Sarbala Ji: ਵਿਆਹ ਦੀ ਰਸਮ ਸਰਬਾਹਲਾ
Sarbala Ji: ਸਰਬਾਹਲਾ ਲਾੜੇ ਦੇ ਚਾਚੇ ਤਾਏ, ਮਾਮੇ ਦਾ ਪੁੱਤਰ ਉਸ ਦਾ ਹਾਣੀ ਹੁੰਦਾ ਸੀ।
Sarbala Ji punjabi tradition: ਪੰਜਾਬੀ ਵਿਆਹਾਂ ਦੇ ਰੀਤੀ ਰਿਵਾਜਾਂ ਦੀ ਕਤਾਰ ਬੜੀ ਲੰਬੀ ਚੌੜੀ ਹੈ। ਰੋਕੇ, ਠਾਕੇ, ਛੁਆਰੇ ਕਈ ਕਈ ਦਿਨ ਬਰਾਤਾਂ ਦਾ ਪਿੰਡਾਂ ਵਿਚ ਠਹਿਰਨਾ, ਦੋ ਮੰਜਿਆਂ ਉਤੇ ਸਪੀਕਰ ਬੰਨ੍ਹ, ਡੱਬੇ ਵਿਚੋਂ ਤਵੇ ਕੱਢ ਮਸ਼ੀਨ ਉਤੇ ਸੂਈਆਂ ਨਾਲ ਬਦਲ-ਬਦਲ ਲਾਉਣਾ ਅਤੇ ਸਾਲਾਂ ਬਾਅਦ ਮੁਕਲਾਵਾ ਲਿਆਉਣ ਤੋਂ ਬਾਅਦ ਕੁੜੀ ਨੂੰ ਚੌਂਕੇ ਚੜ੍ਹਾਉਣ ਤਕ ਚਲਦੀ ਸੀ। ਇਸ ਦੌਰਾਨ ਵਿਆਹ ਦੀਆਂ ਛੋਟੀਆਂ ਮੋਟੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਵਿਚ ਸਿੱਠਣੀਆਂ ਦੇਣੀਆਂ, ਜੁੱਤੀ ਲੁਕਾਉਣੀ, ਛੰਦ ਸੁਨਾਉਣੇ, ਤੇਲ ਚੋਣਾ, ਪਾਣੀ ਵਾਰਨਾ, ਬੁਰਕੀਆਂ ਦੇਣਾ, ਘੁੰਡ ਕਢਣਾ, ਘੁੰਡ ਉਤਾਰਨਾ, ਮੂੰਹ ਦਿਖਾਈ, ਮਹਿੰਦੀ ਲਗਾਉਣਾ, ਸੁਹਾਗ, ਘੋੜੀਆਂ ਗਾਉਣਾ ਆਦਿ ਹੁੰਦੇ ਸਨ। ਮੈਂ ਇਥੇ ਗੱਲ ਸਰਬਾਹਲਾ ਬਣਨ ਦੀ ਰਸਮ ਦੀ ਕਰ ਰਿਹਾ ਹਾਂ। ਸਰਬਾਹਲਾ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ।
ਅਸਲ ਵਿਚ ਇਹ ਸ਼ਬਦ ਸਹਿਬਾਲਾ ਤੋਂ ਬਣਿਆ ਹੈ। ਯਾਨੀ ਕਿ ਲਾੜੇ ਦੇ ਕੱਦ ਦਾ ਲਾੜੇ ਦਾ ਸਾਥੀ ਜੋ ਸਾਡੀ ਬੀਜੀ ਸਾਨੂੰ ਨਿੱਕੇ ਹੁੰਦਿਆਂ ਨੂੰ ਸਰਬਾਹਲਾ ਬਣਨ ਦੀ ਰਸਮ ਕਿਸ ਤਰ੍ਹਾਂ ਸ਼ੁਰੂ ਹੋਈ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ। ਉਹ ਦਸਦੇ ਹੁੰਦੇ ਸੀ ਇਸ ਦੀ ਅਰੰਭਤਾ ਪੁਰਾਣੇ ਜ਼ਮਾਨੇ ਵਿਚ ਸ਼ੁਰੂ ਹੋਈ। ਜਦੋਂ ਭਾਰਤ ਉਪਰ ਵਿਦੇਸ਼ੀ ਧਾੜਵੀਆਂ ਵਲੋਂ ਹਮਲੇ ਕੀਤੇ ਜਾਂਦੇ ਸਨ, ਹਮਲਾਵਾਰਾਂ ਵਲੋਂ ਧੰਨ ਤੇ ਸੋਨੇ ਦੇ ਗਹਿਣਿਆਂ ਦੇ ਲਾਲਚ ਕਾਰਨ ਬਰਾਤਾਂ ਲੁੱਟ ਲਈਆਂ ਜਾਂਦੀਆਂ ਸਨ। ਇਸ ਲੁੱਟ ਦੌਰਾਨ ਕਿਸੇ ਵੇਲੇ ਲਾੜੇ ਦਾ ਕਤਲ ਵੀ ਹੋ ਜਾਂਦਾ ਸੀ। ਸੋ ਪੁਰਾਣੇ ਸੂਝ ਬੂਝ ਵਾਲੇ ਵਿਅਕਤੀਆਂ ਨੇ ਲਾੜੇ ਦਾ ਬਦਲ ਲੱਭਣ ਲਈ ਸਰਬਾਹਲਾ ਬਣਨ ਦੀ ਰਸਮ ਵਿਆਹ ਵਿਚ ਸ਼ੁਰੂ ਕੀਤੀ।
