ਮਸਾਲਿਆਂ ਨਾਲ ਵੀ ਤੁਸੀਂ ਘਟਾ ਸਕਦੇ ਹੋ ਭਾਰ, ਕਰੋ ਇਸਤੇਮਾਲ
ਰਸੋਈ ਵਿਚ ਮੇਥੀ ਦਾਣਾ ਵੀ ਜ਼ਰੂਰ ਹੋਵੇਗਾ। ਇਸ ਦੇ ਸੇਵਨ ਨਾਲ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ : ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਅਪਣੀ ਖ਼ੁਰਾਕ ਵਿਚ ਕੁੱਝ ਸਿਹਤਮੰਦ ਮਸਾਲੇ ਅਤੇ ਜੜ੍ਹੀ-ਬੂਟੀਆਂ ਨੂੰ ਸ਼ਾਮਲ ਕਰਨਾ ਸ਼ੁਰੂ ਕਰੋ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪਰ ਜੋ ਮਸਾਲੇ ਸਾਡੇ ਖਾਣੇ ਨੂੰ ਜ਼ਾਇਕੇਦਾਰ ਬਣਾਉਂਦੇ ਹਨ ਉਹੀ ਮਸਾਲੇ ਸਾਡੀ ਸਿਹਤ ਲਈ ਫ਼ਾਇਦੇਮੰਦ ਵੀ ਹੁੰਦੇ ਹਨ। ਇਹ ਕੁਝ ਅਜਿਹੇ ਮਸਾਲੇ ਹਨ, ਜੋ ਤੁਹਾਡੀ ਰਸੋਈ ਵਿਚ ਆਸਾਨੀ ਨਾਲ ਮਿਲ ਜਾਣਗੇ। ਆਉ ਜਾਣਦੇ ਹਾਂ ਉਨ੍ਹਾਂ ਮਸਾਲਿਆਂ ਬਾਰੇ ਜਿਨ੍ਹਾਂ ਦੇ ਸੇਵਨ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ।
ਤੁਹਾਡੀ ਰਸੋਈ ਵਿਚ ਮੇਥੀ ਦਾਣਾ ਵੀ ਜ਼ਰੂਰ ਹੋਵੇਗਾ। ਇਸ ਦੇ ਸੇਵਨ ਨਾਲ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ। ਮੇਥੀ ਦਾਣਾ ਕਈ ਸਾਲਾਂ ਤੋਂ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਵਰਤਿਆ ਜਾ ਰਿਹਾ ਹੈ। ਗਰਭ ਅਵਸਥਾ ਦੌਰਾਨ ਮੇਥੀ ਦੇ ਬੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਰ ਘਟਾਉਣ ਲਈ ਤੁਸੀਂ ਮੇਥੀ ਦੇ ਪਾਊਡਰ ਨੂੰ ਸਬਜ਼ੀਆਂ, ਚਿਕਨ, ਸੂਪ ਆਦਿ ਵਿਚ ਮਿਲਾ ਕੇ ਖਾ ਸਕਦੇ ਹੋ।
ਜੇਕਰ ਤੁਸੀਂ ਅਦਰਕ ਦਾ ਸੇਵਨ ਕਰਦੇ ਹੋ ਤਾਂ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ। ਅਦਰਕ ਕਈ ਬੀਮਾਰੀਆਂ ਨੂੰ ਵੀ ਦੂਰ ਰਖਦਾ ਹੈ। ਅਦਰਕ ਦਾ ਕਾੜ੍ਹਾ, ਅਦਰਕ ਦੀ ਚਾਹ ਪੀਣ ਨਾਲ ਖੰਘ, ਜ਼ੁਕਾਮ, ਇਨਫ਼ੈਕਸ਼ਨ, ਉਲਟੀ, ਜੀਅ ਕੱਚਾ ਹੋਣਾ, ਪਾਚਨ ਸਬੰਧੀ ਸਮੱਸਿਆਵਾਂ ਵਿਚ ਰਾਹਤ ਮਿਲਦੀ ਹੈ। ਅਦਰਕ ਵਿਚ ਐਂਟੀਆਕਸੀਡੈਂਟ, ਕਈ ਤਰ੍ਹਾਂ ਦੇ ਵਿਟਾਮਿਨ, ਮੈਂਗਨੀਜ਼ ਆਦਿ ਮੌਜੂਦ ਹੁੰਦੇ ਹਨ, ਜੋ ਬੀਮਾਰੀਆਂ ਤੋਂ ਬਚਾਉਂਦੇ ਹਨ। ਅਦਰਕ ਦਾ ਜੂਸ ਪੀਣਾ, ਇਸ ਨੂੰ ਕੱਚਾ ਚਬਾ ਕੇ ਜਾਂ ਸਬਜ਼ੀਆਂ ਵਿਚ ਮਿਲਾ ਕੇ, ਕਾੜ੍ਹਾ ਬਣਾ ਕੇ ਅਤੇ ਨਿਯਮਿਤ ਤੌਰ ’ਤੇ ਇਸ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਵਿਚ ਸੁਧਾਰ ਹੋ ਸਕਦਾ ਹੈ ਤੇ ਮੈਟਾਬੋਲਿਜ਼ਮ ਵਿਚ ਸੁਧਾਰ ਹੋਣ ਨਾਲ ਭਾਰ ਘਟਦਾ ਹੈ।
ਦਾਲਚੀਨੀ ਦੀ ਵਰਤੋਂ ਜ਼ਿਆਦਾਤਰ ਮਾਸਾਹਾਰੀ ਵਸਤੂਆਂ ਵਿਚ ਕੀਤੀ ਜਾਂਦੀ ਹੈ ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਿਯਮਿਤ ਰੂਪ ਨਾਲ ਇਸ ਦੀ ਸੀਮਤ ਮਾਤਰਾ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ। ਇਸ ਵਿਚ ਕੱੁਝ ਅਜਿਹੇ ਤੱਤ ਹੁੰਦੇ ਹਨ, ਜੋ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਕੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦੇ ਹਨ। ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੌਂਗ ਅਤੇ ਇਸ ਤੋਂ ਤਿਆਰ ਕੀਤੇ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਇਹ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਲੌਂਗ ਕੈਲੇਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।