ਆਧੁਨਿਕ ਜ਼ਮਾਨੇ ਦੀ ਚਕਾਚੌਂਧ ਵਿਚ ਭੁਲ ਚੁੱਕੇ ਅਨਮੋਲ ਸਿਹਤ ਦੇ ਖ਼ਜ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਦੋਂ ਦੀਆਂ ਆਪਾਂ ਪੁਰਾਣੀਆਂ ਚੀਜ਼ਾਂ ਅਪਣੀਆਂ ਖ਼ੁਰਾਕਾਂ ਵਿਚੋਂ ਬਾਹਰ ਕਢੀਆਂ ਹਨ, ਅਪਣੀ ਸਿਹਤ ਦਾ ਸਤਿਆਨਾਸ ਹੋਣਾ ਸ਼ੁਰੂ ਹੋ ਗਿਆ ਹੈ

File Photo

ਜਦੋਂ ਦੀਆਂ ਆਪਾਂ ਪੁਰਾਣੀਆਂ ਚੀਜ਼ਾਂ ਅਪਣੀਆਂ ਖ਼ੁਰਾਕਾਂ ਵਿਚੋਂ ਬਾਹਰ ਕਢੀਆਂ ਹਨ, ਅਪਣੀ ਸਿਹਤ ਦਾ ਸਤਿਆਨਾਸ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਵਿਦੇਸ਼ੀ ਕੰਪਨੀਆਂ ਨੇ ਆਪਾਂ ਨੂੰ ਨਵੇਂ-ਨਵੇਂ ਸਵਾਦ ਵਿਖਾ-ਵਿਖਾ ਕੇ, ਸਿਹਤ ਨਾਲ ਭਰਪੂਰ ਰਸਤੇ ਤੋਂ ਭਟਕਾ ਦਿਤਾ ਹੈ। ਮੁਕਦੀ ਗੱਲ ਆਪਾਂ ਨੇ ਅਪਣਾ ਸ੍ਰੀਰ ਰੋਗ ਮੁਕਤ ਕਰਨਾ ਹੈ ਤਾਂ ਪੁਰਾਤਨ ਚੀਜ਼ਾਂ ਨੂੰ ਅਪਣਾਉਣਾ ਪਵੇਗਾ। ਇਹ ਚੀਜ਼ਾਂ ਤੁਹਾਨੂੰ ਰੋਗਾਂ ਤੋਂ ਵੀ ਬਚਾ ਕੇ ਰੱਖਣਗੀਆਂ ਤੇ ਸ੍ਰੀਰ ਵੀ ਤੰਦਰੁਸਤ ਰਹੇਗਾ।

ਜਿਨ੍ਹਾਂ ਚੀਜ਼ਾਂ ਨੂੰ ਆਪਾਂ ਭੁੱਲ ਗਏ ਹਾਂ, ਉਹ ਹਨ ਅੰਜੀਰ ਤੇ ਚਿਬੜ ਫੱਲ, ਅੰਜੀਰ ਨੂੰ ਤਾਂ ਸਾਰੇ ਸ਼ਾਇਦ ਨਹੀਂ ਜਾਣਦੇ ਪਰ ਚਿਬੜ ਸੱਭ ਨੂੰ ਯਾਦ ਹੈ। ਚਿੱਬੜ ਦੀ ਚੱਟਣੀ, ਚਿੱਬੜ ਨੂੰ ਕਾਲਾ ਨਮਕ ਲਗਾ ਕੇ ਪਹਿਲਾਂ ਆਮ ਹੀ ਖਾਧਾ ਜਾਂਦਾ ਸੀ। ਆਉ ਜਾਣਦੇ ਹਾਂ ਅੰਜੀਰ ਤੇ ਚਿੱਬੜ ਦੇ ਫ਼ਾਇਦੇ। ਅੰਜੀਰ : ਇਸ ਪੌਦੇ ਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਹੁੰਦੇ ਹਨ।

