ਫਟੇ ਦੁੱਧ ਦੇ ਪਾਣੀ ਨੂੰ ਸੁੱਟਣ ਦੀ ਬਜਾਏ ਉਸ ਦਾ ਇਨ੍ਹਾਂ ਤਰੀਕਿਆਂ ਨਾਲ ਕਰੋ ਇਸਤੇਮਾਲ
ਫਟੇ ਦੁੱਧ ਦੇ ਪਾਣੀ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਅਤੇ ਤੁਸੀਂ ਇਸ ਦਾ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ।
ਮੁਹਾਲੀ: ਗਰਮੀ ਜਾਂ ਬਾਰਸ਼ ਦੇ ਮੌਸਮ ਵਿਚ ਅਕਸਰ ਦੁੱਧ ਖ਼ਰਾਬ ਹੋ ਜਾਂਦਾ ਹੈ (ਫੱਟ ਜਾਂਦਾ ਹੈ)। ਫੱਟੇ ਹੋਏ ਦੁੱਧ ਨੂੰ ਗਰਮ ਕਰ ਕੇ ਤੁਸੀਂ ਪਨੀਰ ਬਣਾ ਲੈਂਦੇ ਹੋ, ਪਰ ਬਚੇ ਹੋਏ ਪਾਣੀ ਨੂੰ ਸੁੱਟ ਦਿੰਦੇ ਹੋ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੱਟੇ ਹੋਏ ਦੁੱਧ ਦਾ ਪਾਣੀ ਵੀ ਬਹੁਤ ਕੰਮ ਦਾ ਹੈ। ਇਸ ਪਾਣੀ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਅਤੇ ਤੁਸੀਂ ਇਸ ਦਾ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਫਟੇ ਹੋਏ ਦੁੱਧ ਦਾ ਪਾਣੀ ਆਮ ਨਹੀਂ ਹੁੰਦਾ ਬਲਕਿ ਇਸ ਵਿਚ ਪ੍ਰੋਟੀਨ ਵੀ ਹੁੰਦਾ ਹੈ ਅਤੇ ਕਈ ਮਿਨਰਲਜ਼ ਵੀ ਹੁੰਦੇ ਹਨ।
ਚਿਹਰੇ ਦੀ ਚਮਕ ਵਧਾਏ ਤੇ ਚਮੜੀ ਨੂੰ ਮੁਲਾਇਮ ਬਣਾਵੇ: ਫੱਟੇ ਦੁੱਧ ਦੇ ਪਾਣੀ ਵਿਚ ਲੈਕਟਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਐਸਿਡ ਚਮੜੀ ਲਈ ਫ਼ਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਚਮੜੀ ਦੀ ਚਮਕ ਵਧਾਉਂਦਾ ਹੈ। ਜੇਕਰ ਗ਼ਲਤੀ ਨਾਲ ਦੁੱਧ ਫੱਟ ਜਾਵੇ ਤਾਂ ਇਸ ਨੂੰ ਗਰਮ ਕਰ ਕੇ ਪਾਣੀ ਵਖਰਾ ਕੱਢ ਦਿਉ। ਇਸ ਪਾਣੀ ਨੂੰ ਇਕ ਮੱਗ ਪਾਣੀ ਵਿਚ ਮਿਲਾਉ ਤੇ ਚਿਹਰਾ ਧੋ ਲਉ। ਇਸ ਤੋਂ ਇਲਾਵਾ ਤੁਸੀਂ ਬਾਲਟੀ ਜਾਂ ਟੱਬ ਵਿਚ 2-3 ਕੱਪ ਫੱਟੇ ਦੁਧ ਦਾ ਪਾਣੀ ਮਿਲਾ ਕੇ ਵੀ ਨਹਾ ਸਕਦੇ ਹੋ।
ਵਾਲਾਂ ਨੂੰ ਵੀ ਚਮਕਦਾਰ ਤੇ ਮੁਲਾਇਮ ਬਣਾਉ: ਜੇਕਰ ਤੁਹਾਡੇ ਸਿਰ ਦੇ ਵਾਲ ਬੇਜਾਨ ਹੋ ਗਏ ਹਨ ਅਤੇ ਬਹੁਤ ਜ਼ਿਆਦਾ ਝੜ ਗਏ ਹਨ ਤਾਂ ਵੀ ਤੁਸੀਂ ਫਟੇ ਹੋਏ ਦੁੱਧ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਸੱਭ ਤੋਂ ਪਹਿਲਾਂ ਵਾਲਾਂ ਨੂੰ ਸ਼ੈਂਪੂ ਕਰੋ ਅਤੇ ਸਾਦੇ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਫਟੇ ਹੋਏ ਦੁੱਧ ਦੇ ਪਾਣੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋਵੋ। ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਪਹਿਲਾਂ ਨਾਲੋਂ ਜ਼ਿਆਦਾ ਚਮਕਦਾਰ ਅਤੇ ਰੇਸ਼ਮੀ ਹੋ ਗਏ ਹਨ।
ਸਬਜ਼ੀ ਦੀ ਤਰੀ ਜਾਂ ਰੋਟੀ ਬਣਾਉ: ਫਟੇ ਹੋਏ ਦੁੱਧ ਦੇ ਪਾਣੀ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ਮੀਅਮ ਵਰਗੇ ਤੱਤ ਹੁੰਦੇ ਹਨ ਅਤੇ ਕਈ ਬਿਹਤਰੀਨ ਐਂਟੀਆਕਸੀਡੈਂਟਸ ਹੁੰਦੇ ਹਨ, ਇਸ ਲਈ ਇਹ ਬਹੁਤ ਪੌਸ਼ਟਿਕ ਹੁੰਦਾ ਹੈ। ਦੁੱਧ ਫਟਣ ਤੋਂ ਬਾਅਦ ਇਸ ਦਾ ਪਾਣੀ ਸੁੱਟਣ ਦੀ ਬਜਾਏ ਤੁਸੀਂ ਇਸ ਨੂੰ ਰਸ ਵਾਲੀ ਸਬਜ਼ੀ ਦੀ ਤਰੀ ਬਣਾਉਣ ਵਿਚ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰੋਟੀ ਲਈ ਆਟਾ ਗੁੰਨ੍ਹਦੇ ਸਮੇਂ ਸਾਦੇ ਪਾਣੀ ਦੀ ਬਜਾਏ ਫਟੇ ਦੁੱਧ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਬੱਚਿਆਂ ਲਈ ਇਹ ਸਬਜ਼ੀ ਤੇ ਰੋਟੀ ਬਹੁਤ ਫ਼ਾਇਦੇਮੰਦ ਹੁੰਦੀ ਹੈ।