Punjabi Culture: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈਆਂ ਤੀਆਂ
ਹੁਣ ਤੀਆਂ ਗੁਜ਼ਰਾ ਜ਼ਮਾਨਾ ਬਣ ਕੇ ਰਹਿ ਗਈਆਂ ਹਨ
Punjabi Culture: ਆਏ ਦਿਨ ਇਥੇ ਕੋਈ ਨਾ ਕੋਈ ਤਿਉਹਾਰ, ਮੇਲੇ ਆਉਂਦੇ ਰਹਿੰਦੇ ਹਨ। ਪੰਜਾਬ ਦੇ ਸਭਿਆਚਾਰ ਵਿਚ ਸਾਉਣ ਮਹੀਨੇ ਦੀ ਬੜੀ ਵਿਸ਼ੇਸ਼ ਮਹੱਤਤਾ ਹੈ। ਤੀਆਂ ਦਾ ਤਿਉਹਾਰ ਵੀ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਸਾਰਾ ਮਹੀਨਾ ਚਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ ਜੋ ਪੁੰਨਿਆ ਨੂੰ ਖ਼ਤਮ ਹੋ ਜਾਂਦਾ ਹੈ। ਇਸ ਮਹੀਨੇ ਮਾਪੇ ਅਪਣੀਆਂ ਨਵ-ਵਿਆਹੀਆਂ ਧੀਆਂ ਵਾਸਤੇ ਸੰਧਾਰੇ ਦੇ ਰੂਪ ਵਿਚ ਭਾਜੀ, ਮੱਠੀਆ, ਬਿਸਕੁਟ ਤੇ ਹੋਰ ਮਠਿਆਈਆਂ ਆਦਿ ਲੈ ਕੇ ਜਾਂਦੇ ਹਨ। ਇਸ ਨਾਲ ਨਵ-ਵਿਆਹੀਆਂ ਕੁੜੀਆਂ ਨੂੰ ਵੀ ਸਹੁਰੇ ਘਰ ਬੈਠੀਆਂ ਨੂੰ ਪੇਕੇ ਜਾਣ ਲਈ ਅਪਣੀਆਂ ਸਾਥਣਾਂ ਨੂੰ ਵੀ ਮਿਲਣ ਦੀ ਤਾਂਘ ਹੁੰਦੀ ਹੈ।
ਹੁਣ ਤੀਆਂ ਗੁਜ਼ਰਾ ਜ਼ਮਾਨਾ ਬਣ ਕੇ ਰਹਿ ਗਈਆਂ ਹਨ। ਜਦੋਂ ਅਸੀਂ ਛੋਟੇ ਸੀ ਸਾਡੇ ਪਿੰਡ ਨਹਿਰ ਦੀ ਪੱਟੜੀ ’ਤੇ ਤੀਆਂ ਲਗਦੀਆਂ ਸਨ। ਕੁੜੀਆਂ ਵਿਆਹੀਆਂ ਸਾਰੀਆਂ ਨਵੇਂ ਕਪੜਿਆਂ ਨਾਲ ਸੱਜ ਧੱਜ ਮਹਿੰਦੀ ਲਾ ਕੇ ਨਵੀਆਂ ਨਵੀਆਂ ਰੰਗ ਬਿਰੰਗੀਆਂ ਚੂੜੀਆਂ ਪਾ ਕੇ ਨਹਿਰ ’ਤੇ ਇਕੱਠੀਆਂ ਹੋ ਇਕ ਦੂਸਰੇ ਨੂੰ ਗਲੇ ਲੱਗ ਮਿਲਦੀਆਂ ਸਨ। ਤੀਆਂ ਖੇਡਦੀਆਂ ਸਨ। ਕਿੱਕਲੀ ਪਾ ਕੇ ਗਿੱਧਾ ਪਾ ਨਚਦੀਆਂ ਸਨ। ਇਕ ਕੁੜੀ ਬੋਲੀ ਪਾਉਂਦੀ ਸੀ ਬਾਕੀ ਕੁੜੀਆਂ ਉਸ ਦੇ ਮਗਰੇ ਮਗਰ ਆਖ਼ਰੀ ਟੱਪੇ ਨੂੰ ਦੁਹਰਾਉਂਦੀਆਂ ਸਨ। ਕੁੜੀਆਂ ਵਾਪਸ ਘਰ ਜਾਂਦੀਆਂ ਰਸਤੇ ਵਿਚ ਚੌਕਾਂ ਵਿਚ ਰੁਕ ਰੁਕ ਕੇ ਗਿੱਧਾ ਪਾ ਨੱਚਦੀਆਂ ਹੋਈਆਂ ਖ਼ੁਸ਼ੀ ਖ਼ੁਸ਼ੀ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਸਨ। ਗੋਲ ਘੇਰਾ ਬਣਾ ਨੱਚਦੀਆਂ ਸਨ।