ਪਾਨ ਦਾ ਪੱਤਾ ਸਾਫ਼ ਹੁੰਦਾ ਹੈ ਤੇ ਇਸਦਾ ਪੱਤਾ ਖ਼ੁਰਦਰਾ ਹੁੰਦਾ ਹੈ। ਫੱਲ ਗੋਲ ਤੇ ਪੱਕਣ ਤੇ ਆਲੂ ਬੁਖ਼ਾਰੇ ਦੇ ਰੰਗ ਵਰਗਾ ਹੋ ਜਾਂਦਾ ਹੈ। ਇਹ ਆਮ ਹੀ ਲੁਧਿਆਣਾ, ਐਗਰੀਕਲਚਰ ਯੁੂਨੀਵਰਸਟੀ ਤੋਂ ਮਿਲ ਜਾਂਦਾ ਹੈ। ਘਰ ਲਗਾਇਆ ਫੱਲ ਤੁਹਾਡੇ ਬਹੁਤ ਪੈਸੇ ਬਚਾਏਗਾ ਕਿਉਂਕਿ ਇਸ ਦਾ ਸੁੱਕਾ ਫੱਲ ਬਜ਼ਾਰ ਵਿਚ 12-15 ਸੌ ਰੁਪਏ ਕਿਲੋ ਮਿਲਦਾ ਹੈ। ਇਸ ਨੂੰ ਗਰਮੀਆ ਵਿਚ ਫੱਲ ਲਗਦੇ ਹਨ।

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਜੀਰ ਵਿਚ ਇਕ ਜ਼ਰੂਰੀ ਅੰਜਾਇਮ ਪਾਇਆ ਜਾਂਦਾ ਹੈ ਜੋ ਕੈਂਸਰ ਵਿਰੋਧੀ ਹੁੰਦਾ ਹੈ। ਸ੍ਰੀਰ ਵਿਚ ਜੇਕਰ ਕਿਤੇ ਕੈਂਸਰ ਦੇ ਸੈੱਲ ਪੈਦਾ ਹੋ ਰਹੇ ਹੋਣ ਤਾਂ ਉਨ੍ਹਾਂ ਨੂੰ ਖ਼ਤਮ ਕਰਦਾ ਹੈ। ਇਸ ਦੇ ਸੇਵਨ ਨਾਲ ਆਪਾਂ ਕੈਂਸਰ ਤੋਂ ਬੱਚ ਸਕਦੇ ਹਾਂ। ਸ਼ੂਗਰ ਦਾ ਮਰੀਜ਼ ਵੀ ਇਸ ਨੂੰ ਵਰਤ ਸਕਦਾ ਹੈ। ਇਸ ਦੇ ਪੱਤੇ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਇਸ ਦੇ ਪੱਤਿਆਂ ਦੀ ਚਾਹ ਬਣਾ ਕੇ ਪੀ ਸਕਦੇ ਹਾਂ। ਇਸ ਵਿਚ ਫ਼ਾਈਬਰ ਬਹੁਤ ਹੁੰਦਾ ਹੈ। ਫ਼ਾਈਬਰ ਕਬਜ਼ ਨਹੀਂ ਹੋਣ ਦਿੰਦਾ। ਪੇਟ ਦੀ ਪਾਚਨ ਸ਼ਕਤੀ ਵਧਾਉਂਦਾ ਹੈ। ਕਬਜ਼ ਦੇ ਰੋਗੀ ਇਸ ਦੇ ਸੁੱਕੇ ਫੱਲ ਨੂੰ ਦੁਧ ਵਿਚ ਉਬਾਲ ਕੇ ਪੀ ਸਕਦੇ ਹਨ। ਅਪਣੇ ਸ੍ਰੀਰ ਲਈ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ। ਹੱਡੀਆਂ ਦਾ ਕਮਜ਼ੋਰ ਹੋਣਾ, ਹੱਡੀਆਂ ਦਾ ਖ਼ੁਰਨਾ, ਹਾਰਮੋਨ ਦੀ ਗੜਬੜੀ, ਦੰਦਾਂ ਦੀ ਕਮਜ਼ੋਰੀ, ਬਲੱਡ ਪ੍ਰੈੱਸ਼ਰ ਵਧਣਾ, ਦਿਲ ਨਾਲ ਸਬੰਧਤ ਬੀਮਾਰੀਆਂ ਨਾਲ ਹਰ ਸਾਲ ਲੱਖਾਂ ਜਾਨਾਂ ਜਾਂਦੀਆਂ ਹਨ। ਇਸ ਵਿਚ ਫ਼ਲੇਵੋਨਾਇਡ ਤੇ ਪੋਟਾਸ਼ੀਅਮ ਹੁੰਦਾ ਹੈ।

