Black And White Television: ਕਦੇ ਹੁੰਦੀ ਸੀ ਬਲੈਕ ਐਂਡ ਵ੍ਹਾਈਟ ਟੈਲੀਵੀਜ਼ਨ ਦੀ ਸਰਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Black And White Television:

Black and white television used to dominate

 

Black And White Television:  ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਰੇਡੀਉ ਪੰਚਾਇਤਾਂ ਕੋਲ ਆਏ ਜਿਸ ਦੇ ਮਾਧਿਅਮ ਰਾਹੀਂ ਸਰਪੰਚ ਦੇ ਕੋਠੇ ’ਤੇ ਲੱਗੇ ਸਪੀਕਰ ਤੋਂ ਦਿਹਾਤੀ ਪ੍ਰੋਗਰਾਮ ਪਿੰਡ ਦੇ ਲੋਕ ਥੜੇ ’ਤੇ ਇਕੱਠੇ ਹੋ ਕੇ ਸੁਣਦੇ ਸੀ ਜੋ ਉਸ ਵੇਲੇ ਦੇ ਇਨਾਮੀ ਕਲਾਕਾਰ ਠੰਡੂ ਰਾਮ ਦਾ ਆਉਂਦਾ ਸੀ। ਫਿਰ ਰੇਡੀਉ ਘਰਾਂ ਵਿਚ ਵੀ ਆ ਗਏ। ਰੇਡੀਉ ਵਿਚ ਸਿਲੌਨ ਤੋਂ ਬਿਨਾਕਾ ਗੀਤ ਮਾਲਾ ਆਉਂਦਾ ਸੀ ਜੋ ਬਿਨਾਕਾ ਦੰਦਾਂ ਨੂੰ ਸਾਫ਼ ਕਰਨ ਵਾਲੀ ਕ੍ਰੀਮ ਟੁੱਥ ਪੇਸਟ ਦੀ ਮਸ਼ਹੂਰੀ ਜਿਹੜੀ ਕੰਪਨੀ ਬਣਾਉਂਦੀ ਸੀ, ਦੀ ਗਾਣਿਆਂ ਦੇ ਨਾਲ ਨਾਲ ਕੀਤੀ ਜਾਂਦੀ ਸੀ ਜਿਸ ਵਿਚ 16 ਗਾਣੇ ਨਵੀਆਂ ਫ਼ਿਲਮਾਂ ਦੇ ਅਮੀਨ ਸਿਆਨੀ ਪੇਸ਼ ਕਰਦਾ ਸੀ।

ਉਸ ਵੇਲੇ ਜਾਨੀ ਮੇਰਾ ਨਾਮ ਫ਼ਿਲਮ ਆਈ ਸੀ ਜਿਸ ਦਾ ਗਾਣਾ ‘ਓ ਮੇਰੇ ਰਾਜਾ, ਖ਼ਫ਼ਾ ਨਾ ਹੋਣਾ ਦੇਰ ਸੇ ਆਈ, ਫਿਰ ਵੀ ਵਾਧਾ ਤੋਂ ਨਿਭਾਇਆ’ ਮਸ਼ਹੂਰੀ ਵਾਸਤੇ ਅਮੀਨ ਸਿਆਨੀ ਪੇਸ਼ ਕਰਦਾ ਸੀ ਕੇ ਉਹ ਜਾਂਨੀ ਜਿਸ ਦੀ ਤਲਾਸ਼ ਹੇਮਾ ਮਾਲਨੀ ਕੋ ਹੈ। ਬਨਾਕਾ ਗੀਤ ਮਾਲਾ ਦਾ ਆਖ਼ਰੀ ਗਾਣਾ ‘ਅੱਛਾ ਤੋਂ ਹਮ ਚਲਤੇ ਹੈ, ਫਿਰ ਕਬ ਮਿਲੋਗੇ’ ਕਾਫ਼ੀ ਮਕਬੂਲ ਹੋਇਆ ਸੀ।