ਇਕ ਦੂਸਰੀ ਨਾਲ ਸਹੁਰਿਆਂ ਦੀਆਂ ਗੱਲਾਂ ਕਰ ਦੁੱਖ-ਸੁੱਖ ਫਰੋਲਦੀਆਂ ਸਨ। ਪਿੱਪਲੀ ਪੀਂਘਾਂ ਪਾ ਇਕ ਦੂਸਰੇ ਤੋਂ ਦੋਹਰੀ ਪੀਂਘ ਪਾ ਕੇ ਵੱਧ ਤੋਂ ਵੱਧ ਚੜ੍ਹਾਉਂਦੀਆਂ ਸਨ। ਜਿਹੜੀਆਂ ਔਰਤਾਂ ਨੇ ਤੀਆਂ ਦਾ ਅਨੰਦ ਮਾਣਿਆ ਹੈ ਉਨ੍ਹਾਂ ਵਿਚ ਫਿਰ ਤੀਆਂ ਤੇ ਜਾਣ ਦੀ ਤੀਬਰ ਇੱਛਾ ਜਾਗਦੀ ਹੈ। ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਸਾਉਣ ਦੇ ਮਹੀਨੇ ਤੀਆਂ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਹੁਣ ਲੋਕਾਂ ਵਿਚ ਉਹ ਪਿਆਰ ਦੀ ਖਿੱਚ ਹੁਣ ਨਾ ਹੋਣ ਕਾਰਨ ਤੀਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ। ਤੀਆਂ ਹੁਣ ਸਕੂਲ, ਕਾਲਜ ਦੀਆਂ ਸਟੇਜਾਂ ਤਕ ਕੁੱਝ ਘੰਟਿਆਂ ਤਕ ਸੀਮਤ ਮਹਿਮਾਨ ਬਣ ਕੇ ਰਹਿ ਗਈਆਂ ਹਨ ਜਿਸ ਵਿਚੋਂ ਪਛਮੀ ਸਭਿਅਤਾ ਦੀ ਝਲਕ ਨਜ਼ਰ ਆਉਂਦੀ ਹੈ। ਬਿਉਟੀ ਪਾਰਲਰ ਤੋਂ ਬਣਾਈ ਸੁੰਦਰਤਾ ਵਿਚੋਂ ਬਨਾਉਟੀ ਸੁੰਦਰਤਾ ਦੀ ਝਲਕ ਪੈਂਦੀ ਹੈ। ਪੁਰਾਣਾ ਸਭਿਆਚਾਰ, ਕਲਚਰ, ਪਹਿਰਾਵਾ, ਕੁਦਰਤੀ ਬਿਊਟੀ ਸੁੰਦਰਤਾ ਨਜ਼ਰ ਨਹੀਂ ਆਉਦੀ।
ਬਾਹਰੇ ਮੁਲਕਾਂ ਵਿਚ ਪੰਜਾਬੀਆਂ ਨੇ ਤੀਆਂ ਦੇ ਤਿਉਹਾਰ ਨੂੰ ਸਾਂਭ ਰਖਿਆ ਹੈ ਜੋ ਮੈਂ ਅਪਣੀ ਅੱਖੀਂ ਆਸਟ੍ਰੇਲੀਆ ਅਪਣੇ ਬੱਚਿਆਂ ਕੋਲ ਜਾ ਕੇ ਦੇਖਿਆ ਜੋ ਬੜੇ ਚਾਅ ਨਾਲ ਬੀਬੀਆਂ ਇਕੱਠੀਆਂ ਹੋ ਤੀਆਂ ਖੇਡ ਰਹੀਆਂ ਸਨ ਤੇ ਪੂੜੇ ਤੇ ਖੀਰ ਘਰੋਂ ਬਣਾ ਕੇ ਲਿਆਈਆਂ ਸਨ ਜੋ ਮੈਂ ਵੀ ਖੀਰ ਪੂੜੇ ਖਾਹ ਅਨੰਦ ਤੇ ਲੁਤਫ਼ ਉਠਾਇਆ ਸੀ। ਕੁੜੀਆਂ ਜਦੋਂ ਪੇਕੇ ਘਰੋਂ ਜਾਂਦੀਆਂ ਪੇਕੇ ਘਰ ਵਾਲੇ ਕੁੜੀਆਂ ਨੂੰ ਭਾਜੀ ਤੇ ਕਪੜੇ ਦੇ ਕੇ ਤੋਰਦੇ ਸੀ।