ਇਹ ਦੋਵੇਂ ਅਜਿਹੇ ਪੋਸ਼ਟਿਕ ਤੱਤ ਹਨ, ਜੋ ਇਨਸਾਨ ਦੇ ਬਲੱਡ ਪ੍ਰੈਸ਼ਰ ਨੂੰ ਸਥਿਰ ਬਣਾਈ ਰਖਦੇ ਹਨ। ਮਰਦਾਂ ਵਿਚ ਸ਼ੁਕਰਾਣੂ ਘਾਟ ਤੇ ਮਰਦਾਨਾ ਤਾਕਤ ਵਿਚ ਵਾਧਾ ਕਰਦੇ ਹਨ। ਜਿਨ੍ਹਾਂ ਰੋਗੀਆਂ ਦੇ ਹੱਥ ਪੈਰ, ਸਿਰ ਅਪਣੇ ਆਪ ਹਿਲਦੇ ਰਹਿੰਦੇ ਹਨ, ਉਨ੍ਹਾਂ ਦੀ ਇਸ ਬਿਮਾਰੀ ਨੂੰ ਅੰਜੀਰ ਦਾ ਫੱਲ ਬਹੁਤ ਹੱਦ ਤਕ ਰੋਕ ਕੇ ਰਖਦਾ ਹੈ। ਸੋ ਆਪਾਂ ਨੂੰ ਅਜਿਹੇ ਫਲਾਂ ਨੂੰ ਖੇਤਾਂ ਵਿਚ, ਖ਼ਾਲੀ ਥਾਵਾਂ ਤੇ ਲਾ ਕੇ ਅਪਣੇ ਸ੍ਰੀਰ ਨੂੰ ਰੋਗੀ ਹੋਣ ਤੋਂ ਬਚਾਉਣਾ ਚਾਹੀਦਾ ਹੈ। 

ਚਿੱਬੜ : ਪਿਛਲੇ ਲੰਘ ਚੁੱਕੇ ਸਮੇਂ ਵਿਚ ਚਿੱਬੜ ਲੋਕੀਂ ਬੜੇ ਚਾਅ ਨਾਲ ਖਾਂਦੇ ਸਨ। ਉਦੋਂ ਬੱਚੇ ਵੀ ਖੇਤਾਂ ਵਿਚੋਂ ਪੱਕੇ ਚਿੱਬੜ ਬੜੇ ਚਾਅ ਨਾਲ ਖਾਂਦੇ ਸਨ। ਇਥੇ ਗੌਰ ਕਰਨ ਵਾਲੀ ਗੱਲ ਹੈ, ਉਦੋਂ ਇਹ ਕੁਦਰਤੀ ਚੀਜ਼ਾਂ ਲੋਕਾਂ ਨੂੰ ਬਿਮਾਰ ਹੋਣ ਨਹੀਂ ਸਨ ਦਿੰਦੀਆਂ। ਉਦੋਂ ਅਜਿਹੀਆਂ ਹੋਰ ਵੀ ਕੁਦਰਤੀ ਚੀਜ਼ਾਂ ਮੁਫ਼ਤ ਵਿਚ ਮਿਲ ਜਾਂਦੀਆਂ ਸਨ, ਜੋ ਸਿਹਤਮੰਦ ਵੀ ਸਨ ਤੇ ਵਾਧੂ ਪੈਸਾ ਵੀ ਖ਼ਰਚ ਨਹੀਂ ਹੁੰਦਾ ਸੀ।

ਹੁਣ ਤਾਂ ਬੇ-ਮੌਸਮੀ ਤੇ ਮਸਾਲਿਆਂ ਨਾਲ ਪਕਾਏ ਫੱਲ ਵੀ ਮਹਿੰਗੇ ਮਿਲਦੇ ਹਨ ਤੇ ਸਿਹਤ ਦਾ ਵੀ ਸਤਿਆਨਾਸ਼ ਕਰਦੇ ਹਨ। ਚਿੱਬੜ ਮਹਿੰਗੇ ਫੱਲਾਂ, ਮਹਿੰਗੇ ਡਰਾਈ ਫ਼ਰੂਟ ਤੋਂ ਕਿਤੇ ਜ਼ਿਆਦਾ ਸਿਹਤਮੰਦ ਹੈ। ਚਿੱਬੜ ਵਿਚ ਕਈ ਤਰ੍ਹਾਂ ਫਾਇਟੋਨਿਊਟਰੀਐਟਸ ਹੁੰਦੇ ਹਨ, ਜੋ ਆਪਾਂ ਨੂੰ  ਬਹੁਤ ਸਾਰੇ ਰੋਗਾਂ ਤੋਂ ਬਚਾਉਂਦੇ ਹਨ। ਇਹ ਖ਼ੂਨ ਵਿਚ ਵਧੀ ਹੋਈ ਗੁਲੂਕੋਜ਼ ਦੇ ਹਾਜ਼ਮੇ, ਇਨਸੂਲਿਨ ਬਣਨ, ਰੈਟਿਨੋਪੈਥੀ, ਨੈਫ਼ਰੋਪੈਥੀ ਤੇ ਸ਼ੂਗਰ ਰੋਗ ਦੌਰਾਨ ਬਣਨ ਵਾਲੇ ਵੈਸਕੂਲਰ ਡਿਸਫ਼ੈਕਸ਼ਨ ਆਦਿ ਤੋਂ ਬਚਾਉਣ ਵਿਚ ਮਦਦ ਕਰਦੇ ਹਨ।