ਸਰਬਾਹਲਾ ਲਾੜੇ ਦੇ ਚਾਚੇ ਤਾਏ, ਮਾਮੇ ਦਾ ਪੁੱਤਰ ਉਸ ਦਾ ਹਾਣੀ ਹੁੰਦਾ ਸੀ। ਜੇਕਰ ਕੋਈ ਇਹੋ ਜਿਹੀ ਘਟਨਾ ਹੋ ਜਾਦੀ ਸੀ ਜਦੋਂ ਲਾੜੇ ਦਾ ਕਤਲ ਹੋ ਜਾਂਦਾ ਸੀ ਤਾਂ ਕੁੜੀ ਵਿਚਾਰੀ ਜਿਸ ਨੇ ਲਾੜੇ ਨੂੰ ਦੇਖਿਆ ਵੀ ਨਹੀਂ ਸੀ ਹੁੰਦਾ, ਘਰ ਬੈਠੀ ਵਿਧਵਾ ਹੋ ਜਾਂਦੀ ਸੀ। ਲਾੜੀ ਦਾ ਵਿਆਹ ਲਾੜੇ ਦੇ ਸਰਬਾਹਲੇ ਨਾਲ ਕਰ ਦਿਤਾ ਜਾਂਦਾ ਸੀ। ਇਹ ਕੋਈ ਸਮਾਜਕ ਰਸਮ ਨਹੀਂ ਸੀ, ਸਮੇਂ ਦੀ ਮੰਗ ਸੀ। ਲੁਟੇਰਿਆਂ ਦਾ ਮੁਕਾਬਲਾ ਕਰਨ ਲਈ ਲਾੜੇ ਤੇ ਸਰਬਾਹਲੇ ਨੂੰ ਇਸੇ ਕਰ ਕੇ ਕਿਰਪਾਨ ਦਿਤੀ ਜਾਂਦੀ ਸੀ। ਉਦੋਂ ਅਸੀਂ ਬੱਚੇ ਹੋਣ ਕਾਰਨ ਸਰਬਾਹਲੇ ਦੀ ਪ੍ਰੀਭਾਸ਼ਾ ਨੂੰ ਸਮਝਦੇ ਨਹੀਂ ਸੀ ਪਰ ਜਿਉਂ ਜਿਉਂ ਵੱਡੇ ਹੋਏ ਇਸ ਦਾ ਗਿਆਨ ਹੁੰਦਾ ਗਿਆ। ਨਵੀ ਪੀੜ੍ਹੀ ਇਨ੍ਹਾਂ ਰਸਮਾਂ ਤੋਂ ਬਿਲਕੁਲ ਅਨਜਾਣ ਹੈ। ਲੋੜ ਹੈ ਜਾਗਰੂਕ ਕਰਨ ਦੀ।
ਹੁਣ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਸਰਬਾਹਲਾ ਬਣਾ ਦਿੰਦੇ ਹਨ। ਲਾੜੇ ਨੂੰ ਤਿਆਰ ਹੋਣ ਤੋਂ ਬਾਅਦ ਉਸ ਦੇ ਨਾਲ ਸਰਬਾਹਲੇ ਨੂੰ ਵੀ ਬਿਠਾਇਆ ਜਾਂਦਾ ਹੈ। ਲਾੜੇ ਦੇ ਨਾਲ ਸਰਬਾਹਲੇ ਨੂੰ ਵੀ ਸਲਾਮੀ ਦਿਤੀ ਜਾਦੀ ਹੈ। ਜਦੋਂ ਲਾੜਾ ਘੋੜੀ ਤੇ ਚੜ੍ਹਦਾ ਹੈ ਸਰਬਾਹਲਾ ਵੀ ਘੋੜੀ ਦੇ ਪਿੱਛੇ ਬੈਠਦਾ ਹੈ ਯਾਨੀ ਲਾੜੇ ਦੇ ਅੰਗ ਸੰਗ ਹੀ ਰਹਿੰਦਾ ਹੈ। ਹੁਣ ਇਹ ਰੀਤੀ ਰਿਵਾਜ ਰਸਮਾਂ ਦੋ ਜਾਂ ਤਿੰਨ ਘੰਟੇ ਦੇ ਮਹਿੰਗੇ ਮੈਰਿਜ ਪੈਲੇਸਾਂ ਵਿਚ ਸਿਮਟ ਕੇ ਰਹਿ ਗਈਆਂ ਹਨ। ਇਸ ਤਰ੍ਹਾਂ ਪੰਜਾਬੀ ਵਿਆਹ ਦੀਆਂ ਰਸਮਾਂ ਵਿਚ ਸਮੇਂ ਦੇ ਦੌਰ ਦੇ ਨਾਲ ਨਾਲ ਚਲਦੇ ਚਲਦੇ ਤਬਦੀਲੀਆਂ ਆਈਆਂ ਹਨ। ਪਛਮੀ ਸਭਿਅਤਾ ਦੇ ਪ੍ਰਭਾਵ ਹੇਠ ਪੰਜਾਬੀਆਂ ਦੇ ਪਹਿਰਾਵੇ, ਰੀਤੀ-ਰਿਵਾਜ, ਪੰਜਾਬੀ ਸਭਿਆਚਾਰ, ਭਾਈਚਾਰਕ ਸਾਂਝ ਵਿਚ ਤਬਦੀਲੀ ਆਈ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ, 9878600221
(For more news apart from “Sarbala Ji punjabi tradition,” stay tuned to Rozana Spokesman.)