ਪਿੰਨ ਕੋਡ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪਿੰਨ ਕੋਡ ਸਿਸਟਮ ਦਾ ਉਦਘਾਟਨ 15 ਅਗੱਸਤ 1972 ਨੂੰ ਉਸ ਸਮੇਂ ਦੀ ਸਰਕਾਰ ਦੇ ਸੰਚਾਰ ਵਿਭਾਗ ਦੇ ਵਧੀਕ ਸਕੱਤਰ ਸ਼੍ਰੀਰਾਮ ਭੀਕਾਜੀ ਵੇਲਾਂਕਰ ਵਲੋਂ ਕੀਤਾ ਗਿਆ।

PIn Code

'ਪੋਸਟਲ ਇੰਡੈਕਸ ਨੰਬਰ', ਜਿਸ ਨੂੰ ਅਸੀਂ ਆਮ ਤੌਰ 'ਤੇ ਪਿੰਨ ਕੋਡ ਵੀ ਕਹਿੰਦੇ ਹਾਂ, ਡਾਕ ਵਿਭਾਗ ਵਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹ ਅਸੀਂ ਅਪਣੇ ਘਰਾਂ ਵਿਚ ਆਉਣ ਵਾਲੇ ਚਿੱਠੀ ਪੱਤਰਾਂ ਉੱਪਰ ਅਕਸਰ ਲਿਖਿਆ ਵੇਖਦੇ ਹਾਂ ਜੋ ਕਿ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ਮੰਜ਼ਿਲ ਤਕ ਪਹੁੰਚਾਉਣ 'ਚ ਅਸਾਨੀ ਹੁੰਦੀ ਹੈ।

ਪਿੰਨ ਕੋਡ ਸਿਸਟਮ ਦਾ ਉਦਘਾਟਨ 15 ਅਗੱਸਤ 1972 ਨੂੰ ਉਸ ਸਮੇਂ ਦੀ ਸਰਕਾਰ ਦੇ ਸੰਚਾਰ ਵਿਭਾਗ ਦੇ ਵਧੀਕ ਸਕੱਤਰ ਸ਼੍ਰੀਰਾਮ ਭੀਕਾਜੀ ਵੇਲਾਂਕਰ ਵਲੋਂ ਕੀਤਾ ਗਿਆ। ਇਸ ਨਾਲ ਚਿੱਠੀਆਂ ਨੂੰ ਗ਼ਲਤ  ਪਤੇ 'ਤੇ ਪਹੁੰਚਣ ਅਤੇ ਕਈ ਵਾਰ ਇਕੋ ਨਾਂ ਦੀਆਂ ਕਈ ਥਾਵਾਂ ਹੋਣ ਕਰ ਕੇ ਚਿੱਠੀ ਪਹੁੰਚਾਉਣ ਲਈ ਪੈਦਾ ਹੋਣ ਵਾਲੀ ਖੱਜਲ-ਖੁਆਰੀ ਬੰਦ ਹੋ ਗਈ ਕਿਉਂਕਿ ਹਰ ਇਕ ਇਲਾਕੇ ਦਾ ਵਖਰਾ ਪਿੰਨ ਕੋਡ ਹੁੰਦਾ ਹੈ।

ਪਿਨ ਇਕ ਖ਼ਾਸ ਕਿਸਮ ਦਾ ਛੇ ਅੰਕਾਂ ਦਾ ਨੰਬਰ ਹੁੰਦਾ ਹੈ ਜਿਸ ਦਾ ਹਰ ਇਕ ਅੰਕ ਇਕ ਖ਼ਾਸ ਖੇਤਰ ਲਈ ਨੀਅਤ ਕੀਤਾ ਹੋਇਆ ਹੈ। ਡਾਕ ਵਿਭਾਗ ਨੇ ਡਾਕ ਸਹੀ ਥਾਂ ਤਕ ਪਹੁੰਚਾਉਣ ਲਈ ਪੂਰੇ ਭਾਰਤ ਨੂੰ ਨੌ ਖੇਤਰਾਂ ਵਿਚ ਵੰਡਿਆ ਹੋਇਆ ਹੈ, ਜਿਸ ਵਿਚ ਅੱਠ ਖੇਤਰਾਂ ਵਿਚ ਭਾਰਤੀ ਰਾਜਾਂ ਨੂੰ ਵੰਡਿਆ ਗਿਆ ਹੈ ਤੇ ਨੌਵਾਂ ਖੇਤਰ ਫ਼ੌਜ ਲਈ ਹੈ। ਖੇਤਰ 1 ਵਿਚ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਆਉਂਦੇ ਹਨ।

ਖੇਤਰ 2 ਵਿਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ। ਖੇਤਰ 3 ਵਿਚ ਰਾਜਸਥਾਨ, ਗੁਜਰਾਤ, ਦਮਨ ਦਿਓ ਅਤੇ ਦਾਦਰਾ ਨਗਰ ਹਵੇਲੀ। ਖੇਤਰ 4 ਵਿਚ ਮਹਾਂਰਾਸ਼ਟਰ, ਗੋਆ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ, ਖੇਤਰ 5 ਵਿਚ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਖੇਤਰ 6 ਵਿਚ ਤਾਮਿਲਨਾਡੂ, ਕੇਰਲਾ, ਪੁਡੁਚੇਰੀ, ਲਕਸ਼ਦੀਪ, ਖੇਤਰ 7 ਵਿਚ ਪਛਮੀ ਬੰਗਾਲ, ਉੜੀਸਾ, ਅਰੁਣਾਂਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਅਸਾਮ ਅਤੇ ਸਿੱਕਿਮ, ਖੇਤਰ 8 ਵਿਚ ਬਿਹਾਰ ਅਤੇ ਝਾਰਖੰਡ ਸ਼ਾਮਲ ਹਨ।

ਪਿੰਨ ਕੋਡ ਦਾ ਪਹਿਲਾ ਅੰਕ ਖੇਤਰ ਵਲ ਇਸ਼ਾਰਾ ਕਰਦਾ ਹੈ ਜਿਵੇਂ ਕਿ ਪੰਜਾਬ ਇਕ ਨੰਬਰ ਜੋਨ ਵਿਚ ਹੈ। ਦੂਜਾ ਅੰਕ ਉਪ-ਖੇਤਰ ਵਲ ਇਸ਼ਾਰਾ ਕਰਦਾ ਹੈ। ਤੀਜਾ ਅੰਕ ਖੇਤਰ ਵਿਚੋਂ ਮੁੱਖ ਡਾਕਘਰ ਦਾ ਹੁੰਦਾ ਹੈ ਅਤੇ ਪਿਛਲੇ ਤਿੰਨ ਅੰਕ ਸਬੰਧਤ ਡਾਕਘਰ ਦਾ ਨੰਬਰ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਅੰਕਾਂ ਮੁਤਾਬਕ ਚਿੱਠੀ ਪੱਤਰਾਂ ਦੀ ਛਾਂਟੀ ਕਰ ਕੇ ਉਨ੍ਹਾਂ ਨੂੰ ਸੰਬੰਧਤ ਡਾਕਘਰਾਂ ਅਤੇ ਉੱਥੋਂ ਵਿਅਕਤੀਆਂ ਤਕ ਪਹੁੰਚਾ ਦਿਤਾ ਜਾਂਦਾ ਹੈ।
-ਹਰਮਿੰਦਰ ਸਿੰਘ ਕੈਂਥ
ਪਿੰਡ ਤੇ ਡਾਕ ਮਲੌਦ (ਲੁਧਿਆਣਾ)