ਗਰਦਨ ਦੇ ਦਰਦ ਦਾ ਐਕਯੂਪ੍ਰੇਸ਼ਰ ਰਾਹੀਂ ਇਲਾਜ
ਅੱਜ ਦੇ ਯੁਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚਲਤ ਹਨ। ਐਲੋਪੈਥੀ, ਹੋਮੋਪੈਥੀ, ਅਲੋਕਪੈਥੀ ਆਰਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ਤੇ ਵਿਸ਼ਵਾਸ ਰਖਦੇ ਹਨ
ਅੱਜ ਦੇ ਯੁਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚਲਤ ਹਨ। ਐਲੋਪੈਥੀ, ਹੋਮੋਪੈਥੀ, ਅਲੋਕਪੈਥੀ ਆਰਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ਤੇ ਵਿਸ਼ਵਾਸ ਰਖਦੇ ਹਨ ਜੋ ਆਮ ਪ੍ਰਚਲਤ ਹੈ ਜਿਸ ਨੂੰ ਅੰਗਰੇਜ਼ੀ ਇਲਾਜ ਕਰ ਕੇ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆਯੁਰਵੈਦਕ ਤੇ ਹੋਮੋਪੈਥੀ ਆਉਂਦੀ ਹੈ। ਉਨ੍ਹਾਂ ਸੱਭ ਪ੍ਰਣਾਲੀਆਂ ਵਿਚ ਦਵਾਈਆਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਸੱਭ ਨੂੰ ਛੱਡ ਕੇ ਅਜਕਲ ਜੋ ਇਲਾਜ ਪ੍ਰਚਲਤ ਹੋ ਰਿਹਾ ਹੈ ਉਹ ਹੈ ਬਿਨਾਂ ਦਵਾਈਆਂ ਤੋਂ ਇਲਾਜ, ਭਾਵ ਨਾੜੀ ਨੱਪ ਜਾਂ ਅਕਯੂਪ੍ਰੈਸ਼ਰ ਇਲਾਜ ਜੋ ਸਿਰਫ਼ ਨਾੜੀਆਂ ਨੱਪਣ ਨਾਲ ਹੀ ਕੀਤਾ ਜਾਂਦਾ ਹੈ।
ਇਸ ਦੇ ਨਤੀਜੇ ਵੀ ਬਹੁਤ ਵਧੀਆ ਹੁੰਦੇ ਹਨ ਤੇ ਆਰਾਮ ਵੀ ਜਲਦੀ ਮਿਲਦਾ ਹੈ। ਇਸ ਪ੍ਰਣਾਲੀ ਰਾਹੀਂ ਸੁੱਕੇ ਦਰਦਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ। ਜਿਨ੍ਹਾਂ ਵਿਚ ਸਰਵਾਈਕਲ, ਸਪੋਡੈਲਾਈਸਿਸ ਭਾਵ ਗਰਦਨ ਦੀ ਜਕੜਨ ਹੈ ਜਿਸ ਨਾਲ ਗਰਦਨ ਮੋਢਿਆਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਨਾ ਮੁਰਾਦ ਤੇ ਗੁੰਝਲਦਾਰ ਬੀਮਾਰੀ ਹੈ। ਜੋ ਮਾਹਰ ਡਾਕਟਰਾਂ ਦੀ ਸਮਝ ਤੋਂ ਵੀ ਬਾਹਰ ਹੋ ਜਾਂਦੀ ਹੈ। ਇਸ ਨਾਲ ਕਈ ਵਾਰੀ ਤਾਂ ਮਰੀਜ਼ ਚੱਕਰ ਖਾ ਕੇ ਬੇਹੋਸ਼ ਹੋ ਜਾਂਦਾ ਹੈ। ਉਸ ਸਮੇਂ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ, ਜਦੋਂ ਕਿ ਉਸ ਤੋਂ ਪਹਿਲਾਂ ਮਰੀਜ਼ ਨੂੰ ਕੋਈ ਖ਼ਾਸ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਜਿਸ ਨਾਲ ਕਈ ਮਾਹਰ ਡਾਕਟਰ ਵੀ ਚੱਕਰਾਂ ਵਿਚ ਪੈ ਜਾਂਦੇ ਹਨ। ਸਾਰੇ ਟੈਸਟ ਕਰਵਾਉਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਮਰੀਜ਼ ਨੂੰ ਸਰਵਾਈਕਲ ਸਪੋਡੇਲਾਈਸਿਸ ਹੈ।
ਡਾਕਟਰ ਆਮ ਤੌਰ ਉਤੇ ਮਰੀਜ਼ ਨੂੰ ਕੁੱਝ ਦਵਾਈਆਂ ਦੇ ਕੇ ਕਾਲਰ ਲਗਾਉਣ ਲਈ ਆਖ ਦਿੰਦੇ ਹਨ ਜਾਂ ਫਿਰ ਕੁੱਝ ਚਿਰ ਲਈ ਖਿੱਚ ਲਗਾ ਦਿੰਦੇ ਹਨ।
ਕਾਲਰ ਲਗਾਉਣ ਨਾਲ ਧੋਣ ਸਿੱਧੀ ਰਹਿੰਦੀ ਹੈ ਤੇ ਕੁੱਝ ਚਿਰ ਲਈ ਆਰਾਮ ਮਿਲਦਾ ਹੈ। ਸਰਵਾਈਕਲ ਦੀਆਂ ਕੁੱਝ ਹੇਠ ਲਿਖੀਆਂ ਨਿਸ਼ਾਨੀਆਂ ਹਨ :- 1. ਇਸ ਨਾਲ ਗਰਦਨ ਵਿਚ ਅਕੜੇਵਾਂ ਆ ਜਾਂਦਾ ਹੈ। 2. ਗਰਦਨ ਮੋੜਨ ਵਿਚ ਬਹੁਤ ਮੁਸ਼ਕਲ ਹੁੰਦੀ ਹੈ। 3. ਮੋਢਿਆਂ ਬਾਹਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। 4. ਬਾਹਾਂ, ਹੱਥ ਕਈ ਵਾਰ ਸੌਣ ਲੱਗ ਜਾਂਦੇ ਹਨ। 5. ਕਈ ਦਫ਼ਾ ਅਗੂਠਾ ਉਂਗਲਾਂ ਸੁੰਨ ਹੋ ਜਾਂਦੇ ਹਨ। 6. ਹੱਥਾਂ ਵਿਚ ਫੜਨ ਦੀ ਸ਼ਕਤੀ ਘੱਟ ਜਾਂਦੀ ਹੈ। 7. ਮੋਢੇ ਦੀ ਜਕੜਨ ਤੇ ਮੌਰਾਂ ਵਿਚ ਦਰਦ ਹੋ ਜਾਂਦਾ ਹੈ। 8. ਸਿਰ ਭਾਰਾ ਤੇ ਚੱਕਰ ਆਉਣ ਲੱਗ ਜਾਂਦੇ ਹਨ।
