ਸੁੱਕਾ ਨਾਰੀਅਲ ਖਾਣ ਨਾਲ ਔਰਤਾਂ ਨੂੰ ਮਿਲਦੇ ਹਨ ਅਨੇਕਾਂ ਫ਼ਾਇਦੇ
ਸੁੱਕੇ ਨਾਰੀਅਲ ’ਚ ਬਹੁਤ ਸਾਰੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ
ਜ਼ਿਆਦਾਤਰ ਘਰਾਂ ਵਿਚ ਸੁੱਕਾ ਨਾਰੀਅਲ ਹੁੰਦਾ ਹੀ ਹੈ ਕਿਉਂਕਿ ਲੋਕ ਇਸ ਦੀ ਵਰਤੋਂ ਸੂਜੀ, ਖੀਰ, ਹਲਵਾ, ਆਈਸਕ੍ਰੀਮ ਅਤੇ ਹੋਰ ਮਿੱਠੇ ਪਕਵਾਨਾਂ ’ਚ ਕਰਦੇ ਹਨ| ਨਾਲ ਹੀ ਸੁੱਕੇ ਨਾਰੀਅਲ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਤਿਆਰ ਹੁੰਦੀਆਂ ਹਨ| ਨਾਰੀਅਲ ਮਿੱਠੇ ਪਕਵਾਨਾਂ ਦੇ ਸਵਾਦ ਅਤੇ ਪੌਸ਼ਟਿਕ ਤੱਤਾਂ ਨੂੰ ਵਧਾਉਂਦਾ ਹੈ| ਇਹ ਸਾਰੇ ਲੋਕਾਂ ਲਈ ਫ਼ਾਇਦੇਮੰਦ ਹੈ ਪਰ ਔਰਤਾਂ ਲਈ ਇਸ ਦੇ ਫ਼ਾਇਦੇ ਬਹੁਤ ਜ਼ਿਆਦਾ ਹਨ| ਇਹ ਔਰਤਾਂ ਵਿਚ ਅਨੀਮੀਆ ਨੂੰ ਦੂਰ ਕਰਦਾ ਹੈ, ਨਾਲ ਹੀ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ|
ਡਰਾਈ ਜਾਂ ਸੁੱਕਾ ਨਾਰੀਅਲ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ| ਜੇਕਰ ਤੁਸੀਂ ਇਸ ਦਾ ਨਿਯਮਤ ਸੇਵਨ ਕਰਦੇ ਹੋ ਤਾਂ ਤੁਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹੋ| ਗਰਭ ਅਵਸਥਾ ਦੌਰਾਨ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ| ਸੁੱਕਾ ਨਾਰੀਅਲ ਔਰਤਾਂ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ’ਚ ਵੀ ਮਦਦ ਕਰਦਾ ਹੈ| ਆਉ ਜਾਣਦੇ ਹਾਂ ਸੁੱਕੇ ਨਾਰੀਅਲ ਦੇ ਖਾਣ ਦੇ ਫ਼ਾਇਦੇ ਬਾਰੇ :
ਅਨੀਮੀਆ ਜਾਂ ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ ਵਿਚ ਦੇਖੀ ਜਾਂਦੀ ਹੈ| ਔਰਤਾਂ ’ਚ ਆਇਰਨ ਦੀ ਕਮੀ ਕਾਰਨ ਸਰੀਰਕ ਕਮਜ਼ੋਰੀ ਦੇ ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਪ੍ਰੇਸ਼ਾਨ ਰਹਿੰਦੀਆਂ ਹਨ| ਸੁੱਕੇ ਨਾਰੀਅਲ ’ਚ ਆਇਰਨ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ| ਇਸ ਲਈ ਇਸ ਨੂੰ ਔਰਤਾਂ ਲਈ ਫ਼ਾਇਦੇਮੰਦ ਮੰਨਿਆ ਗਿਆ ਹੈ| ਡਾਈਟ ’ਚ ਨਾਰੀਅਲ ਨੂੰ ਸ਼ਾਮਲ ਕਰਨ ਨਾਲ ਆਇਰਨ ਜਾਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ| ਇਹ ਆਸਾਨੀ ਨਾਲ ਹੀਮੋਗਲੋਬਿਨ ਵਧਾ ਸਕਦਾ ਹੈ|