ਗਿੱਧਾ: ਤੀਆਂ ਮਨਾਉਣ ਲਈ ਕੁੜੀਆਂ ਖੁਲ੍ਹੇ ਮੈਦਾਨ ਵਿਚ ਗੀਤ ਗਾ, ਗਿੱਧਾ ਪਾ ਕੇ ਬੋਲੀ ਪਾ ਨੱਚਦੀਆਂ ਸਨ। ਇਸ ਮੇਲੇ ਵਿਚ ਪੀਂਘਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਸੀ।
ਸਾਉਣ ਦਾ ਮਹੀਨਾ, ਬਾਗ਼ਾਂ ਵਿਚ ਬੋਲਣ, ਨੱਚਣ ਮੋਰ ਵੇ,
ਅਸਾਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖ਼ਾਲੀ ਮੋੜ ਵੇ।
ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਵੇ।
ਸਾਉਣ ਮਹੀਨਾਂ ਤੀਆਂ ਦੇ, ਸੱਭ ਸਹੇਲੀਆਂ ਆਈਆਂ,
ਨੀ ਸੰਤੋ, ਸ਼ਾਮੋ ਇਕੱਠੀਆਂ ਹੋਈਆਂ,ਵੱਡੇ ਘਰਦੀਆਂ ਜਾਈਆਂ,
ਨੀ ਕਾਲੀਆਂ ਦੀ ਫਿੰਨੋਂ ਦਾ ਤੇ, ਚਾਅ ਚੁਕਿਆ ਨਾ ਜਾਵੇ,
ਝੂਟਾ ਦੇ ਦਿਉ ਨੀ, ਦੇ ਦਿਉ ਨੀ, ਮੇਰਾ ਲੱਕ ਹੁਲਾਰੇ ਖਾਵੇ।
ਆਉਂਦੀ ਕੁੜੀਏ ਜਾਂਦੀ ਕੁੜੀਏ,ਤੁਰਦੀ ਪਿੱਛੇ ਨੂੰ ਜਾਵੇ,
ਨੀ ਕਾਹਲੀ ਕਾਹਲੀ ਪੈਰ ਪੁੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਂਵੇ।
ਮੁੰਡਿਆਂ ਦੀ ਤੀਆਂ ਵਿਚ ਜਾਣ ਦੀ ਮਨਾਹੀ ਹੁੰਦੀ ਸੀ। ਸਾਡੇ ਪਿੰਡ ਤੀਆਂ ਵਾਲੇ ਦਿਨ ਮੁੰਡੇ ਕਬੱਡੀ ਤੇ ਘੋਲ ਖੇਡਦੇ ਸੀ ਤੇ ਜ਼ੋਰ ਕਰਦੇ ਸੀ। ਸਿਹਤਮੰਦ ਸਨ ਹੁਣ ਦੇ ਮੁੰਡਿਆਂ ਵਾਂਗ ਨਸ਼ੇ ਨਹੀਂ ਕਰਦੇ ਸਨ। ਪਿੰਡ ਦੀ ਧੀ, ਭੈਣ ਨੂੰ ਅਪਣੀ ਧੀ ਭੈਣ ਸਮਝਦੇ ਸੀ। ਸ਼ਰਮ ਹਯਾ ਸੀ। ਹੁਣ ਤੀਆਂ ਅਲੋਪ ਹੋ ਗਈਆਂ ਹਨ। ਘੋਲ, ਕਬੱਡੀ, ਮੇਲਿਆਂ ਤਕ ਸੀਮਤ ਹੈ। ਸਾਡੇ ਵੇਲੇ ਰੋਜ਼ ਮੁੰਡੇ ਘੋਲ ਕਬੱਡੀ ਖੇਡਦੇ ਸੀ। ਜੀਅ ਕਰਦਾ ਉਹ ਦਿਨ ਫਿਰ ਆ ਜਾਣ ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਅਨਜਾਣ ਹੈ। ਲੋੜ ਹੈ ਇਸ ਨੂੰ ਮੁੜ ਸੁਰਜੀਤ ਕਰਨ ਦੀ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ
9878600221