ਮੁਹਾਲੀ: ਜਿਸ ਤਰ੍ਹਾਂ ਸਰੀਰ ਦੀ ਸਫ਼ਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਵੀ ਦੇਖਭਾਲ ਜ਼ਰੂਰੀ ਹੈ। ਮੂੰਹ ਨੂੰ ਖ਼ੂਬਸੂਰਤ ਬਣਾਉਣ ਲਈ ਅਸੀਂ ਮਹਿੰਗੇ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਜੇਕਰ ਅਸੀਂ ਮੂੰਹ ਧੋਂਦੇ ਸਮੇਂ ਥੋੜਾ ਧਿਆਨ ਦਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ। ਮੂੰਹ ਧੋਣਾ ਮਤਲਬ ਚਿਹਰੇ ਨੂੰ ਸਾਫ਼ ਕਰਨਾ, ਇਹ ਤਾਂ ਹਰ ਰੋਜ਼ ਸਾਰੇ ਕਰਦੇ ਹਨ ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਣਦੇ ਹੋ?
ਕਈ ਲੋਕ ਮੂੰਹ ਧੋਂਦੇ ਸਮੇਂ ਅਜਿਹੀਆਂ ਗ਼ਲਤੀਆਂ ਕਰਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਉਸ ਨਾਲ ਚਿਹਰੇ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੂੰਹ ਧੋਣ ਦਾ ਸਹੀ ਤਰੀਕਾ ਦਸਾਂਗੇ ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚੇਗਾ।
ਜਦੋਂ ਵੀ ਤੁਸੀਂ ਮੂੰਹ ਧੋਵੋ ਤਾਂ ਗਰਮ ਜਾਂ ਠੰਢੇ ਪਾਣੀ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਗਰਮ ਪਾਣੀ ਨਾਲ ਮੂੰਹ ਧੋਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ, ਇਸ ਲਈ ਗਰਮ ਪਾਣੀ ਦੀ ਬਜਾਏ ਤੁਸੀਂ ਨਿੱਘੇ ਪਾਣੀ ਨਾਲ ਮੂੰਹ ਧੋਵੋ। ਜੇਕਰ ਤੁਹਾਡੇ ਚਿਹਰੇ 'ਤੇ ਮੇਕਅੱਪ ਕੀਤਾ ਹੋਇਆ ਹੈ ਤਾਂ ਪਹਿਲਾਂ ਉਸ ਨੂੰ ਸਾਫ਼ ਕਰ ਲਵੋ। ਤੁਸੀਂ ਇਸ ਨੂੰ ਰੂੰ ਜਾਂ ਕਿਸੇ ਕਪੜੇ ਨਾਲ ਸਾਫ਼ ਕਰ ਸਕਦੇ ਹੋ।
ਮੇਕਅੱਪ ਸਾਫ਼ ਕਰਨ ਤੋਂ ਬਾਅਦ ਹੀ ਮੂੰਹ ਧੋਵੋ। ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ਼ ਪਾਣੀ ਨਾਲ ਮੂੰਹ ਸਾਫ਼ ਕਰੋ ਅਤੇ ਉਸ ਤੋਂ ਬਾਅਦ ਕਲੀਨਜ਼ਰ ਨਾਲ ਪੂਰੇ ਚਿਹਰੇ 'ਤੇ ਮਾਲਿਸ਼ ਕਰੋ। ਇਕ ਵਾਰ ਮੂੰਹ ਧੋਂਦੇ ਸਮੇਂ ਕਰੀਬ 30 ਸੈਕੰਡ ਤਕ ਮਸਾਜ ਕਰਨੀ ਚਾਹੀਦੀ ਹੈ।
ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ਼ ਕਰ ਲਵੋ ਪਰ ਹੌਲੀ–ਹੌਲੀ ਮੂੰਹ ਸਾਫ਼ ਕਰੋ। ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ ਕਿਉਂਕਿ ਇਹ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ 'ਤੇ ਮਾਇਸਚਰਾਈਜ਼ਰ ਲਗਾਉ। ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਮੁਲਾਇਮ ਅਤੇ ਮਾਇਸਚਰਾਈਜ਼ ਰਹੇਗੀ।