ਅਸਲ ਵਿਚ ਗੁਲੂਕੋਜ਼ ਨੂੰ ਹਜ਼ਮ ਕਰਨ ਲਈ ਸ੍ਰੀਰ ਕਈ ਮਲਟੀਪਲ, ਬਾਇਉਲਾਜੀਕਲ ਐਕਟੀਵਿਟੀਜ਼ ਹੁੰਦੀਆਂ ਹਨ। ਇਨ੍ਹਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਚਿੱਬੜ ਵਿਚ ਪੰਜ ਤੱਤ ਮੌਜੂਦ ਹਨ। ਇਹ ਤੱਤ ਹਾਰਮੋਨ ਬਣਾਉਣ ਤੇ ਹਾਰਮੋਨ ਨੂੰ ਸਹੀ ਮਿਕਦਾਰ ਵਿਚ ਰੱਖਣ ਵਿਚ ਮਦਦ ਕਰਦੇ ਹਨ। ਸੇਬ ਦੇ ਛਿਲਕੇ ਵਿਚ ਥੋੜੀ ਮਾਤਰਾ ਵਿਚ ਹੀ ਇਸ ਦਾ ਮੌਜੂਦਾ ਤੱਤ ਉਰਸੋਲਿਕ ਐਸਿਡ ਹੁੰਦਾ ਹੈ ਜਿਸ ਕਾਰਨ ਸੇਬ ਕੈਂਸਰ  ਦੇ ਮਰੀਜ਼ ਲਈ ਲਾਭਦਾਇਕ ਹੈ। ਪੱਠਿਆਂ ਦਾ ਵਿਕਾਸ ਕਰਦਾ ਹੈ ਤੇ ਫ਼ਾਲਤੂ ਚਰਬੀ ਘਟਾਉਂਦਾ ਹੈ।

ਇਸ ਦੇ ਉਲਟ ਇਕ ਚਿਬੜ ਵਿਚ ਫ਼ਾਇਟੋਕੈਮੀਕਲ ਚੰਗੀ ਮਾਤਰਾ ਵਿਚ ਹੁੰਦਾ ਹੈ, ਜਿੰਨਾ ਆਪਾਂ ਨੂੰ ਦੋ ਕਿਲੋ ਸੇਬ ਵਿਚ ਮਿਲੇਗਾ। ਵਿਗਿਆਨਕ ਪੜਤਾਲ ਕਰਨ ਤੋਂ ਪਤਾ ਲੱਗਾ ਹੈ ਕਿ ਉਰਸੋਲਿਕ ਐਸਿਡ ਰੋਜ਼ਾਨਾ ਹਰ ਖਾਣੇ ਵਿਚ 150 ਮਿਲੀਗ੍ਰਾਮ ਹੋਣਾ ਚਾਹੀਦਾ ਹੈ। ਇਕ ਛੋਟੇ ਚਿੱਬੜ ਵਿਚ ਹੀ ਇਹ 225 ਮਿਲੀਗ੍ਰਾਮ ਹੁੰਦਾ ਹੈ। ਸੋ ਆਉ ਇਨ੍ਹਾਂ ਕੀਮਤੀ ਤੇ ਗੁਣਾਂ ਦੀਆਂ ਖ਼ਾਣਾਂ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਕੇ ਅਪਣੀ ਕੀਮਤੀ ਤੇ ਸੋਨੇ ਵਰਗੀ ਦੇਹ ਨੂੰ ਤੰਦਰੁਸਤ ਬਣਾਈਏ।
ਸੰਪਰਕ : 98726-10005 , ਵੈਦ ਬੀ.ਕੇ ਸਿੰਘ