅਪਣੇ ਖੇਤ ਅੰਦਰ ਲਗਾਤਾਰ ਕੰਮ ਕਰਦਾ ਆ ਰਿਹਾ ਹੈ ਤੇ ਬੀਮਾਰੀ ਉਸ ਦੇ ਕਦੇ ਕਰੀਬ ਨਹੀਂ ਆਈ ਅਤੇ ਉਹ ਹਮੇਸ਼ਾਂ ਨਵਾਂ ਨਰੋਆ ਰਹਿੰਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਮਸ਼ੀਨੀ ਯੁਗ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਮਸ਼ੀਨਾਂ ’ਤੇ ਨਿਰਭਰ ਰਹਿਣ ਦੀ ਬਜਾਏ ਰੇਗਿਸਤਾਨ ਦੇ ਜਹਾਜ਼ ਕਹੇ ਜਾਣ ਵਾਲੇ ਊਠ ਅਤੇ ਬਲਦਾਂ ਨਾਲ ਖੇਤੀ ਕਰ ਕੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।