ਸੁੱਕੇ ਨਾਰੀਅਲ ’ਚ ਬਹੁਤ ਸਾਰੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ| ਵੈਸੇ ਤਾਂ ਐਂਟੀਆਕਸੀਡੈਂਟ ਤੁਹਾਡੀ ਸਮੁੱਚੀ ਸਿਹਤ ਲਈ ਜ਼ਰੂਰੀ ਹਨ ਪਰ ਦਿਲ ਦੀ ਬਿਮਾਰੀ ਤੋਂ ਬਚਣ ਲਈ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ| ਔਰਤਾਂ ਅਕਸਰ ਗਠੀਏ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ| ਗਠੀਆ ਇਕ ਬਹੁਤ ਹੀ ਦਰਦਨਾਕ ਸਮੱਸਿਆ ਹੈ| ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਅਪਣੀ ਡਾਇਟ ’ਚ ਸੁੱਕਾ ਨਾਰੀਅਲ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ| ਇਸ ਵਿਚ ਥੋੜ੍ਹੀ ਮਾਤਰਾ ’ਚ ਕੈਲਸ਼ੀਅਮ ਵੀ ਮਿਲ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ| ਨਾਲ ਹੀ ਇਸ ’ਚ ਮੌਜੂਦ ਹੋਰ ਪੋਸ਼ਕ ਤੱਤ ਤੁਹਾਡੇ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ|
ਗਰਭ ਅਵਸਥਾ ਦੌਰਾਨ ਵੀ ਸੁੱਕਾ ਨਾਰੀਅਲ ਆਸਾਨੀ ਨਾਲ ਖਾਧਾ ਜਾ ਸਕਦਾ ਹੈ| ਇਸ ਨਾਲ ਔਰਤਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ| ਨਾਲ ਹੀ ਇਹ ਤੁਹਾਡੇ ਭਰੂਣ ਲਈ ਵੀ ਫ਼ਾਇਦੇਮੰਦ ਹੈ| ਨਾਰੀਅਲ ’ਚ ਫ਼ੈਟੀ ਐਸਿਡ ਹੁੰਦੇ ਹਨ ਜੋ ਬੱਚੇ ਦੇ ਵਾਧੇ ਅਤੇ ਵਿਕਾਸ ’ਚ ਮਦਦ ਕਰਦੇ ਹਨ| ਇਸ ਲਈ ਗਰਭ ਅਵਸਥਾ ਦੌਰਾਨ ਤੁਹਾਨੂੰ ਕਿਸੇ ਨਾ ਕਿਸੇ ਰੂਪ ’ਚ ਸੁੱਕੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ| ਸੁੱਕਾ ਨਾਰੀਅਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ| ਇਸ ’ਚ ਵਿਟਾਮਿਨ, ਕੈਲਸ਼ੀਅਮ, ਮੈਂਗਨੀਜ਼, ਪ੍ਰੋਟੀਨ ਅਤੇ ਆਇਰਨ ਚੰਗੀ ਮਾਤਰਾ ਵਿਚ ਮਿਲ ਜਾਂਦੇ ਹਨ| ਅਜਿਹੇ ’ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ| ਸੁੱਕਾ ਨਾਰੀਅਲ ਤੁਹਾਡੀ ਇਮਿਊਨਿਟੀ ਵਧਾ ਕੇ ਬਿਮਾਰੀਆਂ ਨਾਲ ਲੜਨ ’ਚ ਤੁਹਾਡੀ ਮਦਦ ਕਰਦਾ ਹੈ|