ਕੀ ਤੁਸੀਂ ਜਾਣਦੇ ਹੋ, ਧਰਤੀ 'ਤੇ ਵੱਖੋ-ਵੱਖ ਮੌਸਮ ਕਿਉਂ ਹੁੰਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕਈ ਲੋਕ ਸੋਚਦੇ ਹਨ ਕਿ ਸਾਲ ਦੇ ਕਈ ਮਹੀਨੇ ਹੋਰਨਾਂ ਮਹੀਨਿਆਂ ਤੋਂ ਗਰਮ ਹੁੰਦੇ ਹਨ ਕਿਉਂਕਿ ਉਹ ਸੂਰਜ ਦੇ ਨੇੜੇ ਹੁੰਦੇ ਹਨ,

File Photo

ਕਈ ਲੋਕ ਸੋਚਦੇ ਹਨ ਕਿ ਸਾਲ ਦੇ ਕਈ ਮਹੀਨੇ ਹੋਰਨਾਂ ਮਹੀਨਿਆਂ ਤੋਂ ਗਰਮ ਹੁੰਦੇ ਹਨ ਕਿਉਂਕਿ ਉਹ ਸੂਰਜ ਦੇ ਨੇੜੇ ਹੁੰਦੇ ਹਨ, ਪਰ ਇਸ ਦਾ ਅਸਲ ਕਾਰਨ ਇਹ ਹੈ ਕਿ ਧਰਤੀ ਇਕ ਪਾਸੇ ਨੂੰ ਝੁਕੀ ਹੋਈ ਹੁੰਦੀ ਹੈ।  ਧਰਤੀ ਅਪਣੇ ਧੁਰੇ 'ਤੇ 23.5 ਡਿਗਰੀ ਝੁਕੀ ਹੋਈ ਹੈ। ਇਸ ਦਾ ਮਤਲਬ ਹੈ ਕਿ ਧਰਤੀ ਸੂਰਜ ਦਾ ਚੱਕਰ ਲਾਉਂਦੇ ਹੋਏ ਹਮੇਸ਼ਾ ਇਕ ਪਾਸੇ ਨੂੰ ਝੁਕੀ ਹੋਈ ਹੁੰਦੀ ਹੈ। ਇਸ ਲਈ ਕਈ ਵਾਰੀ ਧਰਤੀ ਦਾ ਧੁਰਾ ਉਸ ਪਾਸੇ ਝੁਕਿਆ ਹੁੰਦਾ ਹੈ ਜਿਸ ਪਾਸੇ ਸੂਰਜ ਹੁੰਦਾ ਹੈ

ਜਦਕਿ ਕਈ ਵਾਰੀ ਇਹ ਦੂਜੇ ਪਾਸੇ ਨੂੰ ਝੁਕਿਆ ਹੁੰਦਾ ਹੈ। ਇਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦਾ ਧਰਤੀ 'ਤੇ ਸਾਲ ਦੇ ਵੱਖੋ-ਵੱਖ ਸਮੇਂ 'ਤੇ ਪੈਣਾ ਹੀ ਵੱਖੋ-ਵੱਖ ਮੌਸਮਾਂ ਦਾ ਕਾਰਨ ਹੈ। ਧਰਤੀ ਦੇ ਇਕ ਪਾਸੇ ਝੁਕੇ ਹੋਏ ਹੋਣ ਕਾਰਨ ਛੇ ਮਹੀਨੇ ਇਸ ਦੇ ਇਕ ਪਾਸੇ ਸੂਰਜ ਦੀਆਂ ਸਿੱਧੀਆਂ ਪੈਂਦੀਆਂ ਹਨ (ਗਰਮੀ) ਜਦਕਿ ਦੂਜੇ ਪਾਸੇ ਇਹ ਛੇ ਤਿਰਛੀਆਂ (ਸਰਦੀ) ਪੈਂਦੀਆਂ ਹਨ। ਇਨ੍ਹਾਂ ਦੋਹਾਂ ਦੇ ਵਿਚਕਾਰਲੇ ਸਮੇਂ 'ਚ ਮੌਸਮ ਬਸੰਤ ਅਤੇ ਪਤਝੜ ਕਹਾਉਂਦਾ ਹੈ।

