Beauty Tips: ਚੁਕੰਦਰ ਅਤੇ ਮੁਲਤਾਨੀ ਮਿੱਟੀ ਲਗਾਉਣ ਨਾਲ ਦੂਰ ਹੋਣਗੀਆਂ ਚਿਹਰੇ ’ਤੇ ਪਈਆਂ ਛਾਈਆਂ
ਇਸ ਸਮੱਸਿਆ ਤੋਂ ਬਚਣ ਲਈ ਰਸਾਇਣ ਦੀ ਬਜਾਏ ਕੁਦਰਤੀ ਚੀਜ਼ਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ
Beauty Tips: ਅੱਜਕਲ ਬਹੁਤ ਸਾਰੀਆਂ ਔਰਤਾਂ ਚਿਹਰੇ ’ਤੇ ਦਾਗ਼ਾਂ ਦੇ ਨਾਲ-ਨਾਲ ਛਾਈਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਹ ਛਾਈਆਂ ਚਿਹਰੇ ’ਤੇ ਕਾਲੇ ਧੱਬੇ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਛਾਈਆਂ ਹੋਣ ਦਾ ਮੁੱਖ ਕਾਰਨ ਤੇਜ਼ ਧੁੱਪ ’ਚ ਜ਼ਿਆਦਾ ਦੇਰ ਰਹਿਣਾ, ਹਾਰਮੋਨਲ ਅਸੰਤੁਲਨ, ਚਮੜੀ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਹੋਣਾ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀ ਖ਼ੂਬਸੂਰਤੀ ਵਿਗੜਦੀ ਹੈ ਅਤੇ ਚਮੜੀ ਸਮੇਂ ਤੋਂ ਪਹਿਲਾਂ ਮੁਰਝਾਈ ਹੋਈ ਲਗਣੀ ਸ਼ੁਰੂ ਹੋ ਜਾਂਦੀ ਹੈ।
ਇਸ ਸਮੱਸਿਆ ਤੋਂ ਬਚਣ ਲਈ ਰਸਾਇਣ ਦੀ ਬਜਾਏ ਕੁਦਰਤੀ ਚੀਜ਼ਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ ਆਉ ਅਸੀਂ ਤੁਹਾਨੂੰ ਅੱਜ ਇਕ ਅਜਿਹੇ ਫ਼ੇਸਪੈਕ ਬਾਰੇ ਦਸਦੇ ਹਾਂ ਜਿਸ ਨੂੰ ਚਿਹਰੇ ’ਤੇ ਲਗਾਉਣ ਨਾਲ ਛਾਈਆਂ ਇਕ ਮਹੀਨੇ ਅੰਦਰ ਹੌਲੀ-ਹੌਲੀ ਘਟਣੀਆਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਹੀ ਤੁਹਾਡਾ ਚਿਹਰਾ ਸਾਫ਼, ਨਿਖਰਿਆ ਅਤੇ ਚਮਕਦਾਰ ਹੋ ਜਾਵੇਗਾ।
ਫ਼ੇਸਪੈਕ ਬਣਾਉਣ ਲਈ ਸਮੱਗਰੀ: ਚੁਕੰਦਰ ਪਾਊਡਰ- 1/2 ਚਮਚਾ, ਮੁਲਤਾਨੀ ਮਿੱਟੀ- 1 ਛੋਟਾ ਚਮਚਾ, ਦਹੀਂ- 1 ਛੋਟਾ ਚਮਚਾ, ਬਦਾਮ ਦਾ ਤੇਲ- 1/2 ਛੋਟਾ ਚਮਚਾ
ਫ਼ੇਸਪੈਕ ਲਗਾਉਣ ਦਾ ਤਰੀਕਾ : ਸੱਭ ਤੋਂ ਪਹਿਲਾਂ, ਇਕ ਕੋਲੀ ਵਿਚ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਉ। ਤਿਆਰ ਪੇਸਟ ਨੂੰ ਹਲਕੇ ਹੱਥਾਂ ਨਾਲ ਪ੍ਰਭਾਵਤ ਥਾਂ ’ਤੇ ਲਗਾਉ। ਜੇ ਤੁਸੀਂ ਚਾਹੋ ਤਾਂ ਇਸ ਨੂੰ ਪੂਰੇ ਚਿਹਰੇ ’ਤੇ ਵੀ ਲਗਾ ਸਕਦੇ ਹੋ। ਇਸ ਨੂੰ 20 ਮਿੰਟਾਂ ਤਕ ਜਾਂ ਉਦੋਂ ਤਕ ਲਗਾਉ ਜਦੋਂ ਤਕ ਸੁਕ ਨਾ ਜਾਏ। ਬਾਅਦ ਵਿਚ ਅਪਣੇ ਮੂੰਹ ਨੂੰ ਤਾਜ਼ੇ ਪਾਣੀ ਨਾਲ ਧੋ ਲਉ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਇਸ ਫ਼ੇਸਪੈਕ ਨੂੰ ਹਫ਼ਤੇ ਵਿਚ 2 ਵਾਰ ਲਗਾਉ।
ਫ਼ੇਸਪੈਕ ਲਗਾਉਣ ਦੇ ਫ਼ਾਇਦੇ: ਮੁਲਤਾਨੀ ਮਿੱਟੀ ਚਮੜੀ ਦੇ ਮਰੇ ਸੈੱਲਾਂ ਨੂੰ ਡੂੰਘਾਈ ਤੋਂ ਸਾਫ਼ ਕਰਨ ਅਤੇ ਨਵੀਂ ਚਮੜੀ ਬਣਾਉਣ ਵਿਚ ਸਹਾਇਤਾ ਕਰਦੀ ਹੈ। ਚਿਹਰੇ ’ਤੇ ਪਏ ਦਾਗ, ਧੱਬੇ ਅਤੇ ਝੁਰੜੀਆਂ ਨੂੰ ਦੂਰ ਕਰ ਕੇ ਇਹ ਪੈਕ ਚਮੜੀ ਨੂੰ ਪੂਰੀ ਤਰ੍ਹਾਂ ਚਮਕਦਾਰ ਬਣਾ ਦੇਵੇਗਾ। ਵਿਟਾਮਿਨ ਸੀ ਨਾਲ ਭਰਪੂਰ ਚੁਕੰਦਰ ਚਿਹਰੇ ਦੇ ਰੰਗ ਨੂੰ ਵੀ ਸਾਫ਼ ਕਰੇਗਾ ਅਤੇ ਚਮੜੀ ਦਾ ਰੰਗ ਨਿਖਰੇਗਾ ਹੈ। ਦਹੀਂ ਅਤੇ ਬਦਾਮ ਦਾ ਤੇਲ ਸੁਕੀ, ਬੇਜਾਨ ਚਮੜੀ ਨੂੰ ਡੂੰਘਾ ਪੋਸ਼ਣ ਦੇ ਕੇ ਲੰਬੇ ਸਮੇਂ ਲਈ ਨਮੀ ਬਣਾਈ ਰੱਖਣ ਵਿਚ ਸਹਾਇਤਾ ਕਰੇਗਾ।