‘ਹਮਰਾਜ਼’ ਫ਼ਿਲਮ ਦਾ ਗਾਣਾ ‘ਹੇ ਨੀਲੇ ਗਗਨ ਕੇ ਤਲੇ ਅਤੇ ਸਵੇਰੇ ਵਾਲੀ ਗਾੜੀ ਸੇ ਚਲੇ ਜਾਏਂਗੇ, ਕੁਛ ਦੇ ਕੇ ਜਾਏਂਗੇ, ਕੁਛ ਲੇ ਕੇ ਜਾਏਂਗੇ’ ਸਾਲ ਵੱਜਿਆ ਸੀ। ਨਵ ਵਿਆਹੇ ਮੁੰਡੇ ਜਿਨ੍ਹਾਂ ਨੂੰ ਸੈੱਲਾਂ ਵਾਲਾ ਰੇਡੀਉ ਦਾਜ ਵਿਚ ਮਿਲਿਆ ਹੁੰਦਾ ਸੀ, ਪੱਠੇ ਲੈਣ ਗਿਆ ਵੀ ਮੋਢੇ ਤੇ ਰੱਖ ਗਾਣੇ ਸੁਣਦੇ ਸੁਣਦੇ ਲੈ ਜਾਂਦੇ ਸਨ। ਟੇਲਰ ਮਾਸਟਰ ਦੀਆਂ ਦੁਕਾਨਾਂ ਪਰ ਨਾਲੇ ਕਪੜੇ ਸੀਂਦੇ ਸੀ ਤੇ ਉਸ ਵੇਲੇ ਦੇ ਇਨਾਮੀ ਕਲਾਕਾਰ ਦੇ ਗੀਤ ਸੁਣਦੇ ਸੀ, ਦੇਸ਼ ਪੰਜਾਬ ਤੇ ਗੁਰਬਾਣੀ ਪ੍ਰੋਗਰਾਮ ਬੜੇ ਚਾਅ ਨਾਲ ਸੁਣਦੇ ਸੀ। ਸ਼ਾਮ ਨੂੰ ਪੰਜਾਬੀ ਫ਼ਰਮਾਇਸ਼ੀ ਪ੍ਰੋਗਰਾਮ ਜਲੰਧਰ ਰੇਡੀਉ ਸਟੇਸ਼ਨ ਤੋਂ ਆਉਂਦਾ ਸੀ। ਆਲ ਇੰਡੀਆ ਤੋਂ ਫ਼ਰਮਾਇਸ਼ੀ ਹਿੰਦੀ ਗੀਤ ਆਉਂਦੇ ਸੀ। ਦੁਪਹਿਰੇ ਫ਼ੌਜੀ ਵੀਰਾਂ ਵਾਸਤੇ ਪ੍ਰੋਗਰਾਮ ਆਉਂਦਾ ਸੀ। ਮੇਰੇ ਕੋਲ ਹੁਣ ਵੀ ਮੇਰੇ ਦਾਜ ਵਿਚ ਆਇਆ ਫ਼ਿਲਪ ਦਾ ਰੇਡੀਉ ਮੌਜੂਦ ਹੈ ਜੋ ਸੰਦੂਕ ਵਿਚ ਰਖਿਆ ਹੈ।

ਇਥੇ ਮੈਂ ਗੱਲ ਬਲੈਕ ਐਂਡ ਵਾਈਟ ਟੈਲੀਵੀਜ਼ਨ ਦੀ ਕਰ ਰਿਹਾ ਹਾਂ। ਬਜ਼ੁਰਗ ਲੋਕ ਕਹਿੰਦੇ ਸੀ ਰੇਡੀਉ ਵਿਚ ਬੰਦੇ ਬੋਲਣਗੇ। ਸਾਡੇ ਸਾਹਮਣੇ ਟੈਲੀਵੀਜ਼ਨ ਆਏ ਬਜ਼ੁਰਗਾਂ ਦੀ ਗੱਲ ਪੂਰੀ ਹੋਈ। ਬੰਦੇ ਸਾਨੂੰ ਟੈਲੀਵੀਜ਼ਨ ਵਿਚ ਸਾਹਮਣੇ ਬੋਲਦੇ ਦਿਸਣ ਲੱਗ ਪਏ। ਸ਼ੁਰੂ-ਸ਼ੁਰੂ ਵਿਚ ਟੈਲੀਵੀਜ਼ਨ ’ਚ ਐਤਵਾਰ ਫ਼ਿਲਮ ਆਉਂਦੀ ਸੀ। ਹਫ਼ਤੇ ਵਿਚ ਚਿੱਤਰਹਾਰ ਤੇ ਫੇਰ ਐਤਵਾਰ ਰੰਗੋਲੀ ਆਉਣ ਲੱਗ ਪਈ ਜੋ ਹੁਣ ਵੀ ਨੈਸ਼ਨਲ ਡੀਡੀ 1 ’ਤੇ ਦੇਖੀ ਜਾ ਸਕਦੀ ਹੈ ਜਿਸ ਬਾਰੇ ਹਰ ਐਤਵਾਰ ਮੌਕੇ ਦੀ ਨਜ਼ਾਕਤ ਮੁਤਾਬਕ ਗਾਣੇ ਪੇਸ਼ ਕੀਤੇ ਜਾਂਦੇ ਹਨ।