21 ਜੂਨ ਦਾ ਦਿਨ ਸੱਭ ਤੋਂ ਵੱਡਾ ਕਿਉਂ ਹੁੰਦਾ ਹੈ?
ਬੱਚਿਓ, ਇਕ ਸਾਲ ਵਿਚ 365 ਦਿਨ ਹੁੰਦੇ ਹਨ ਜਿਨ੍ਹਾਂ ਵਿਚੋਂ 21 ਜੂਨ ਦਾ ਦਿਨ ਸੱਭ ਤੋਂ ਵੱਡਾ ਹੁੰਦਾ ਹੈ। ਧਰਤੀ ਅਪਣੀ ਧੁਰੀ 'ਤੇ 23.4 ਡਿਗਰੀ ਝੁਕੀ  ਹੋਈ ਹੈ ਅਤੇ ਇਸੇ ਹਾਲਤ ਵਿਚ ਸੂਰਜ ਦੁਆਲੇ ਚੱਕਰ ਲਗਾ ਰਹੀ ਹੈ। ਜਿਸ ਕਰ ਕੇ ਸੂਰਜ ਦੀਆਂ ਕਿਰਨਾਂ ਕਿਸੇ ਸਥਾਨ 'ਤੇ ਅਧਿਕ ਸਮੇਂ ਤਕ ਅਤੇ ਕਿਸੇ ਸਥਾਨ 'ਤੇ ਘੱਟ ਸਮੇਂ ਤਕ ਪੈਂਦੀਆਂ ਹਨ। ਜਿਸ ਕਾਰਨ ਦਿਨ ਅਤੇ ਰਾਤ ਦੀ ਲੰਬਾਈ ਘਟਦੀ ਅਤੇ ਵਧਦੀ ਰਹਿੰਦੀ ਹੈ।

ਗਰਮੀਆਂ ਵਿਚ ਧਰਤੀ ਦਾ ਉਤਰੀ ਧਰੁਵ ਸੂਰਜ ਵਲ ਝੁਕਦਾ ਜਾਂਦਾ ਹੈ। ਪਰ 21 ਜੂਨ ਨੂੰ ਉਤਰੀ ਧਰੂਵ ਪੂਰੀ ਤਰ੍ਹਾਂ ਸੂਰਜ ਵਲ ਨੂੰ ਝੁਕ ਜਾਂਦਾ ਹੈ। ਸੂਰਜ ਕਰਕ ਰੇਖਾ ਦੇ ਬਿਲਕੁਲ ਉਪਰ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਲੰਮੇ ਸਮੇਂ ਤਕ ਧਰਤੀ 'ਤੇ ਪੈਂਦੀਆਂ ਹਨ, ਜਿਸ ਕਾਰਨ 21 ਜੂਨ ਦਾ ਦਿਨ ਸੱਭ ਤੋਂ ਵੱਡਾ ਹੁੰਦਾ ਹੈ। ਠੀਕ 12.28 ਵਜੇ ਸੂਰਜ ਕਰਕ ਰੇਖਾ ਦੇ ਲੰਬ 'ਤੇ ਹੁੰਦਾ ਹੈ ਜਿਸ ਕਾਰਨ ਪਛਾਈ ਵੀ ਵਿਖਾਈ ਨਹੀਂ ਦਿੰਦੀ। ਭਾਰਤ ਅਤੇ ਉਤਰੀ ਅਰਧ ਗੋਲੇ ਦੇ ਦੇਸ਼ਾਂ ਵਿਚ 21 ਜੂਨ ਦਾ ਦਿਨ ਸੱਭ ਤੋਂ ਵੱਡਾ ਹੁੰਦਾ ਹੈ। ਦੱਖਣੀ ਅਰਧ ਗੋਲੇ ਵਿਚ ਇਸ ਦੇ ਉਲਟ ਹੁੰਦਾ ਹੈ। ਇਹ ਚੱਕਰ ਵਾਰਸ਼ਿਕ ਹੁੰਦਾ ਹੈ।
- ਕਰਨੈਲ ਸਿੰਘ ਰਾਮਗੜ੍ਹ, ਸਾਇੰਸ ਮਾਸਟਰ, ਸੰਪਰਕ : 79864-99563