ਉਪਰੋਕਤ ਕਾਰਨਾਂ ਵਿਚੋਂ ਕੋਈ ਇਕ ਵੀ ਹੋਵੇ ਤਾਂ ਸਰਵਾਈਕਲ ਹੋਣ ਦੀ ਸੰਭਾਵਨਾ ਹੁੰਦੀ ਹੈ। ਰੀੜ੍ਹ ਦੀ ਹੱਡੀ ਪਿੱਠ ਤੋਂ ਲੈ ਕੇ ਗਰਦਨ ਤਕ ਜਾਂਦੀ ਹੈ। ਇਸ ਵਿਚ ਗਰਦਨ ਦੇ ਉਹ ਸੱਭ ਮਣਕੇ ਵੀ ਹਨ, ਜੋ ਹਿਲ-ਜੁਲ ਕਰਦੇ ਹਨ। ਇਹ ਮਣਕੇ ਇਧਰ ਉਧਰ ਵੇਖਣ ਲਈ ਤੇ ਗਰਦਨ ਨੂੰ ਹੇਠ ਉਪਰ ਕਰਨ ਲਈ ਸਹਾਈ ਹੁੰਦੇ ਹਨ। ਇਨ੍ਹਾਂ ਮਣਕਿਆਂ ਦਾ ਗੈਪ ਵਧਣ ਨਾਲ ਜਾਂ ਕੋਈ ਮਣਕਾ ਪ੍ਰੈੱਸ ਹੋਣ ਨਾਲ ਗਰਦਨ ਵਿਚ ਜਕੜਨ ਪੈਦਾ ਹੋ ਜਾਂਦੀ ਹੈ ਜਿਸ ਨਾਲ ਗਰਦਨ ਦਰਦ, ਅਕੜੇਵਾਂ, ਮੋਢਿਆਂ ਬਾਹਾਂ ਵਿਚ ਦਰਦ ਆਦਿ ਸ਼ੁਰੂ ਹੋ ਜਾਂਦਾ ਹੈ। ਸਰਵਾਈਕਲ ਹੋਣ ਦੇ ਹੇਠ ਲਿਖੇ ਕਾਰਨ ਹਨ।
1. ਨੀਵੀਂ ਪਾ ਕੇ ਝੁਕ ਕੇ ਜ਼ਿਆਦਾ ਸਮਾਂ ਕੰਮ ਕਰਨਾ, 2. ਬਹੁਤਾ ਉੱਚਾ ਸਿਰਹਾਣਾ ਲਗਾ ਕੇ ਸੌਣਾ, 3. ਬੈੱਡ ਦੀ ਜਾਂ ਕੁਰਸੀ ਦੀ ਢੋਹ ਤੇ ਗਿੱਚੀ ਰੱਖ ਕੇ ਟੀ.ਵੀ. ਵੇਖਣਾ ਜਾਂ ਕੁੱਝ ਪੜ੍ਹਨਾ, 4. ਸਿਰ ਥੱਲੇ ਬਾਂਹ ਲੈ ਕੇ ਸੌਣਾ, 5. ਲੋੜੋਂ ਵੱਧ ਸਿਰ ਤੇ ਭਾਰ ਚੁਕਣਾ, 6. ਹਾਦਸੇ ਨਾਲ ਗਰਦਨ ਤੇ ਸੱਟ ਲਗਣਾ, 7. ਲੋੜੋਂ ਵੱਧ ਤਣਾਅ ਵਿਚ ਰਹਿਣਾ।
ਪਹਿਲੀ ਉਮਰ ਵਿਚ ਉਪਰੋਕਤ ਕਾਰਨਾਂ ਦਾ ਘੱਟ ਅਸਰ ਹੁੰਦਾ ਹੈ। 40-45 ਸਾਲ ਤੋਂ ਉਮਰ ਟੱਪ ਜਾਵੇ ਜਾਂ ਕਿਸੇ ਬੀਮਾਰੀ ਕਾਰਨ ਜ਼ਿਆਦਾ ਕਮਜ਼ੋਰੀ ਆ ਜਾਵੇ ਤਾਂ ਇਹ ਸਰਵਾਈਕਲ ਦੀ ਬੀਮਾਰੀ ਵੀ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ।
ਇਲਾਜ : ਗਰਦਨ ਦੀ ਜਕੜਨ ਦਾ ਸੱਭ ਤੋਂ ਵਧੀਆ ਇਲਾਜ ਐਕਯੂਪ੍ਰੈਸ਼ਰ ਰਾਹੀਂ ਕੀਤਾ ਜਾਦਾ ਹੈ ਤੇ ਜੇ ਨਾਲ ਚੁੰਬਕੀ ਸ਼ਕਤੀ, ਚੁੰਬਕੀ ਕਾਲਰ ਆਦਿ ਵਰਤਿਆ ਜਾਵੇ ਤਾਂ ਸੋਨੇ ਤੇ ਸੁਹਾਗਾ ਹੈ। ਐਕਯੂਪ੍ਰੈਸ਼ਰ ਦੇ ਕਿਸੇ ਮਾਹਰ ਕੋਲੋਂ ਹੱਥਾਂ, ਪੈਰਾਂ ਮੋਢਿਆਂ ਤੇ ਗਰਦਨ ਦੇ ਸਹੀ ਪੁਆਇੰਟ ਦਬਵਾਏ ਜਾਣ ਤਾਂ ਇਹ ਨਾ ਮੁਰਾਦ ਬੀਮਾਰੀ ਦਿਨਾਂ ਵਿਚ ਹੀ ਠੀਕ ਹੋ ਜਾਂਦੀ ਹੈ।
ਸੰਪਰਕ : 94633-80503