ਸਾਈਕਲ ਉਪਰ, ਬਰਸਾਤ, ਦਿਨ ਤਿਉਹਾਰ, ਹੋਲੀ, ਰਖੜੀ, ਦੀਵਾਲੀ, ਬਸੰਤ, 26 ਜਨਵਰੀ, 15 ਅਗੱਸਤ ਆਦਿ ਤੇ ਫ਼ਿਲਮਾਏ ਜਾਂਦੇ ਹਨ। ਸੱਭ ਤੋਂ ਪਹਿਲਾਂ ਸਾਡੇ ਘਰ ਟੈਲੀਵੀਜ਼ਨ ਬਲੈਕ ਐਂਡ ਵਾਈਟ ਆਇਆ ਸੀ। ਕੋਠੇ ਦੇ ਉਪਰ ਐਂਟੀਨਾ ਲਾਇਆ ਸੀ ਜਿਸ ਨਾਲ ਟੈਲੀਵੀਜ਼ਨ ਵਿਚ ਫ਼ੋਟੋ ਆਉਂਦੀ ਸੀ। ਕਿਸੇ ਵੇਲੇ ਐਂਟੀਨਾ ਹਨੇ੍ਹਰੀ ਕਾਰਨ ਦੂਸਰੀ ਦਿਸ਼ਾ ਵਲ ਫਿਰ ਜਾਂਦਾ ਸੀ। ਟੈਲੀਵੀਜ਼ਨ ਵਿਚ ਫ਼ੋਟੋ ਸਾਫ਼ ਨਹੀਂ ਆਉਂਦੀ ਸੀ। ਫਿਰ ਟੈਲੀਵੀਜ਼ਨ ਦੀ ਦਿਸ਼ਾ ਬਦਲ ਫ਼ੋਟੋ ਠੀਕ ਕਰਨੀ ਪੈਂਦੀ ਸੀ। ਅਸੀ ਗੁਰਦੁਆਰੇ ਦੇ ਬਾਹਰ ਵੱਡੇ ਵਿਹੜੇ ਵਿਚ ਟੈਲੀਵੀਜ਼ਨ ਲਗਾ ਦਿੰਦੇ ਸੀ।

ਸਾਰਾ ਪਿੰਡ ਐਤਵਾਰ ਫ਼ਿਲਮ ਦੇਖਦਾ ਸੀ। ਫਿਰ ਰਮਾਇਣ ਤੇ ਮਹਾਂਭਾਰਤ ਦਾ ਸਮਾਂ ਆਇਆ ਜੋ ਐਤਵਾਰ ਟੈਲੀਵੀਜ਼ਨ ਤੇ ਦਿਖਾਈ ਜਾਂਦੀ ਸੀ। ਸ਼ਹਿਰਾਂ ਦੀਆਂ ਸੜਕਾਂ ਉਸ ਦਿਨ ਸੁੰਨ ਹੋ ਜਾਂਦੀਆਂ ਸਨ। ਖ਼ਬਰਾਂ ਜੋ ਉਸ ਸਮੇਂ ਐਂਕਰ ਪੜ੍ਹਦੇ ਸੀ। ਉਸ ਵਿਚ ਦਮ ਹੁੰਦਾ ਸੀ। ਹੁਣ ਵਰਗੇ ਟੈਲੀਵੀਜ਼ਨ ਚੈਨਲਾਂ ਵਾਂਗ ਉਹ ਚੈਨਲ ਕਿਸੇ ਦੇ ਗ਼ੁਲਾਮ ਨਹੀਂ ਸਨ। ਜੋ ਮਜ਼ਾ ਬਲੈਕ ਐਂਡ ਵਾਈਟ ਟੈਲੀਵੀਜ਼ਨ ਦਾ ਸੀ ਉਹ ਹੁਣ ਦੇ ਦੁਨੀਆਂ ਭਰ ਦੇ ਚੈਨਲਾਂ ਵਿਚ ਨਹੀਂ ਹੈ। 

ਸਾਰੇ ਚੈਨਲ ਕਲੇਸ਼ੀ ਸੀਰੀਅਲ ਪੇਸ਼ ਕਰ ਰਹੇ ਹਨ। ਦੁਨੀਆਂਦਾਰੀ ਤੋਂ ਪਰੇ ਹੱਟ ਕੇ ਹਨ ਜਿਸ ਨੂੰ ਦੇਖ ਕਈ ਨੌਜਵਾਨ ਬੱਚੇ ਅਣਜਾਨੇ ਵਿਚ ਕਰਾਇਮ ਕਰ ਰਹੇ ਹਨ। ਅਸ਼ਲੀਲਤਾ ਤੇ ਹਥਿਆਰਾਂ ਦੇ ਗਾਣੇ ਦੇਖੇ ਜਾ ਸਕਦੇ ਹਨ ਜੋ ਨਵੀਂ ਪੀੜ੍ਹੀ ਨੂੰ ਗੁਮਰਾਹ ਕਰ ਰਹੇ ਹਨ। ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ, ਜਮਲਾ ਜੱਟ ਵਰਗੇ ਕਲਾਕਾਰ ਅਲੋਪ ਹੋ ਗਏ ਹਨ। ਆਵਾਜ਼ ਨਾਲੋਂ ਜ਼ਿਆਦਾ ਮਿਉਜ਼ਕ ਦਾ ਸ਼ੋਰ ਦਿਖਾਈ ਦਿੰਦਾ ਹੈ। ਪੰਜਾਬ ਦਾ ਸਭਿਆਚਾਰ, ਸੰਗੀਤ, ਲੋਕ ਗੀਤ, ਅਖੌਤਾਂ, ਬੋਲੀਆਂ ਆਦਿ ਅਲੋਪ ਹੋ ਗਈਆਂ ਹਨ। ਲੋੜ ਹੈ ਇਸ ਨੂੰ ਸੁਰਜੀਤ ਕਰਨ ਦੀ।

-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਿਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221